ਨਵੀਂ ਦਿੱਲੀ- ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸੰਜੈ ਮਲਹੋਤਰਾ ਤਖ਼ਤ ਪਟਨਾ ਸਾਹਿਬ ਨਤਮਸਤਕ ਹੋਏ। ਤਖ਼ਤ ਸਾਹਿਬ ਦੇ ਗ੍ਰੰਥੀ ਜਸਵੰਤ ਸਿੰਘ ਵੱਲੋਂ ਉਨ੍ਹਾਂ ਨੂੰ ਸਿਰੋਪਾ ਭੇਟ ਕੀਤਾ ਗਿਆ। ਇਸ ਮੌਕੇ ਤੇ ਤਖ਼ਤ ਪਟਨਾ ਸਾਹਿਬ ਕਮੇਟੀ ਦੇ ਉਪ ਪ੍ਰਧਾਨ ਗੁਰਵਿੰਦਰ ਸਿੰਘ, ਮੀਡੀਆ ਪ੍ਰਭਾਰੀ ਸੁਦੀਪ ਸਿੰਘ, ਹਰਕੀਰਤ ਸਿੰਘ ਸੋਹੀ, ਸੁਪਰਿੰਟੈਂਡੈਂਟ ਦਲਜੀਤ ਸਿੰਘ, ਮੈਨੇਜਰ ਹਰਜੀਤ ਸਿੰਘ ਅਤੇ ਅਕਾਊਂਟ ਮੈਨੇਜਰ ਦਵਿੰਦਰ ਸਿੰਘ ਵੱਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ। ਤਖ਼ਤ ਸਾਹਿਬ ਵੱਲੋਂ ਹਰ ਮਹੀਨੇ ਪ੍ਰਕਾਸ਼ਿਤ ਹੋਣ ਵਾਲੀ ਗੋਬਿੰਦ ਪ੍ਰਕਾਸ਼ ਮੈਗਜ਼ੀਨ ਦੇ ਮਾਰਚ ਮਹੀਨੇ ਦੀ ਕਾਪੀ ਦਾ ਵਿਮੋਚਨ ਵੀ ਗਵਰਨਰ ਸਾਹਿਬ ਵੱਲੋਂ ਕੀਤਾ ਗਿਆ। ਗੋਬਿੰਦ ਪ੍ਰਕਾਸ਼ ਮੈਗਜ਼ੀਨ ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਕੀਤੀ ਜਾਂਦੀ ਹੈ ਅਤੇ ਇਸਨੂੰ ਮੁਫ਼ਤ ਵੰਡਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਕਮੇਟੀ ਦਾ ਮਕਸਦ ਮੈਗਜ਼ੀਨ ਕੱਢਣ ਦਾ ਇਹ ਹੈ ਕਿ ਇਸ ਰਾਹੀਂ ਦੇਸ਼-ਵਿਦੇਸ਼ ਵਿੱਚ ਬੈਠੀ ਸੰਗਤ ਨੂੰ ਤਖ਼ਤ ਸਾਹਿਬ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਦੀ ਜਾਣਕਾਰੀ ਮਿਲ ਸਕੇ ਅਤੇ ਇਸ ਵਿੱਚ ਪ੍ਰਕਾਸ਼ਿਤ ਧਾਰਮਿਕ ਲੇਖਾਂ ਰਾਹੀਂ ਸੰਗਤ, ਖ਼ਾਸ ਕਰਕੇ ਨੌਜਵਾਨ ਵਰਗ ਨੂੰ ਗੁਰੂ ਇਤਿਹਾਸ ਅਤੇ ਧਰਮ ਬਾਰੇ ਜਾਣਕਾਰੀ ਪ੍ਰਾਪਤ ਹੋਵੇ। ਗੁਰਵਿੰਦਰ ਸਿੰਘ ਨੇ ਦੱਸਿਆ ਕਿ ਗਵਰਨਰ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਜੋੜਾ ਸਾਹਿਬ ਦੇ ਦਰਸ਼ਨ ਵੀ ਕਰਵਾਏ ਗਏ। ਗਵਰਨਰ ਸੰਜੈ ਮਲਹੋਤਰਾ ਨੇ ਕਿਹਾ ਕਿ ਉਨ੍ਹਾਂ ਦੀ ਕਾਫੀ ਸਮੇਂ ਤੋਂ ਇੱਛਾ ਸੀ ਕਿ ਗੁਰੂ ਮਹਾਰਾਜ ਦੇ ਜਨਮ ਸਥਾਨ ਤਖ਼ਤ ਪਟਨਾ ਸਾਹਿਬ ਦੇ ਦਰਸ਼ਨ ਕਰਨ ਅਤੇ ਅੱਜ ਉਹ ਪੂਰੀ ਹੋਈ, ਜਿਸ ਲਈ ਉਹ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦੇ ਹਨ।