ਨਵੀਂ ਦਿੱਲੀ - ਅੰਤਰਰਾਸ਼ਟਰੀ ਮੰਚਾਂ ਉਤੇ ਲੰਬੇ ਸਮੇਂ ਤੋਂ "ਕੂਟਨੀਤਕ ਦੁਭਾਸ਼ੀਏ" ਦੇ ਤੌਰ ਉਤੇ ਆਪਣੀ ਕਾਬਲੀਅਤ ਨੂੰ ਸਾਬਤ ਕਰਨ ਵਾਲੀ ਬੀਬੀ ਗੁਰਦੀਪ ਕੌਰ ਚਾਵਲਾ ਅੱਜ ਆਪਣੀ ਸਕੂਲੀ ਸਿੱਖਿਆ ਦੇ ਕੇਂਦਰ, ਗੁਰੂ ਨਾਨਕ ਪਬਲਿਕ ਸਕੂਲ, ਰਾਜੌਰੀ ਗਾਰਡਨ ਵਿਖੇ ਪੁੱਜੇ। ਸਕੂਲ ਦੇ ਵਿਦਿਆਰਥੀ ਤੋਂ ਕੂਟਨੀਤਕ ਚਰਚਾਵਾਂ 'ਚ ਵੱਡੇ ਰਾਸ਼ਟਰ ਪ੍ਰਮੁੱਖਾਂ ਦੇ 'ਦੁਭਾਸ਼ੀਏ' ਵਜੋਂ ਕਾਮਯਾਬ ਹੋਣ ਤੋਂ ਬਾਅਦ ਉਹ ਪਹਿਲੀ ਵਾਰ ਵਾਪਸ ਆਪਣੇ ਸਕੂਲ ਆਏ ਸਨ। ਫਿਲਹਾਲ ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਭਾਰਤ ਦੌਰੇ ਦੇ ਵਫ਼ਦ ਦਾ ਹਿੱਸਾ ਹਨ। ਸਕੂਲ ਦੇ ਵਿਦਿਆਰਥੀਆਂ, ਸਟਾਫ ਤੇ ਪ੍ਰਬੰਧਕਾਂ ਵੱਲੋਂ ਆਪਣੀ ਸਾਬਕਾ ਵਿਦਿਆਰਥੀ ਵੱਲੋਂ ਗਲੋਬਲ ਮੱਲਾਂ ਮਾਰਨ ਉਤੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਬੀਬੀ ਗੁਰਦੀਪ ਕੌਰ ਚਾਵਲਾ ਦੇ ਗਲੋਬਲ ਲੀਡਰਾਂ ਨਾਲ ਤਸਵੀਰਾਂ ਵਾਲੇ ਵੱਡੇ ਸਵਾਗਤੀ ਬੈਨਰ ਸਕੂਲ ਬਿਲਡਿੰਗ ਉਤੇ ਲਾਏ ਗਏ ਸਨ। ਸਕੂਲ ਬੈਂਡ ਨੇ ਉਨ੍ਹਾਂ ਨੂੰ ਜੀ ਆਇਆਂ ਕਿਹਾ। ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਕਾਨਫਰੰਸ ਹਾਲ ਵਿਖੇ ਸਵਾਗਤੀ ਸਮਾਰੋਹ ਦੀ ਸ਼ੁਰੂਆਤ ਮੂਲ ਮੰਤਰ ਦੇ ਜਾਪ ਅਤੇ ਗੁਰਬਾਣੀ ਕੀਰਤਨ ਨਾਲ ਕੀਤੀ ਗਈ।
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਰਾਜੌਰੀ ਗਾਰਡਨ ਦੇ ਪ੍ਰਧਾਨ ਹਰਮਨਜੀਤ ਸਿੰਘ, ਸਕੂਲ ਮੈਨੇਜਰ ਜਗਜੀਤ ਸਿੰਘ, ਪ੍ਰਿੰਸੀਪਲ ਮਨਪ੍ਰੀਤ ਕੌਰ ਅਤੇ ਕਾਨੂੰਨੀ ਸਲਾਹਕਾਰ ਡਾਕਟਰ ਪਰਮਿੰਦਰ ਪਾਲ ਸਿੰਘ ਨੇ ਬੀਬੀ ਗੁਰਦੀਪ ਕੌਰ ਚਾਵਲਾ ਨੂੰ ਸਨਮਾਨਿਤ ਕੀਤਾ। ਬੀਬੀ ਗੁਰਦੀਪ ਕੌਰ ਚਾਵਲਾ ਨੇ ਆਪਣੇ ਸੰਬੋਧਨ ਦੌਰਾਨ ਆਪਣੇ ਸਕੂਲ ਦਿਨਾਂ ਨੂੰ ਚੇਤਾ ਕਰਦਿਆਂ ਆਪਣੀ ਕਾਮਯਾਬੀ ਦਾ ਸਿਹਰਾ ਦੁਨਿਆਵੀ ਪੜ੍ਹਾਈ, ਮਾਪਿਆਂ ਦੀ ਮਿਹਨਤ, ਗੁਰਬਾਣੀ ਦੀ ਬਖਸ਼ਿਸ਼ ਅਤੇ ਕੁਝ ਕਰ ਗੁਜ਼ਰਨ ਦੇ ਜਨੂੰਨ ਨੂੰ ਦਿੱਤਾ। ਬੀਬੀ ਗੁਰਦੀਪ ਕੌਰ ਚਾਵਲਾ ਨੇ
