ਸ੍ਰੀ ਅੰਮ੍ਰਿਤਸਰ ਸਾਹਿਬ-ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਡੀਐਮ ਗਗਨਦੀਪ ਸਿੰਘ ਰੰਧਾਵਾ ਕੇਸ ਵਿਚ ਪੁਲਿਸ ਦੀ ਹੁਣ ਤੱਕ ਦੀ ਕਾਰਗੁਜਾਰੀ ਨੇ ਮੁੜ ਪ੍ਰਮਾਣਿਤ ਕਰ ਦਿੱਤਾ ਹੈ ਕਿ ਸਰਕਾਰ ਦੀ ਇੱਛਾਂ ਇਸ ਕੇਸ ਨੂੰ ਲਮਕਾ ਕੇ ਕਮਜੋਰ ਕਰਨਾ ਹੈ। ਇਸ ਲਈ ਭਾਜਪਾ ਨਿਆਂ ਦੀ ਲੜਾਈ ਹੋਰ ਤਿੱਖੀ ਕਰੇਗੀ।
ਉਹ ਅੱਜ ਇੱਥੇ ਡੀਐਮ ਗਗਨਦੀਪ ਸਿੰਘ ਰੰਧਾਵਾਂ ਦੇ ਸਰਧਾਂਜਲੀ ਸਮਾਗਮ ਵਿਚ ਸ਼ਿਰਕਤ ਕਰਨ ਪਹੁੰਚੇ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ 5 ਦਿਨ ਦੇ ਪੁਲਿਸ ਰਿਮਾਂਡ ਤੋਂ ਬਾਅਦ ਪੁਲਿਸ ਦੀ ਕਾਰਗੁਜਾਰੀ ਸੱਕ ਦੇ ਘੇਰੇ ਵਿਚ ਆ ਗਈ ਹੈ ਕਿਉਂਕਿ ਹਾਲੇ ਤੱਕ ਵੀ ਪੁਲਿਸ ਮੋਬਾਇਲ ਤੇ ਹੋਰ ਸਬੂਤ ਇੱਕਤਰ ਨਹੀਂ ਕਰ ਸਕੀ ਹੈ ਜਦ ਕਿ ਸਾਬਕਾ ਮੰਤਰੀ ਆਪਣੀ ਗ੍ਰਿਫਤਾਰੀ ਵਾਲੇ ਦਿਨ ਫੋਨ ਤੇ ਮੀਡੀਆ ਨੂੰ ਇੰਟਰਵਿਊ ਦੇ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਪੁਲਿਸ ਜੇਕਰ ਨਿਰਪੱਖ ਜਾਂਚ ਲਈ ਗੰਭੀਰ ਹੁੰਦੀ ਤਾਂ ਸਭ ਤੋਂ ਪਹਿਲਾਂ ਵਾਰਦਾਤ ਦੇ ਤੁਰੰਤ ਬਾਅਦ ਸਬੂਤ ਇੱਕਠੇ ਕੀਤੇ ਜਾਣੇ ਚਾਹੀਦੇ ਸਨ।
ਉਨ੍ਹਾਂ ਨੇ ਕਿਹਾ ਕਿ ਪੁਲਿਸ ਵੱਲੋਂ ਪਿਸਤੌਲ ਬਰਾਮਦਗੀ ਬਾਕੀ ਹੋਣ ਦੀ ਵੀ ਗੱਲ ਆਖੀ ਗਈ ਹੈ ਪਰ ਐਫਆਈਆਰ ਵਿਚ ਆਰਮਜ ਐਕਟ ਦੀਆਂ ਧਾਰਾਵਾਂ ਸ਼ਾਮਿਲ ਨਹੀਂ ਕੀਤੀਆਂ ਗਈਆਂ ਹਨ। ਇਸੇ ਤਰਾਂ ਸਰਕਾਰੀ ਅਧਿਕਾਰੀ ਨੂੰ ਧਮਕਾਉਣ ਅਤੇ ਉਸਦੇ ਕੰਮ ਵਿਚ ਵਿਘਨ ਪਾਉਣ ਦੀਆਂ ਧਾਰਾਵਾਂ ਵੀ ਨਹੀਂ ਜੋੜੀਆਂ ਗਈਆਂ ਹਨ। ਇਸੇ ਤਰਾਂ ਹਾਲੇ ਤੱਕ ਵੀ ਸਾਬਕਾ ਮੰਤਰੀ ਦੇ ਪਿਤਾ ਅਤੇ ਪੀਏ ਦੀ ਗ੍ਰਿਫਤਾਰੀ ਨਾ ਹੋਣ ਸਰਕਾਰ ਦੀ ਮਨਸ਼ਾ ਨੂੰ ਉਜਾਗਰ ਕਰਦਾ ਹੈ। ਇਹ ਸਭ ਤੱਕ ਪ੍ਰਮਾਣਿਤ ਕਰਦੇ ਹਨ ਕਿ ਸਰਕਾਰ ਇਸ ਕੇਸ ਨੂੰ ਲਮਕਾ ਕੇ ਹੌਲੀ ਹੌਲੀ ਕਮਜੋਰ ਕਰਨਾ ਚਾਹੁੰਦੀ ਹੈ ਅਤੇ ਆਖੀਰ ਆਪਣੇ ਮੰਤਰੀ ਨੂੰ ਕਲੀਨ ਚਿੱਟ ਦੇਣ ਦਾ ਇਰਾਦਾ ਰੱਖਦੀ ਹੈ। ਇਹੀ ਕਾਰਨ ਹੈ ਕਿ ਪਰਿਵਾਰ ਅਤੇ ਭਾਰਤੀ ਜਨਤਾ ਪਾਰਟੀ ਸਮੇਤ ਪੂਰਾ ਪੰਜਾਬ ਇਸ ਕੇਸ ਦੀ ਜਾਂਚ ਸੀਬੀਆਈ ਤੋਂ ਕਰਵਾਉਣਾ ਚਾਹੁੰਦਾ ਹੈ।
ਭਾਜਪਾ ਪ੍ਰਧਾਨ ਨੇ ਕਿਹਾ ਕਿ ਇਸ ਲਈ ਭਾਰਤੀ ਜਨਤਾ ਪਾਰਟੀ ਪਰਿਵਾਰ ਨੂੰ ਨਿਆਂ ਦਿਵਾਉਣ ਦੀ ਇਸ ਲੜਾਈ ਨੂੰ ਹੋਰ ਤੇਜ ਕਰੇਗੀ ਅਤੇ 4 ਅਪ੍ਰੈਲ ਨੂੰ ਅੰਮ੍ਰਿਤਸਰ ਸਾਹਿਬ ਵਿਖੇ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜਿਸ ਤਰਾਂ ਦਾ ਜੁਲਮ ਡੀਐਮ ਗਗਨਦੀਪ ਸਿੰਘ ਰੰਧਾਵਾ ਤੇ ਕੀਤਾ ਗਿਆ ਹੈ ਉਸ ਲਈ ਮਿਸਾਲੀ ਸਜਾ ਦੋਸ਼ੀਆਂ ਨੂੰ ਮਿਲੇ ਇਸ ਲਈ ਸੰਘਰਸ਼ ਜਾਰੀ ਰਹੇਗਾ।
ਸੁਨੀਲ ਜਾਖੜ ਨੇ ਕਿਹਾ ਕਿ ਪਾਰਟੀ ਵੱਲੋਂ ਪੰਜਾਬ ਦੇ ਸਾਰੇ ਸਾਂਸਦਾ ਅਤੇ ਵਿਧਾਇਕ ਤੱਕ ਵੀ ਪਹੁੰਚ ਕੀਤੀ ਜਾਵੇਗੀ ਤਾਂ ਜੋ ਕੇਂਦਰ ਸਰਕਾਰ ਨੂੰ ਸੀਬੀਆਈ ਜਾਂਚ ਲਈ ਉਹ ਲਿਖ ਸਕਣ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਵੀ ਕਿਹਾ ਕਿ ਉਹ ਹਾਲੇ ਵੀ ਨੈਤਿਕਤਾ ਦਾ ਪਾਲਣ ਕਰਨ ਅਤੇ ਜਾਂਚ ਸੀਬੀਆਈ ਨੂੰ ਦੇਣ।
ਇਸ ਮੌਕੇ ਕਾਂਗਰਸ ਪਾਰਟੀ ਦੇ ਆਗੂਆਂ ਦੇ ਦੋਹਰੇ ਕਿਰਦਾਰ ਦੀ ਗੱਲ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਇਹ ਪਾਰਟੀ ਆਪ ਨਾਲ ਗਠਬੰਧਨ ਵਿਚ ਹੈ ਅਤੇ ਇਸਦੇ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਅੱਗੇ ਆਤਮਸਮਰਪਨ ਕਰ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਇਕ ਇਕ ਆਗੂ ਦੇ ਕਿਰਦਾਰ ਨੂੰ ਪਰਖ ਰਹੇ ਹਨ ਅਤੇ ਸਮਾਂ ਆਉਣ ਤੇ ਆਪਣਾ ਮਤ ਦੇਣਗੇ।