ਪੰਜਾਬ

ਸਰੀ ਦੀ ਮੇਅਰ ਬਰਿੰਡਾ ਲੌਕ ਵੱਲੋਂ ਪੰਜਾਬੀ ਪ੍ਰੈੱਸ ਕਲੱਬ ਨਾਲ ਅਹਿਮ ਮੀਟਿੰਗ; ਫਿਰੌਤੀਆਂ ਤੇ ਸੁਰੱਖਿਆ ਮੁੱਦਿਆਂ 'ਤੇ ਖੁੱਲ੍ਹ ਕੇ ਹੋਈ ਵਿਚਾਰ ਚਰਚਾ

ਹਰਦਮ ਮਾਨ/ ਕੌਮੀ ਮਾਰਗ ਬਿਊਰੋ | March 06, 2026 07:08 PM

ਸਰੀ-ਸਰੀ ਦੀ ਮੇਅਰ ਬਰਿੰਡਾ ਲੌਕ ਵੱਲੋਂ 'ਪੰਜਾਬੀ ਪ੍ਰੈੱਸ ਕਲੱਬ ਆਫ਼ ਬੀ.ਸੀ.' ਦੇ ਨੁਮਾਇੰਦਿਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿੱਚ ਸ਼ਹਿਰ ਦੀ ਸੁਰੱਖਿਆ, ਵਧ ਰਹੀਆਂ ਫਿਰੌਤੀਆਂ ਅਤੇ ਆਗਾਮੀ ਨਗਰ ਕੀਰਤਨ ਦੇ ਪ੍ਰਬੰਧਾਂ ਵਰਗੇ ਅਹਿਮ ਮੁੱਦਿਆਂ 'ਤੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਦੇ ਆਰੰਭ ਵਿੱਚ ਮੇਅਰ ਨੇ ਸਮੂਹ ਭਾਈਚਾਰੇ ਨੂੰ ਹੋਲੀ ਅਤੇ ਹੋਲੇ ਮਹੱਲੇ ਦੇ ਤਿਉਹਾਰ ਦੀ ਮੁਬਾਰਕਬਾਦ ਦਿੱਤੀ। ਉਨ੍ਹਾਂ 18 ਅਪ੍ਰੈਲ ਨੂੰ ਸਰੀ ਵਿੱਚ ਸਜਾਏ ਜਾ ਰਹੇ ਖਾਲਸਾ ਦਿਹਾੜੇ ਦੇ ਨਗਰ ਕੀਰਤਨ ਦੌਰਾਨ ਸੁਰੱਖਿਆ ਯਕੀਨੀ ਬਣਾਉਣ ਅਤੇ ਸੁਚਾਰੂ ਪ੍ਰਬੰਧਾਂ ਲਈ ਵਿਸ਼ੇਸ਼ ਚਰਚਾ ਕੀਤੀ। ਇਸ ਪ੍ਰੈੱਸ ਕਾਨਫਰੰਸ ਦੌਰਾਨ ਮੇਅਰ ਨੇ ਆਉਣ ਵਾਲੀਆਂ ਚੋਣਾਂ ਵਿੱਚ ਮੁੜ ਮੇਅਰ ਵਜੋਂ ਚੋਣ ਲੜਨ ਦਾ ਅਧਿਕਾਰਤ ਐਲਾਨ ਵੀ ਕੀਤਾ।

ਸ਼ਹਿਰ ਵਿੱਚ ਫਿਰੌਤੀਆਂ ਦੇ ਗੰਭੀਰ ਮਸਲਿਆਂ 'ਤੇ ਗੱਲਬਾਤ ਕਰਦਿਆਂ ਮੇਅਰ ਨੇ ਕਿਹਾ ਕਿ ਉਹ ਕੇਂਦਰ ਅਤੇ ਸੂਬਾ ਸਰਕਾਰ ਤੋਂ ਵਾਧੂ ਫੰਡਿੰਗ ਦੀ ਮੰਗ ਕਰ ਰਹੇ ਹਨ। ਉਨ੍ਹਾਂ ਇਨ੍ਹਾਂ ਘਟਨਾਵਾਂ ਨੂੰ ਸਿਰਫ਼ ਸ਼ਹਿਰ ਜਾਂ ਸੂਬੇ ਤੱਕ ਸੀਮਤ ਨਾ ਮੰਨਦੇ ਹੋਏ 'ਟਰਾਂਸ ਨੈਸ਼ਨਲ ਕ੍ਰਾਈਮ' (ਅੰਤਰਰਾਸ਼ਟਰੀ ਅਪਰਾਧ) ਵਜੋਂ ਵੇਖਣ ਦੀ ਗੱਲ ਕਹੀ। ਮੇਅਰ ਨੇ ਬੜੀ ਬੇਬਾਕੀ ਨਾਲ ਕਿਹਾ ਕਿ ਫਿਰੌਤੀਆਂ, ਲੁੱਟਾਂ-ਖੋਹਾਂ ਅਤੇ ਕਤਲਾਂ ਦੇ ਗੰਭੀਰ ਜੁਰਮਾਂ ਦੇ ਬਾਵਜੂਦ ਸਰੀ ਨੂੰ ਅੱਖੋਂ-ਪਰੋਖੇ ਕੀਤਾ ਗਿਆ ਹੈ। ਉਨ੍ਹਾਂ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਅਜਿਹੀ ਸਥਿਤੀ ਓਟਵਾ, ਵੈਨਕੂਵਰ ਜਾਂ ਕਿਸੇ ਹੋਰ ਵੱਡੇ ਸ਼ਹਿਰ ਵਿੱਚ ਹੁੰਦੀ, ਤਾਂ ਸਰਕਾਰਾਂ ਦਾ ਰਵੱਈਆ ਬਿਲਕੁਲ ਵੱਖਰਾ ਹੋਣਾ ਸੀ।

ਇਸ ਤੋਂ ਇਲਾਵਾ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ, ਮਨਿੰਦਰ ਸਿੰਘ ਬੋਇਲ ਨੂੰ ਜਾਨੀ ਖ਼ਤਰੇ ਅਤੇ ਸੁਰੱਖਿਆ ਨਾਲ ਜੁੜੇ ਹੋਰ ਮਾਮਲਿਆਂ ਬਾਰੇ ਪੰਜਾਬੀ ਪ੍ਰੈੱਸ ਕਲੱਬ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ ਗਈ। ਮੇਅਰ ਨੇ ਭਾਰਤ ਸਰਕਾਰ ਦੇ ਉਸ ਅਧਿਕਾਰੀ ਦੇ ਦਾਅਵੇ ਨਾਲ ਅਸਹਿਮਤੀ ਪ੍ਰਗਟਾਈ ਅਤੇ ਉਸ ਨੂੰ ਰੱਦ ਕਰ ਦਿੱਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ਕੈਨੇਡਾ ਵਿੱਚ ਹਿੰਸਕ ਅਤੇ ਮੁਜਰਮਾਨਾ ਗਤੀਵਿਧੀਆਂ ਵਿੱਚ ਭਾਰਤ ਦੀ ਕੋਈ ਭੂਮਿਕਾ ਨਹੀਂ ਹੈ।

ਇਸ ਮੌਕੇ ਮੇਅਰ ਬਰਿੰਡਾ ਲੌਕ ਤੋਂ ਇਲਾਵਾ ਸਿਟੀ ਕੌਂਸਲਰ, ਸੰਚਾਰ ਵਿਭਾਗ ਦੇ ਅਧਿਕਾਰੀ ਅਤੇ ਪ੍ਰਭਜੋਤ ਕੌਰ ਕਾਹਲੋਂ ਸਮੇਤ ਕਈ ਨੁਮਾਇੰਦੇ ਸ਼ਾਮਿਲ ਸਨ। ਪੰਜਾਬੀ ਪ੍ਰੈੱਸ ਕਲੱਬ ਵੱਲੋਂ ਵੱਖ-ਵੱਖ ਰੇਡੀਓ, ਟੈਲੀਵਿਜ਼ਨ ਅਤੇ ਅਖ਼ਬਾਰੀ ਅਦਾਰਿਆਂ ਦੇ ਨੁਮਾਇੰਦੇ ਬਲਦੇਵ ਸਿੰਘ ਮਾਨ, ਬਲਵੀਰ ਕੌਰ ਢਿੱਲੋਂ, ਗੁਰਸੇਵ ਸਿੰਘ ਪੰਧੇਰ, ਸੀ.ਜੇ. ਸਿੱਧੂ, ਗੁਰਬਾਜ ਸਿੰਘ ਬਰਾੜ, ਪਰਨੀਤ ਕਾਮਰਾ ਅਤੇ ਸੰਤੋਖ ਸਿੰਘ ਮੰਡੇਰ ਆਦਿ ਹਾਜ਼ਰ ਹੋਏ। ਮੀਟਿੰਗ ਦਾ ਸੰਚਾਲਨ ਪੰਜਾਬੀ ਪ੍ਰੈੱਸ ਕਲੱਬ ਦੇ ਸਕੱਤਰ ਅਮਰਪਾਲ ਸਿੰਘ ਵੱਲੋਂ ਕੀਤਾ ਗਿਆ ਅਤੇ ਅਖੀਰ ਵਿੱਚ ਕਲੱਬ ਦੇ ਪ੍ਰਧਾਨ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਇਸ ਪ੍ਰੈੱਸ ਕਾਨਫਰੰਸ ਲਈ ਸਿਟੀ ਆਫ਼ ਸਰੀ ਦੀ ਮੇਅਰ ਅਤੇ ਸਮੁੱਚੇ ਸਟਾਫ਼ ਦਾ ਧੰਨਵਾਦ ਕੀਤਾ।