ਦਾਅਵਾ ਕੀਤਾ ਕਿ ਅੰਮ੍ਰਿਤ ਛੱਕਣ ਤੋਂ ਬਾਅਦ ਉਨ੍ਹਾਂ ਦੇ ਜੀਵਨ 'ਚ ਕਾਮਯਾਬੀ ਦੀ ਝੜੀ ਲੱਗੀ ਹੈ। ਅਮਰੀਕਾ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਣੇ ਘਰ ਪ੍ਰਕਾਸ਼ ਹੋਣ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਬਚਪਨ 'ਚ ਮਾਪਿਆਂ ਵੱਲੋਂ ਨਿਤਨੇਮ ਨਾਲ ਜੋੜਣ ਅਤੇ ਸਕੂਲ 'ਚ ਗੁਰਮੁਖੀ ਤੇ ਧਾਰਮਿਕ ਸਿੱਖਿਆ ਮਿਲਨਾ ਉਨ੍ਹਾਂ ਦੇ ਬਹੁਤ ਕੰਮ ਆਇਆ। ਸੰਯੁਕਤ ਰਾਸ਼ਟਰ ਸੰਘ ਤੋਂ ਲੈਕੇ ਗਲੋਬਲ ਲੀਡਰਾਂ ਦੀਆਂ ਕੂਟਨੀਤਕ ਵਾਰਤਾਲਾਪਾਂ ਦੌਰਾਨ ਉਨ੍ਹਾਂ ਦੀ ਅਵਾਜ਼ ਬਣ ਕੇ ਦਰੁਸਤ ਭਾਸ਼ਾਈ ਤਰਜੁਮਾ ਕਰਨਾ ਬੇਹੱਦ ਚੁਣੌਤੀਪੂਰਨ ਪਰ ਲਾਜਵਾਬ ਕੰਮ ਹੈ। ਮੇਰਾ ਪਿਤਾ ਦੀ ਇਹ ਦਿਲੋਂ ਇੱਛਾ ਸੀ ਕਿ ਮੈਂ ਸੰਯੁਕਤ ਰਾਸ਼ਟਰ ਸੰਘ ਵਿਖੇ ਮਾਹਿਰ ਦੁਭਾਸ਼ੀਏ ਵਜੋਂ ਅਨੁਵਾਦ ਕਰਦਾ ਤੇ ਜਦੋਂ ਮੈਂ ਪਹਿਲੀ ਵਾਰ ਸੰਯੁਕਤ ਰਾਸ਼ਟਰ ਸੰਘ ਵਿਖੇ ਇਹ ਕਾਰਜ਼ ਕੀਤਾ ਤਾਂ ਮੇਰੇ ਪਿਤਾ ਬਹੁਤ ਖੁਸ਼ ਹੋਏ ਸਨ। ਇਸ ਮੌਕੇ ਸਕੂਲ ਦੇ ਚੁਨਿੰਦਾ ਬੱਚਿਆਂ ਨੇ ਉਨ੍ਹਾਂ ਦੀ ਜੀਵਨ ਦੇ ਸਫ਼ਰ ਨੂੰ ਲੈਕੇ ਕੁਝ ਸਵਾਲ ਪੁੱਛੇ। ਜਿਸ ਦਾ ਉਨ੍ਹਾਂ ਨੇ ਵਿਸਤਾਰ ਨਾਲ ਜਵਾਬ ਦਿੱਤਾ। ਸਕੂਲ ਦੇ ਸਾਬਕਾ ਵਿਦਿਆਰਥੀ ਤੇ ਸੀਨੀਅਰ ਪੱਤਰਕਾਰ ਹਰਮੀਤ ਸ਼ਾਹ ਸਿੰਘ ਨੇ ਸਕੂਲ ਦੇ ਮੋਜੂਦਾ ਵਿਦਿਆਰਥੀਆਂ ਦੇ ਬੌਧਿਕ ਕੋਸ਼ਲ ਦੀ ਸ਼ਲਾਘਾ ਕਰਦਿਆਂ ਇਸ ਲਈ ਸਟਾਫ ਤੇ ਪ੍ਰਬੰਧਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਐਡਵੋਕੇਟ ਜਪਨੀਤ ਕੌਰ ਸਣੇ ਬੀਬੀ ਗੁਰਦੀਪ ਕੌਰ ਚਾਵਲਾ ਦੀ ਭੈਣ, ਭਰਾ ਤੇ ਭਰਜਾਈ ਵੀ ਮੌਜੂਦ ਸਨ।