ਚੰਡੀਗੜ੍ਹ -ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਨਾਲ ਛੇੜਛਾੜ ਕਰਨ ਦੀ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਪੰਜਾਬ ਸਰਕਾਰ ਨੂੰ ਤੁਰੰਤ ਕਾਰਵਾਈ ਲਈ ਕਿਹਾ ਹੈ।
ਭਾਜਪਾ ਸੂਬਾ ਪ੍ਰਧਾਨ ਨੇ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਵੰਡ ਪਾਊ ਤਾਕਤਾਂ ਤੋਂ ਸੁਚੇਤ ਰਹਿਣ ਅਤੇ ਆਪਸੀ ਭਾਈਚਾਰਾ ਬਣਾਈ ਰੱਖਣ। ਉਹਨਾਂ ਨੇ ਕਿਹਾ ਕਿ ਕੁਝ ਵਿਦੇਸ਼ ਵਿੱਚ ਬੈਠੀਆਂ ਤਾਕਤਾਂ ਸੂਬੇ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ ਅਤੇ ਇਹਨਾਂ ਹੀ ਤਾਕਤਾਂ ਵੱਲੋਂ ਥਾਣਿਆਂ ਤੱਕ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਅਫਸੋਸ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕੁਝ ਵੀ ਕਾਰਵਾਈ ਕਰਨ ਵਿੱਚ ਆਸਫਲ ਸਿੱਧ ਹੋ ਰਹੀ ਹੈ।
ਉਨਾਂ ਨੇ ਇਸ ਸਬੰਧੀ ਸ਼ੋਸ਼ਲ ਮੀਡੀਆ ਤੇ ਸਾਂਝੇ ਕੀਤੇ ਸੁਨੇਹੇ ਵਿੱਚ ਲਿਖਿਆ ਹੈ ਕਿ, "ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਬਾਬਾ ਸਾਹਿਬ ਅੰਬੇਦਕਰ ਜੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਭਾਰਤੀ ਜਨਤਾ ਪਾਰਟੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ। ਇਹ ਪੰਜਾਬ ਸਰਕਾਰ ਦੀ ਗੈਰ ਹਾਜ਼ਰੀ ਹੀ ਹੈ ਕਿ ਸੂਬੇ ਵਿੱਚ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਅਤੇ ਦੂਜੇ ਪਾਸੇ ਪੁਲਿਸ ਥਾਣਿਆਂ ਤੱਕ ਵੀ ਹਮਲੇ ਪਹੁੰਚ ਰਹੇ ਹਨ। ਵਿਦੇਸ਼ ਦੀ ਧਰਤੀ ਤੇ ਬੈਠੇ ਲੋਕ ਪੰਜਾਬ ਵਿੱਚ ਨਫਰਤ ਫੈਲਾਉਣ ਦੇ ਯਤਨ ਕਰ ਰਹੇ ਹਨ ਜਦ ਕਿ ਸੂਬਾ ਸਰਕਾਰ ਕੁਝ ਵੀ ਕਰਨ ਤੋਂ ਅਸਮਰੱਥ ਜਾਪ ਰਹੀ ਹੈ। ਬੇਸ਼ੱਕ ਸਮਾਜ ਵਿੱਚ ਵੰਡੀਆਂ ਪਾਉਣ ਦੀਆਂ ਇਹਨਾਂ ਕੋਸ਼ਿਸ਼ਾਂ ਨੂੰ ਕਦੇ ਕਾਮਯਾਬੀ ਨਹੀਂ ਮਿਲੇਗੀ ਪਰ ਸਰਕਾਰ ਨੂੰ ਆਪਣੇ ਫਰਜ ਨਿਭਾਉਣੇ ਚਾਹੀਦੇ ਹਨ।
ਅਸੀਂ ਸਮੂਹ ਪੰਜਾਬੀਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਅਜਿਹੀਆਂ ਵੰਡ ਪਾਊ ਤਾਕਤਾਂ ਤੋਂ ਸੁਚੇਤ ਰਹਿਣ ਅਤੇ ਆਪਸੀ ਭਾਈਚਾਰਾ ਬਣਾਈ ਰੱਖਣ।"
ਸੁਨੀਲ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਆਪਣੇ ਦਿੱਲੀ ਵਾਲੇ ਆਕਾਵਾਂ ਦੀ ਜੀ ਹਜੂਰੀ ਕਰਨ ਦੀ ਬਜਾਏ ਪੰਜਾਬ ਦੀ ਸਥਿਤੀ ਤੇ ਗੌਰ ਕਰਨਾ ਚਾਹੀਦਾ ਹੈ।। ਉਹਨਾਂ ਕਿਹਾ ਕਿ ਬਿਹਤਰ ਹੋਵੇਗਾ ਕਿ ਮੁੱਖ ਮੰਤਰੀ ਰਾਜ ਦੀ ਅਮਨ ਕਾਨੂੰਨ ਦੀ ਸਥਿਤੀ ਸੁਧਾਰਨ ਲਈ ਯਤਨ ਕਰਨ ਨਾ ਕਿ ਆਪਣੇ ਸੁਪਰੀਮੋ ਦੇ ਪਾਇਲਟ ਬਣ ਕੇ ਦੂਜੇ ਸੂਬਿਆਂ ਵਿੱਚ ਘੁੰਮਣ ਵਿੱਚ ਸਮਾਂ ਖਰਾਬ ਕਰਨ।