ਨਵੀਂ ਦਿੱਲੀ - ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਰਘਵੀਰ ਸਿੰਘ ਵੱਲੋਂ ਜੋ ਵੀ ਮੁੱਦੇ ਉਠਾਏ ਗਏ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਤੁਰੰਤ ਉਨ੍ਹਾ ਦੇ ਹੱਲ ਵਾਰੇ ਯੋਗ ਕਾਰਵਾਈ ਕਰਣੀ ਚਾਹੀਦੀ ਹੈ । ਬਹੁਤ ਲੰਬੇ ਸਮੇਂ ਤੋਂ ਬਹੁਤ ਸਾਰੀਆਂ ਸ਼ਿਕਾਇਤਾਂ ਆ ਰਹੀਆਂ ਹਨ ਜਿਨ੍ਹਾਂ ਬਾਰੇ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਯੋਗ ਕਾਰਵਾਈ ਨਹੀਂ ਕੀਤੀ ਗਈ ਜੋ ਕਿ ਸ਼੍ਰੋਮਣੀ ਕਮੇਟੀ ਬਾਰੇ ਬਹੁਤ ਹੀ ਸ਼ਰਮਨਾਕ ਹੈ । ਇੰਨ੍ਹਾ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਿੱਖ ਫੈਡਰੇਸ਼ਨ ਯੂਕੇ ਦੇ ਮੁੱਖ ਸੇਵਾਦਾਰ ਭਾਈ ਅਮਰੀਕ ਸਿੰਘ ਗਿੱਲ, ਬੀਪੀਓ ਭਾਈ ਦਬਿੰਦਰਜੀਤ ਸਿੰਘ ਅਤੇ ਹੋਰ ਫੈਡਰੇਸ਼ਨ ਦੇ ਹੋਰ ਆਗੂਆਂ ਨੇ ਕਿਹਾ ਅਯੋਗ ਵਿਅਕਤੀਆਂ ਨੂੰ ਵੱਡੇ ਅਹੁਦਿਆਂ ਤੇ ਲਗਾਇਆ ਗਿਆ ਹੈ । ਸਿੱਖ ਕੌਮ ਦੀਆਂ ਸ਼ੋਮਣੀ ਸੰਸਥਾਵਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸਿੱਖ ਕੌਮ ਦਾ ਭਰੋਸਾ ਖ਼ਤਮ ਹੋ ਚੁੱਕਾ ਹੈ ਇਸ ਭਰੋਸੇ ਨੂੰ ਦੁਬਾਰਾ ਬਰਕਰਾਰ ਰੱਖਣ ਲਈ ਤੁਹਾਨੂੰ ਤੁਰੰਤ ਕਿਸੇ ਰਿਟਾਇਰਡ ਜੱਜ ਦੀ ਅਗਵਾਈ ਵਾਲੀ ਨਿਰਪੱਖ ਜਾਂਚ ਕਮੇਟੀ ਬਣਾ ਕੇ ਸਾਰੇ ਮਸਲਿਆਂ ਦੀ ਪੜਤਾਲ ਕਰਵਾਉਣੀ ਚਾਹੀਦੀ ਹੈ । ਗਿਆਨੀ ਰਘਵੀਰ ਸਿੰਘ ਜੀ ਨੂੰ ਵੀ ਪਹਿਲਾਂ ਤੋਂ ਪਹਿਰੇਦਾਰੀ ਕਰਨੀ ਚਾਹੀਦੀ ਸੀ ਕਿਉਕਿ ਆਪ ਜੀ ਨੂੰ ਵਿਦੇਸ਼ ਵਿੱਚ ਵੱਸਦੇ ਸਿੱਖਾਂ ਨੇ ਵੀ ਬੇਨਤੀ ਕੀਤੀ ਸੀ ਪਰ ਤੁਸੀਂ ਉਸ ਸਮੇਂ ਤਕੜਾ ਸਟੈਂਡ ਨਹੀਂ ਲੈ ਸਕੇ ਹੁਣ ਜੋ ਗੱਲਬਾਤ ਕਰ ਰਹੇ ਹੋ ਉਸ ਵਕਤ ਕਰਨੀ ਚਾਹੀਦੀ ਸੀ । ਪਰ ਫਿਰ ਵੀ ਵਿਦੇਸ਼ ਵਿੱਚ ਵੱਸਦੇ ਸਿੱਖ ਹਮੇਸ਼ਾ ਉਨ੍ਹਾਂ ਸਿੰਘਾਂ ਨਾਲ ਡੱਟ ਕੇ ਖੜ੍ਹੇ ਹਨ ਜੋ ਸਿੱਖ ਕੌਮ ਦੀ ਭਲਾਈ ਲਈ ਕੰਮ ਕਰਦੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਵੱਲੋਂ ਵੀ ਬਹੁਤ ਮੁੱਦਿਆਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੁਆਲ ਕੀਤੇ ਗਏ ਹਨ ਪਰ ਕਿਸੇ ਸੁਆਲ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ । ਜਿਸ ਤਰੀਕੇ ਨਾਲ ਦਰਬਾਰ ਸਾਹਿਬ ਜੀ ਦੇ ਆਲੇ ਦੁਆਲੇ ਵੱਡੀਆਂ ਇਮਾਰਤਾਂ ਬਣਾਈਆਂ ਜਾ ਰਹੀਆਂ ਹਨ ਇਹ ਸਭ ਸ੍ਰੀ ਦਰਬਾਰ ਸਾਹਿਬ ਜੀ ਦੀ ਦਿੱਖ ਨੂੰ ਵਿਗਾੜਨ ਲਈ ਕੀਤਾ ਜਾ ਰਿਹਾ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਮਾਮਲੇ, ਸਿੱਖ ਇਤਿਹਾਸ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਵਾਲੀਆਂ ਪੁਸਤਕਾਂ ਜਾਰੀ ਕਰਨੀਆਂ, ਸਿੱਖਾਂ ਦੀਆਂ ਵਿਰਾਸਤੀ ਵਸਤੂਆਂ ਨੂੰ ਤਬਾਹ ਕਰਨਾ, ਗੁਰਦਵਾਰਾ ਸਾਹਿਬਾਨ ਦੀਆਂ ਸ਼ਰਧਾਲੂ ਸੰਗਤਾਂ ਵਲੋਂ ਦਾਨ ਕੀਤੀਆਂ ਜ਼ਮੀਨਾਂ ਨੂੰ ਵੇਚਣ ਦੇ ਘਪਲੇ ਅਤੇ ਆਏ ਦਿਨ ਸੰਗਤਾਂ ਦੇ ਚੜ੍ਹਾਵੇ ਦੀ ਦੁਰਵਰਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਆਮ ਹੀ ਹੋ ਗਿਆ ਹੈ। ਅਸੀਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੰਥਕ ਦੋਖੀਆਂ ਨੂੰ ਥੋਕ ਵਿੱਚ ਮੁਆਫ਼ੀਆਂ ਦੇ ਕੇ ਦੁਬਾਰਾ ਸਿੱਖ ਕੌਮ ਦੇ ਸਿਰ ਬਿਠਾਉਣ ਦੀ ਕਵਾਇਦ ਬੰਦ ਕਰਕੇ ਸਿੱਖ ਕੌਮ ਦੇ ਮੁੱਦਿਆਂ ਵੱਲ ਧਿਆਨ ਦਿਓ । ਆਪ ਸਿੱਖ ਇਤਿਹਾਸ ਨੂੰ ਭਲੀ ਭਾਂਤ ਜਾਣਦੇ ਹੋ ਕਿ ਸਰਕਾਰ ਵੱਲੋਂ ਬਣਾਈ ਗਈ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਇਮਾਰਤ ਸਿੱਖਾਂ ਵੱਲੋਂ ਪਰਵਾਨ ਨਹੀਂ ਸੀ ਕੀਤੀ ਗਈ ਸਿੱਖ ਸੰਗਤ ਨੇ ਦੁਬਾਰਾ ਆਪਣੀ ਕਿਰਤ ਕਮਾਈ ਦੇ ਪੈਸੇ ਨਾਲ ਉਸਾਰੀ ਸੀ । ਠੀਕ ਉਸੇ ਤਰ੍ਹਾਂ ਹੀ ਸਿੱਖ ਕੌਮ ਨਾਲ ਧ੍ਰੋਹ ਕਮਾਉਣ ਵਾਲੇ ਜਥੇਦਾਰ ਵੀ ਸਿੱਖ ਸੰਗਤਾਂ ਨੇ ਪ੍ਰਵਾਨ ਨਹੀਂ ਕਰਨੇ। ਸੰਗਤਾਂ ਵਿੱਚ ਬਹੁਤ ਭਾਰੀ ਰੋਸ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਨੀਤੀਆਂ ਬਾਰੇ ਹੈ । ਅਸੀਂ ਅਖੀਰ ਵਿੱਚ ਇਹ ਕਹਿਣਾ ਚਾਹੁੰਦੇ ਹਾਂ ਕਿ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਵੱਲੋਂ ਉਠਾਏ ਗਏ ਮਸਲਿਆਂ ਬਾਰੇ ਕਿਸੇ ਸੇਵਾ ਮੁਕਤ ਜੱਜ ਦੀ ਅਗਵਾਈ ਵਿੱਚ ਨਿਰਪੱਖ ਜਾਂਚ ਕਮੇਟੀ ਬਣਾ ਕੇ ਪੜਤਾਲ ਕਰਵਾਈ ਜਾਵੇ ।