Have something to say? Post your comment

 
 
 
 

ਪੰਜਾਬ

ਕਾਂਗਰਸ ਵੱਲੋਂ ਪੰਜਾਬ ਦੇ ਰਾਜਪਾਲ ਦੇ ਭਾਸ਼ਣ ਦਾ ਬਾਈਕਾਟ ਸਦਨ ਦਾ ਅਪਮਾਨ: 'ਆਪ' ਸਰਕਾਰ

ਪੰਜਾਬ ਕਾਂਗਰਸ ਵੱਲੋਂ ਔਰਤਾਂ ਲਈ '1,000 ਰੁਪਏ ਦਾ ਵਾਅਦਾ' ਪੂਰਾ ਨਾ ਹੋਣ 'ਤੇ ਰੋਸ ਪ੍ਰਦਰਸ਼ਨ

ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦੀਆਂ ਟਿੱਪਣੀਆਂ ਦੇ ਵਿਰੋਧ ਵਿੱਚ ‘ਬੈਂਡ ਵਾਜੇ’ ਨਾਲ ਪੰਜਾਬ ਵਿਧਾਨ ਸਭਾ ਪਹੁੰਚੇ ‘ਆਪ’ ਆਗੂ

ਪੰਜਾਬ ਦੇ ਘਰੇਲੂ, ਵਪਾਰਕ ਅਤੇ ਉਦਯੋਗਿਕ ਖਪਤਕਾਰਾਂ ਲਈ ਬਿਜਲੀ ਦਰਾਂ ਵਿੱਚ ਕਟੌਤੀ

ਖ਼ਾਲਸਾ ਕਾਲਜ ਲਾਅ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ

ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਵਜ਼ਾਰਤ ਵੱਲੋਂ ਸਾਲ 2026-27 ਲਈ ਬਜਟ ਅਨੁਮਾਨਾਂ ਨੂੰ ਪ੍ਰਵਾਨਗੀ

ਸ਼੍ਰੋਮਣੀ ਕਮੇਟੀ ਦੇ ਇਕ ਉੱਚ ਅਧਿਕਾਰੀ ਦੇ ਕ੍ਰਿਦਾਰ ਤੇ ਪ੍ਰਸ਼ਨ ਚਿੰਨ ਲਗਾਉਦਾ ਪੱਤਰ ਚਰਚਾ ਦਾ ਬਣਿਆ ਵਿਸ਼ਾ

ਬਾਬਾ ਬਲਬੀਰ ਸਿੰਘ ਵੱਲੋਂ ਹੋਲਾ ਮਹੱਲਾ ਸਮਾਗਮਾਂ ਦੀ ਸੰਪੂਰਨਤਾ ’ਤੇ ਸਮੂਹ ਜਥੇਬੰਦੀਆਂ ਤੇ ਸੰਗਤਾਂ ਦਾ ਧੰਨਵਾਦ

ਮਾਨ ਸਰਕਾਰ ਦਾ ‘ਮਹਿਲਾ ਉੱਦਮੀ ਸਨਮਾਨ ਪ੍ਰੋਗਰਾਮ’ ਮਹਿਲਾ ਸਸ਼ਕਤੀਕਰਨ ਲਈ ਇੱਕ ਵਿਲੱਖਣ ਪਹਿਲਕਦਮੀ

ਸ਼ਹੀਦ ਭਾਈ ਤਾਰਾ ਸਿੰਘ ਵਾਂ ਦੇ ਸ਼ਹੀਦੀ ਦਿਹਾੜੇ ਦੀ 300 ਸਾਲਾ ਸ਼ਤਾਬਦੀ: 9 ਮਾਰਚ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰੰਭ ਹੋਵੇਗਾ ਖ਼ਾਲਸਈ ਮਾਰਚ