ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਲੇ ਮਹੱਲੇ ਦਾ ਪਵਿੱਤਰ ਦਿਹਾੜਾ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮੁੱਖ ਸਮਾਗਮ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਹੋਇਆ ਜਿਥੇ ਗੁਰਮਤਿ ਦੀਵਾਨ ਸਜਾਏ ਗਏ ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ। ਇਸ ਮੌਕੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਪੰਥ ਨੂੰ ਗੱਤਕਾ ਖੇਡ ਕੇ ਹੋਲਾ ਮਹੱਲਾ ਮਨਾਉਣ ਦੇ ਹੁਕਮ ਦਿੱਤੇ ਸਨ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦੇ ਇਹਨਾਂ ਹੁਕਮਾਂ ਦਾ ਮਕਸਦ ਸੀ ਕਿ ਸਾਡੀ ਨਵੀਂ ਪੀੜੀ ਨੂੰ ਮਾਰਸ਼ਲ ਕੌਮ ਬਣਾਉਣਾ ਅਤੇ ਸਸ਼ਤਰ ਵਿਦਿਆ ਦੀ ਸਿੱਖਲਾਈ ਦੇਣੀ ਤਾਂ ਜੋ ਨੌਜਵਾਨ ਸਾਡੇ ਯੋਧੇ ਬਣ ਸਕਣ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਹੀ ਦਿੱਲੀ ਗੁਰਦੁਆਰਾ ਕਮੇਟੀ ਹਰ ਸਾਲ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਇਸ ਹੋਲੇ ਮਹੱਲੇ ’ਤੇ ਸਮਾਗਮ ਕਰਵਾਉਂਦੀ ਹੈ ਤਾਂ ਜੋ ਸਾਡੀ ਨੌਜਵਾਨ ਪੀੜੀ ਨੂੰ ਗੁਰਸਿੱਖੀ ਜੀਵਨ ਜਾਚ ਨਾਲ ਜੋੜਿਆ ਜਾ ਸਕੇ। ਉਹਨਾਂ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਨੌਜਵਾਨ ਪੀੜੀ ਨੂੰ ਆਪਣੇ ਵਿਰਸੇ ਨਾਲ ਜੋੜਨ ਦੇ ਵੱਖ-ਵੱਖ ਸਮਾਗਮ ਕਰਵਾਏ ਜਾਂਦੇ ਹਨ ਤੇ ਉਪਰਾਲੇ ਕੀਤੇ ਜਾਂਦੇ ਹਨ। ਉਹਨਾਂ ਕਿਹਾ ਕਿ ਇਹਨਾਂ ਸਮਾਗਮਾਂ ਦੀ ਲੜੀ ਤਹਿਤ ਅਸੀਂ ਹਰ ਸਾਲ ਦਿੱਲੀ ਫਤਿਹ ਦਿਵਸ ਲਾਲ ਕਿਲ੍ਹੇ ’ਤੇ ਮਨਾਉਂਦੇ ਹਾਂ।ਉਹਨਾਂ ਕਿਹਾ ਕਿ ਇਸ ਸਾਲ 28 ਅਤੇ 29 ਮਾਰਚ ਨੂੰ ਲਾਲ ਕਿਲ੍ਹੇ ’ਤੇ ਦਿੱਲੀ ਫਤਿਹ ਦਿਵਸ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਅਸੀਂ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆ ਤੇ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੀ ਮਹਾਨਤਾ, ਉਹਨਾਂ ਦੀ ਜਰਨੈਲੀ ਸੋਚ ਤੇ ਬਹਾਦਰੀ ਦੇ ਕਿੱਸਿਆਂ ਤੋਂ ਆਪਣੀ ਨੌਜਵਾਨ ਪੀੜੀ ਨੂੰ ਜਾਣੂ ਕਰਵਾਵਾਂਗੇ। ਉਹਨਾਂ ਕਿਹਾ ਕਿ ਇਸੇ ਤਰੀਕੇ ਦਿੱਲੀ ਕਮੇਟੀ ਨੇ ਇਕ ਯੋਜਨਾਬੰਦੀ ਕੀਤੀ ਹੈ ਜਿਸ ਤਹਿਤ 14 ਮਾਰਚ ਨੂੰ ਸੰਗਰਾਂਦ ਦੇ ਦਿਹਾੜੇ ਤੋਂ ਸ਼ੁਰੂ ਹੋ ਕੇ ਸਾਰਾ ਵਿਸਾਖੀ ਦਾ ਮਹੀਨਾ ਦਿੱਲੀ ਦੇ ਵੱਖ-ਵੱਖ ਗੁਰੂ ਘਰਾਂ ਵਿਚ ਗੁਰਮਤਿ ਸਮਾਗਮ ਕਰਵਾਏ ਜਾਣਗੇ ਅਤੇ ਅੰਮ੍ਰਿਤ ਸੰਚਾਰ ਸਮਾਗਮ ਕਰਵਾਏ ਜਾਣਗੇ।ਉਹਨਾਂ ਕਿਹਾ ਕਿ ਇਸੇ ਤਰੀਕੇ ਅਸੀਂ ਨਵੰਬਰ ਮਹੀਨੇ ਵਿਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ ਵਰ੍ਹੇ ਦੀ ਸਮਾਪਤੀ ਸਮਾਗਮ ਕਰਾਂਗੇ।