ਲੁਧਿਆਣਾ -ਪੀ ਏ ਯੂ ਦੇ ਵਾਈਸ ਚਾਂਸਲਰ ਕਮੇਟੀ ਹਾਲ ਵਿੱਚ ਇੱਕ ਵਿਸ਼ੇਸ਼ ਸਮਾਰੋਹ ਦੌਰਾਨ ਅੱਜ ਇਕ ਕੌਫੀ ਟੇਬਲ ਕਿਤਾਬ ' ਪੰਜਾਬ ਦੇ ਕਣਕ ਦੇ ਖੇਤ - ਵਿਸਾਖੀ ਦੀ ਆਤਮਾ' ਲੋਕਅਰਪਿਤ ਕੀਤੀ ਗਈ। ਪੀ ਏ ਯੂ ਵਲੋਂ ਵਿਕਸਿਤ ਕੀਤੀਆਂ ਗਈਆਂ ਕਣਕ ਦੀਆਂ ਕਿਸਮਾਂ ਨੂੰ ਤਸਵੀਰਾਂ ਦੇ ਰੂਪ ਵਿੱਚ ਇੱਕ ਦਸਤਾਵੇਜ਼ ਵਜੋਂ ਪੇਸ਼ ਕਰਦੀ ਇਸ ਕਿਤਾਬ ਨੂੰ ਪੀ ਏ ਯੂ ਦੇ ਸੰਚਾਰ ਕੇਂਦਰ ਵੱਲੋਂ ਪੰਜਵੀਂ ਕੌਫੀ ਟੇਬਲ ਕਿਤਾਬ ਦੇ ਰੂਪ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ ਅਤੇ ਇਸਦੇ ਸੰਪਾਦਕ ਪੰਜਾਬ ਦੇ ਰਾਜ ਸੂਚਨਾ ਕਮਿਸ਼ਨਰ ਸ਼੍ਰੀ ਹਰਪ੍ਰੀਤ ਸੰਧੂ ਹਨ।
ਇਸ ਸਮਾਰੋਹ ਦੇ ਮੁੱਖ ਮਹਿਮਾਨ ਸ਼੍ਰੀ ਸੰਜੀਵ ਅਰੋੜਾ, ਪੰਜਾਬ ਦੇ ਉਦਯੋਗ ਅਤੇ ਵਣਜ, ਸਥਾਨਕ ਸਰਕਾਰਾਂ ਅਤੇ ਬਿਜਲੀ ਮੰਤਰੀ ਸਨ। ਰਾਜ ਸਭਾ ਦੇ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਇਨ੍ਹਾਂ ਤੋਂ ਇਲਾਵਾ ਪੀ ਏ ਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ, ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਜਤਿੰਦਰਪਾਲ ਸਿੰਘ ਗਿੱਲ, ਸ੍ਰੀ ਅਵਤਾਰ ਸਿੰਘ ਢੀਂਡਸਾ, ਉੱਘੇ ਗੀਤਕਾਰ ਸ਼੍ਰੀ ਸ਼ਮਸ਼ੇਰ ਸੰਧੂ, ਪ੍ਰੋ ਗੁਰਭਜਨ ਗਿੱਲ, ਡਾ ਨਿਰਮਲ ਜੌੜਾ ਸਮੇਤ ਪਤਵੰਤੇ ਸੱਜਣ ਅਤੇ ਪੀ ਏ ਯੂ ਦੇ ਉੱਚ ਅਧਿਕਾਰੀ, ਕਿਸਾਨ ਕਲੱਬ ਅਤੇ ਜੈਵਿਕ ਕਿਸਾਨ ਕਲੱਬ ਦੇ ਪ੍ਰਧਾਨ, ਹੋਰ ਕਿਸਾਨ ਅਤੇ ਵੱਖ ਵੱਖ ਅਹੁਦੇਦਾਰ ਮੌਜੂਦ ਸਨ।
