ਚੰਡੀਗੜ੍ਹ-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਪੰਜਾਬ ਵਿਜੀਲੈਂਸ ਬਿਊਰੋ ਦਫਤਰ ਜਿਥੇ ਕੱਲ੍ਹ ਰਾਤ ਸੀ ਬੀ ਆਈ ਨੇ ਛਾਪੇਮਾਰੀਕੀਤੀ, ਵਿਚ ਚਲ ਰਹੇ ਭ੍ਰਿਸ਼ਟਾਚਾਰ ਵਿਚ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਭੂਮਿਕਾ ਦੀ ਨਿਰਪੱਖ ਜਾਂਚ ਕਰਵਾਈ ਜਾਵੇ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਹੈਰਾਨੀ ਪ੍ਰਗਟ ਕੀਤੀ ਕਿ ਕਿਵੇਂ ਮੁਲਜ਼ਮ ਪ੍ਰਾਈਵੇਟ ਵਿਅਕਤੀਆਂ ਨੂੰ ਏ ਕੇ 47 ਬੰਦੂਕਧਾਰੀ ਪੰਜਾਬ ਪੁਲਿਸ ਦੇ ਮੁਲਾਜ਼ਮ ਪ੍ਰਦਾਨ ਕਰ ਕੇ ਟਰੈਪ ਵਿਚੋਂ ਭੱਜਣ ਵਿਚ ਮਦਦ ਕੀਤੀ ਗਈ। ਉਹਨਾਂ ਕਿਹਾ ਕਿ ਜਦੋਂ ਮੁਲਜ਼ਮ ਵਿਕਾਸ ਗੋਇਲ ਤੇ ਰਾਘਵ ਗੋਇਲ ਨੂੰ ਸੀ ਬੀ ਆਈ ਨੇ ਅੰਬਾਲਾ ਨੇੜੇ ਦੋ ਹਥਿਆਰਬੰਦ ਗੰਨਮੈਨਾਂ ਨਾਲ ਗ੍ਰਿਫਤਾਰ ਕੀਤਾ ਤਾਂ ਇਹ ਗੱਲ ਸਾਬਤ ਹੋ ਗਈ। ਉਹਨਾਂ ਮੰਗ ਕੀਤੀ ਕਿ ਇਹ ਗੱਲ ਜਨਤਕ ਕੀਤੀ ਜਾਵੇ ਕਿ ਇਹਨਾਂ ਪ੍ਰਾਈਵੇਟ ਵਿਚੋਲਿਆਂ ਵਾਸਤੇ ਸਰਕਾਰੀ ਸੁਰੱਖਿਆ ਦੇਣ ਦੀ ਪ੍ਰਵਾਨਗੀ ਕਿਸਨੇ ਦਿੱਤੀ ਤੇ ਮੰਗ ਕੀਤੀ ਕਿ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਵੱਲੋਂ ਅਜਿਹੇ ਵਿਅਕਤੀਆਂ ਨੂੰ ਸਿਆਸੀ ਸ਼ਰਣ ਪ੍ਰਦਾਨ ਕਰਨ ਦੇ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ।
ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਜ਼ੋਰ ਦੇ ਕੇ ਕਿ ਭਗਵੰਤ ਮਾਨ ਨੇ ਸਾਰੇ ਅਹੁਦੇ ਵਿਕਰੀ ’ਤੇ ਲਗਾ ਕੇ ਸਾਰੀਆਂ ਸੰਸਥਾਵਾਂ ਤਬਾਹ ਕਰ ਦਿੱਤੀਆਂ ਹਨ। ਉਹਨਾਂ ਕਿਹਾ ਕਿ ਹੁਣ ਤਾਂ ਅਫਸਰਾਂ ਲਈ ਇਹ ਦੱਸਣਾ ਲਾਜ਼ਮੀ ਹੋ ਗਿਆ ਹੈ ਕਿ ਜੇਕਰ ਉਹਨਾਂ ਨੂੰ ਤੈਅ ਅਹੁਦੇ ’ਤੇ ਲਗਾਇਆ ਜਾਂਦਾ ਹੈ ਤਾਂ ਉਹ ਆਪ ਲਈ ਕਿੰਨਾ ਪੈਸਾ ਇਕੱਠਾ ਕਰ ਕੇ ਦੇਣਗੇ।
ਸਰਦਾਰ ਮਜੀਠੀਆ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਓ ਪੀ ਰਾਣਾ ਜੋ ਕਿ ਡੀ ਜੀ ਪੀ ਵਿਜੀਲੈਂਸ ਸ਼ਰਦ ਸਤਿਆ ਚੌਹਾਨ ਦਾ ਓ ਐਸ ਡੀ, ’ਤੇ ਮਾਮਲੇ ਦੇ ਨਿਪਟਾਰੇ ਲਈ 20 ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹਨ ਤੇ ਉਸਨੇ 13 ਲੱਖ ਰੁਪਏ ਨਗਦ ਲਏ, ਇਸ ਤੋਂ ਪਤਾ ਚਲਦਾ ਹੈ ਕਿ ਪੰਜਾਬ ਵਿਚ ਕਿੰਨਾ ਭ੍ਰਿਸ਼ਟਾਚਾਰ ਚਲ ਰਿਹਾ ਹੈ। ਉਹਨਾਂ ਕਿਹਾ ਕਿ ਵਿਜੀਲੈਂਸ ਵਿਭਾਗ ਇਕ ਵਾਰ ਵਿਚ ਸੈਂਕੜੇ ਸ਼ਿਕਾਇਤਾਂ ਦਾ ਨਿਪਟਾਰਾ ਕਰਦਾ ਹੈ ਤੇ ਜੇਕਰ ਉਹ ਇਕ ਸ਼ਿਕਾਇਤ ਦੇ ਨਿਪਟਾਰੇ ਵਾਸਤੇ ਇੰਨੀ ਰਿਸ਼ਵਤ ਲੈਂਦਾ ਹੈ ਤਾਂ ਫਿਰ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮਹਿਕਮੇ ਵਿਚ ਕਿੰਨੀ ਕੁ ਰਿਸ਼ਵਤ ਚਲਦੀ ਹੋਵੇਗੀ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਵਿਜੀਲੈਂਸ ਦਫਤਰ ਨੂੰ ਪੈਸਾ ਇਕੱਠਾ ਕਰਨ ਵਾਸਤੇ ਕਲੈਕਸ਼ਨ ਸੈਂਟਰ ਵਜੋਂ ਵਰਤਿਆ ਗਿਆ ਤੇ ਇਹ ਲੁੱਟ ਸਿਖ਼ਰਲੇ ਪੱਧਰ ’ਤੇ ਜਾਰੀ ਹੈ।
ਪੰਜਾਬ ਵਿਚ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਦੀ ਮੰਗ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਵੀ ਇਸਦੀ ਵੀ ਜਾਂਚ ਹੋਵੇ ਕਿ ਮੁੱਖ ਸਕੱਤਰ ਕੇ ਪੀ ਏ ਸਿਨਹਾ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਭ੍ਰਿਸ਼ਟਾਚਾਰ ਦੇ ਸੌਦਿਆਂ ਵਿਚ ਕਿਸ ਹੱਦ ਤੱਕ ਸ਼ਾਮਲ ਹਨ। ਉਹਨਾਂ ਕਿਹਾ ਕਿ ਸਿਨਹਾ ’ਤੇ ਸੂਬੇ ਦੇ ਇਤਿਹਾਸ ਵਿਚ ਸਭ ਤੋਂ ਭ੍ਰਿਸ਼ਟ ਅਫਸਰ ਹੋਣ ਦੇ ਦਾਗ ਲੱਗ ਰਹੇ ਹਨ। ਉਹਨਾਂ ਇਹ ਵੀ ਮੰਗ ਕੀਤੀ ਕਿ ਆਰਜ਼ੀ ਡੀ ਜੀ ਪੀ ਗੌਰਵ ਯਾਦਵ ਦੇ ਕੰਮਕਾਜ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ।
ਸਰਦਾਰ ਮਜੀਠੀਆ ਨੇ ਇਹ ਵੀ ਮੰਗ ਕੀਤੀ ਕਿ ਕੈਬਨਿਟ ਮੰਤਰੀ ਸੰਜੀਵ ਅਰੋੜਾ ਜਿਹਨਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਗਿਆ, ਦੇ ਅਰਵਿੰਦ ਕੇਜਰੀਵਾਲ ਨਾਲ ਸੰਬੰਧਾਂ ਦੀ ਵੀ ਜਾਂਚ ਹੋਵੇ। ਉਹਨਾਂ ਕਿਹਾ ਕਿ ਸਪਸ਼ਟ ਹੋ ਰਿਹਾ ਹੈ ਕਿ ਅਰੋੜਾ ਆਪ ਅਤੇ ਇਸਦੀ ਸਿਖ਼ਰਲੀ ਲੀਡਰਸ਼ਿਪ ਵਾਸਤੇ ਪੈਸਾ ਇਕੱਠਾ ਕਰਨ ਤੇ ਮਨੀ ਲਾਂਡਰਿੰਗ ਦੇ ਏਜੰਟ ਵਜੋਂ ਕੰਮ ਕਰ ਰਿਹਾ ਸੀ।
ਉਹਨਾਂ ਕਿਹਾ ਕਿ ਇਹਨਾਂ ਸਾਰੇ ਮਾਮਲਿਆਂ ਵਿਚ ਸੰਬੰਧਾਂ ਦੀ ਜਾਂਚ ਜ਼ਰੂਰੀ ਹੈ ਕਿਉਂਕਿ ਆਪ ਨੇ ਅਰੋੜਾ ਨੂੰ ਹਾਲੇ ਤੱਕ ਮੰਤਰੀ ਵਜੋਂ ਬਰਖ਼ਾਸਤ ਨਹੀਂ ਕੀਤਾ ਕਿਉਂਕਿ ਉਹ ਡਰਦੀ ਹੈ ਕਿ ਕਿਤੇ ਅਰੋੜਾ ਮੁੱਖ ਮੰਤਰੀ ਭਗਵੰਤ ਮਾਨ ਤੇ ਆਪ ਮੁਖੀ ਅਰਵਿੰਦ ਕੇਜਰੀਵਾਲ ਦੇ ਭੇਤ ਹੀ ਨਾ ਖੋਲ੍ਹ ਦੇਣ।