ਲੁਧਿਆਣਾ - ਪੀ.ਏ.ਯੂ. ਕੈਂਪਸ ਵਿਚ ਭਿੰਨ-ਭਿੰਨ ਕਿਸਮਾਂ ਦੇ ਛਾਂਦਾਰ ਅਤੇ ਫਲ਼ਦਾਰ ਰੁੱਖਾਂ ਅਤੇ ਦਰਖਤਾਂ ਬਾਰੇ ਵਿਦਿਆਰਥੀਆਂ ਅਤੇ ਬਾਹਰੋਂ ਆਉਣ ਵਾਲਿਆਂ ਨੂੰ ਜਾਣਕਾਰੀ ਦੇਣ ਲਈ ਨਵੀਂ ਤਕਨੀਕ ਅਪਣਾਈ ਜਾ ਰਹੀ ਹੈ| ਪੀ.ਏ.ਯੂ. ਦੇ ਬਹੁਤ ਸਾਰੇ ਰੁੱਖਾਂ ਉੱਪਰ ਉਹਨਾਂ ਦੀ ਕਿਸਮ, ਉਪਯੋਗਤਾ, ਵਰਤੋਂ ਦੇ ਤਰੀਕੇ ਅਤੇ ਲਾਭ ਆਦਿ ਬਾਰੇ ਜਾਣਕਾਰੀ ਦੇਣ ਲਈ ਕਿਊਆਰ ਕੋਡ ਲਾਏ ਜਾ ਰਹੇ ਹਨ| ਇਹਨਾਂ ਕੋਡਾਂ ਨੂੰ ਸਕੈਨ ਕਰਕੇ ਕੋਈ ਵੀ ਇਹਨਾਂ ਰੁੱਖਾਂ ਸੰਬੰਧੀ ਪ੍ਰਮਾਣਿਕ ਜਾਣਕਾਰੀ ਨਾਲ ਭਰਪੂਰ ਹੋ ਸਕਦਾ ਹੈ| ਪੀ ਏ ਯੂ ਵਿਚ ਭਰਪੂਰ ਰੂਪ ਵਿੱਚ ਲੱਗੇ ਰੁੱਖ ਮਰੋੜਫਲੀ, ਨੀਲੀ ਗੁਲਮੋਹਰ, ਕ੍ਰਿਸਮਸ, ਸਤਪਤੀਆ, ਪਗੋਡਾ, ਅਸ਼ੋਕਾ, ਕਚਨਾਰ, ਲਾਲ ਬੋਤਲ ਬੁਰਸ਼, ਗੁਲਾਬੀ ਤੁਣ, ਸਿਲਵਰ ਓਕ, ਮੌਲਸਰੀ, ਜੋੜ ਤੋੜ, ਨਿੰਮ, ਅੰਬ, ਜਾਮਣ, ਢਿਊ, ਡੇਕ, ਸਫੈਦਾ, ਗੂਲਰ ਅਤੇ ਆੜੂ ਆਦਿ ਦਰੱਖਤਾਂ ਬਾਰੇ ਕਿਊਆਰ ਕੋਡ ਲਾਉਣ ਦਾ ਕਾਰਜ ਸੰਪੰਨ ਹੋ ਗਿਆ ਹੈ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਯੂਨੀਵਰਸਿਟੀ ਵਾਤਾਵਰਨ ਦੀ ਸੰਭਾਲ ਅਤੇ ਰੁੱਖਾਂ ਬਾਰੇ ਜਾਣਕਾਰੀ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਨਿਰੰਤਰ ਵਚਨਬੱਧ ਹੈ| ਉਹਨਾਂ ਰੁੱਖਾਂ ਉੱਪਰ ਲਾਏ ਜਾਣ ਵਾਲੇ ਕਿਊਆਰ ਕੋਡਜ਼ ਨੂੰ ਆਮ ਲੋਕਾਂ ਤੱਕ ਪ੍ਰਮਾਣਿਕ ਜਾਣਕਾਰੀ ਪਹੁੰਚਾਉਣ ਦਾ ਆਧੁਨਿਕ ਤਰੀਕਾ ਕਿਹਾ ਅਤੇ ਨਾਲ ਆਸ ਪ੍ਰਗਟਾਈ ਕਿ ਇਸ ਨਾਲ ਆਮ ਲੋਕਾਂ ਵਿਚ ਵਾਤਾਵਰਨ ਦੀ ਸੰਭਾਲ ਦੀ ਜਾਗਰੂਕਤਾ ਦਾ ਪਸਾਰ ਹੋਵੇਗਾ ਅਤੇ ਲੋਕ ਪੰਜਾਬ ਦੀ ਧਰਤੀ ਉੱਪਰ ਵਿਗਸੇ ਵਿਰਾਸਤੀ ਰੁੱਖਾਂ ਨੂੰ ਜਾਣ ਸਕਣਗੇ।