ਸ੍ਰੀ ਸੰਜੀਵ ਅਰੋੜਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੀਏਯੂ ਵੱਲੋਂ ਲਗਾਤਾਰ ਮਿਆਰੀ ਸਾਹਿਤ ਪ੍ਰਕਾਸ਼ਿਤ ਕਰਕੇ ਕਿਸਾਨਾਂ ਤੱਕ ਪਹੁੰਚਾਇਆ ਜਾਣਾ ਬੇਹਦ ਸ਼ੁਭ ਸ਼ਗਨ ਹੈ ਉਹਨਾਂ ਕਣਕ ਦੀਆਂ ਕਿਸਮਾਂ ਬਾਰੇ ਇਸ ਕੌਫੀ ਟੇਬਲ ਕਿਤਾਬ ਦੇ ਪ੍ਰਕਾਸ਼ਨ ਨੂੰ ਆਮ ਲੋਕਾਂ ਤੱਕ ਉਹ ਵਿਗਿਆਨਿਕ ਜਾਣਕਾਰੀ ਪਹੁੰਚਾਉਣ ਦਾ ਮਾਧਿਅਮ ਕਿਹਾ ਜੋ ਅੱਜ ਤਕ ਜਨਤਕ ਤੌਰ ਕਿਸਾਨਾਂ ਅਤੇ ਖਾਸ ਖੇਤਰ ਤਕ ਹੀ ਮੁਹਈਆ ਰਹੀ ਹੈ। ਸ੍ਰੀ ਅਰੋੜਾ ਨੇ ਕਿਹਾ ਕਿ ਸੂਚਨਾ ਅਤੇ ਪ੍ਰਚਾਰ ਦੇ ਇਸ ਦੌਰ ਵਿੱਚ ਇਸ ਕੌਫੀ ਟੇਬਲ ਕਿਤਾਬ ਰਾਹੀਂ ਪੇਸ਼ ਹੋਣ ਵਾਲੀ ਕਣਕ ਦੀਆਂ ਕਿਸਮਾਂ ਸਬੰਧੀ ਜਾਣਕਾਰੀ ਜਦੋਂ ਸਮਾਜ ਵਿੱਚ ਪੁੱਜੇਗੀ ਤਾਂ ਯਕੀਨੀ ਤੌਰ ਤੇ ਪੀਏਯੂ ਦੇ ਮਹਾਤਮ ਵਿੱਚ ਵਾਧਾ ਹੋਵੇਗਾ।
ਪੰਜਾਬ ਤੋਂ ਰਾਜ ਸਭਾ ਮੈਂਬਰ ਅਤੇ ਉੱਗੇ ਵਾਤਾਵਰਨ ਵਿਗਿਆਨੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਪੀਏਯੂ ਨੇ ਵਾਤਾਵਰਨ ਦੀ ਸੰਭਾਲ ਲਈ ਲਾਸਾਨੀ ਕਾਰਜ ਨੂੰ ਅੰਜਾਮ ਦਿੱਤਾ ਹੈ ।ਉਹਨਾਂ ਪੀਏਯੂ ਦੇ ਹਰੇ ਭਰੇ ਕੈਂਪਸ ਨੂੰ ਸਮਾਜ ਲਈ ਆਦਰਸ਼ ਅਤੇ ਪ੍ਰੇਰਨਾਦਾਇਕ ਕਹਿੰਦਿਆਂ ਕਿਹਾ ਕਿ ਹਰਿਆਲੀ ਅਤੇ ਵਾਤਾਵਰਨ ਦਾ ਇਹ ਸੁਨੇਹਾ ਸਮਾਜ ਤੱਕ ਪਹੁੰਚਾਉਣ ਦਾ ਸਹੀ ਸਮਾਂ ਆ ਗਿਆ ਹੈ। ਸੰਤ ਸੀਚੇਵਾਲ ਨੇ ਇਸ ਕਿਤਾਬ ਨੂੰ ਵੀ ਬੇਹਦ ਮਹੱਤਵਪੂਰਨ ਕਿਹਾ ਅਤੇ ਨਾਲ ਹੀ ਖੁਸ਼ੀ ਪ੍ਰਗਟਾਈ ਕਿ ਇਸ ਵਿੱਚ ਤਸਵੀਰਾਂ ਦੇ ਮਾਧਿਅਮ ਰਾਹੀਂ ਬਹੁਤ ਸਾਰੀ ਵਡਮੁੱਲੀ ਜਾਣਕਾਰੀ ਲੋਕਾਂ ਨਾਲ ਸਾਂਝੀ ਕੀਤੀ ਗਈ ਹੈ।
ਪੀਏਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਜਦੋਂ ਦੇਸ਼ ਅਨਾਜ ਦੀ ਕਮੀ ਨਾਲ ਜੂਝ ਰਿਹਾ ਸੀ ਅਤੇ ਕਣਕ ਦੀ ਪੂਰਤੀ ਲਈ ਅਸੀਂ ਬਾਹਰਲੇ ਦੇਸ਼ਾਂ ਤੋਂ ਆਉਣ ਵਾਲੇ ਅਨਾਜ ਉੱਪਰ ਨਿਰਭਰ ਸਾਂ , ਤਾਂ ਪੰਜਾਬ ਦੇ ਕਿਸਾਨਾਂ ਅਤੇ ਪੀਏਯੂ ਦੇ ਵਿਗਿਆਨੀਆਂ ਨੇ ਰਲ ਕੇ ਅਜਿਹਾ ਹੰਭਲਾ ਮਾਰਿਆ ਕਿ ਦੇਸ਼ ਵਿੱਚ ਵਾਧੂ ਅਨਾਜ ਪੈਦਾ ਕੀਤਾ। ਡਾ ਗੋਸਲ ਨੇ ਦੱਸਿਆ ਕਿ ਪੀਏਯੂ ਨੇ ਹੁਣ ਤੱਕ 66 ਦੇ ਕਰੀਬ ਕਣਕ ਦੀਆਂ ਕਿਸਮਾਂ ਪੈਦਾ ਕੀਤੀਆਂ ਹਨ ਜੋ ਰਾਸ਼ਟਰੀ ਪੱਧਰ ਤੇ ਵੀ ਕਾਸ਼ਤ ਲਈ ਪਛਾਣੀਆਂ ਗਈਆਂ। ਇਸ ਕੌਫੀ ਟੇਬਲ ਕਿਤਾਬ ਵਿੱਚ ਇਹਨਾਂ ਵਿੱਚੋਂ ਬਹੁਤੀਆਂ ਕਿਸਮਾਂ ਦੀਆਂ ਤਸਵੀਰਾਂ ਦਰਜ ਕੀਤੀਆਂ ਗਈਆਂ ਹਨ। ਡਾ ਗੋਸਲ ਨੇ ਇਹ ਵੀ ਕਿਹਾ ਕਿ ਆਉਂਦੇ ਸਮੇਂ ਵਿੱਚ ਵੀ ਪੀਏਯੂ ਮੰਡੀ ਅਤੇ ਪੋਸ਼ਣ ਦੀਆਂ ਲੋੜਾਂ ਅਨੁਸਾਰ ਕਣਕ ਦੀਆਂ ਕਿਸਮਾਂ ਸਬੰਧੀ ਖੋਜ ਕਰਦੀ ਰਹੇਗੀ। ਇਸ ਪੱਖੋਂ ਉਹਨਾਂ ਨੇ ਜ਼ਿੰਕ ਤੱਤਾਂ ਵਾਲੀਆਂ ਕਿਸਮਾਂ ਅਤੇ ਪੀਏਯੂ ਬਿਸਕਿਟ- 1 ਦਾ ਹਵਾਲਾ ਵੀ ਦਿੱਤਾ।
ਇਸ ਕੌਫੀ ਟੇਬਲ ਕਿਤਾਬ ਦੇ ਸੰਪਾਦਕ ਸ੍ਰੀ ਹਰਪ੍ਰੀਤ ਸੰਧੂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਉਹਨਾਂ ਕਿਹਾ ਕਿ ਕਣਕ ਦੀਆਂ ਕਿਸਮਾਂ ਦੀ ਖੋਜ ਅਸਲ ਵਿੱਚ ਸੁਨਹਿਰੀ ਰੌਸ਼ਨੀ ਦੀ ਖੋਜ ਹੈ ਜੋ ਪੀਏਯੂ ਦੀਆਂ ਲੈਬੋਟਰੀਆਂ ਤੋਂ ਲੈ ਕੇ ਪੰਜਾਬ ਦੇ ਖੇਤਾਂ ਤੱਕ ਫੈਲੀ ਹੈ ਇਹਨਾਂ ਕਿਸਮਾਂ ਨੂੰ ਇੱਕ ਕਾਫੀ ਟੇਬਲ ਕਿਤਾਬ ਵਿੱਚ ਸੰਗ੍ਰਹਿਤ ਕਰਨਾ ਬੇਹਦ ਮਾਣ ਵਾਲਾ ਕਾਰਜ ਰਿਹਾ ਹੈ।
ਪੀਏਯੂ ਦੇ ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਨੇ ਇਸ ਸਮਾਰੋਹ ਵਿੱਚ ਸਵਾਗਤ ਦੇ ਸ਼ਬਦ ਕਹਿੰਦਿਆਂ ਪੀਏਯੂ ਵੱਲੋਂ ਪ੍ਰਕਾਸ਼ਿਤ ਕੀਤੇ ਜਾਣ ਵਾਲੇ ਸਾਹਿਤ ਬਾਰੇ ਵੇਰਵਾ ਦਿੱਤਾ। ਡਾ ਰਿਆੜ ਨੇ ਕਿਹਾ ਕਿ ਯੂਨੀਵਰਸਿਟੀ ਦੀ ਖੋਜ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਹਰ ਵਰਗ ਅਤੇ ਖੇਤਰ ਨਾਲ ਸੰਬੰਧਿਤ ਵਿਗਿਆਨਿਕ ਦਿਸ਼ਾ ਵਾਲਾ ਸਾਹਿਤ ਪ੍ਰਕਾਸਿਤ ਕੀਤਾ ਜਾਂਦਾ ਹੈ ਉਹਨਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਯੂਨੀਵਰਸਿਟੀ ਨੇ ਕਿਸਾਨੀ ਅਤੇ ਪੀਏਯੂ ਦੇ ਸਥਿਰ ਸੰਬੰਧਾਂ ਬਾਰੇ ਚਾਰ ਕੌਫੀ ਟੇਬਲ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਇਸੇ ਪ੍ਰਸੰਗ ਵਿੱਚ ਇਹ ਕਿਤਾਬ ਪੀਏਯੂ ਦੀਆਂ ਕਣਕ ਦੀਆਂ ਕਿਸਮਾਂ ਨੂੰ ਉਹਨਾਂ ਦੀਆਂ ਤਸਵੀਰਾਂ ਸਮੇਤ ਇੱਕ ਥਾਂ ਤੇ ਦਸਤਾਵੇਜੀ ਰੂਪ ਦੇਣ ਦਾ ਸੁਹਿਰਦ ਯਤਨ ਹੈ।
ਇਸ ਸਮਾਰੋਹ ਦਾ ਸੰਚਾਲਨ ਸੰਸਥਾਈ ਸੰਪਰਕ ਦੇ ਸਹਿਯੋਗੀ ਨਿਰਦੇਸ਼ਕ ਡਾ ਵਿਸ਼ਾਲ ਬੈਕਟਰ ਨੇ ਕੀਤਾ।
ਸਮਾਰੋਹ ਦੌਰਾਨ ਪੰਜਾਬ ਦੇ 7 ਅਗਾਂਹਵਧੂ ਕਿਸਾਨਾਂ ਨੂੰ ਕੌਫੀ ਟੇਬਲ ਕਿਤਾਬ ਅਤੇ ਦੁਸ਼ਾਲੇ ਨਾਲ ਸਨਮਾਨਿਤ ਕੀਤਾ ਗਿਆ।