ਨਵੀਂ ਦਿੱਲੀ - ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਮੁੱਖੀ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਪੰਜਾਬ ਦੇ ਵਿਵਾਦਿਤ ਬੇਅਦਬੀ ਵਿਰੋਧੀ ਕਾਨੂੰਨ ਖ਼ਿਲਾਫ਼ ਚੱਲ ਰਹੇ ਪੰਥਕ ਯਤਨਾਂ ਦਾ ਸਮਰਥਨ ਕਰਦਿਆਂ ਸਾਬਕਾ ਜੱਜ ਆਰ.ਐਸ. ਸੋਢੀ ਅਤੇ ਗਿਆਨੀ ਕੁਲਦੀਪ ਸਿੰਘ ਗੜਗਜ ਦੀ ਮੁਲਾਕਾਤ ਨੂੰ ਸਮੇਂ-ਸਿਰ ਅਤੇ ਮਹੱਤਵਪੂਰਨ ਕਦਮ ਕਰਾਰ ਦਿੱਤਾ ਹੈ। ਸਰਨਾ ਨੇ ਕਿਹਾ ਕਿ ਜਸਟਿਸ ਸੋਢੀ ਵੱਲੋਂ ਖੁਦ ਜਾ ਕੇ ਗੜਗਜ ਨਾਲ ਵਿਚਾਰ-ਵਟਾਂਦਰਾ ਕਰਨਾ ਇਹ ਦਰਸਾਉਂਦਾ ਹੈ ਕਿ ਸਿੱਖ ਭਾਈਚਾਰਾ ਇਸ ਕਾਨੂੰਨ ਨੂੰ ਲੈ ਕੇ ਗੰਭੀਰ ਚਿੰਤਾ ਵਿੱਚ ਹੈ। ਉਨ੍ਹਾਂ ਕਿਹਾ ਕਿ ਪੰਥ ਨੂੰ ਇਹ ਭਰੋਸਾ ਹੋਣਾ ਚਾਹੀਦਾ ਹੈ ਕਿ ਕਾਨੂੰਨੀ ਰਸਤੇ ਹਾਲੇ ਵੀ ਖੁੱਲ੍ਹੇ ਹਨ ਅਤੇ ਲੋੜ ਪੈਣ ‘ਤੇ ਇਹ ਮਾਮਲਾ ਸੁਪਰੀਮ ਕੋਰਟ ਤੱਕ ਵੀ ਲਿਆਂਦਾ ਜਾਵੇਗਾ। ਸਰਨਾ ਨੇ ਦੋਸ਼ ਲਾਇਆ ਕਿ ਇਹ ਕਾਨੂੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਖਿਆ ਦੀ ਬਜਾਏ ਸਰਕਾਰ ਨੂੰ ਵੱਡੇ ਅਧਿਕਾਰ ਦੇਣ ਵਾਲਾ ਹੈ, ਜਿਸਦਾ ਦੁਰਪਯੋਗ ਕਰਕੇ ਪ੍ਰਚਾਰਕਾਂ, ਰਾਗੀਆਂ, ਗ੍ਰੰਥੀਆਂ ਅਤੇ ਸੇਵਾਦਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਇਹ ਕਾਨੂੰਨ ਪੂਰੀ ਤਰ੍ਹਾਂ ਲਾਗੂ ਹੋ ਗਿਆ ਤਾਂ ਸਿੱਖ ਧਾਰਮਿਕ ਪ੍ਰਚਾਰ ਪੁਲਿਸੀ ਦਖ਼ਲ ਹੇਠ ਆ ਸਕਦਾ ਹੈ। ਉਨ੍ਹਾਂ ਕੁਝ ਪ੍ਰਚਾਰਕਾਂ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਉਹ ਪੰਥਕ ਹਿਤਾਂ ਦੀ ਥਾਂ ਰਾਜਨੀਤਿਕ ਵਫ਼ਾਦਾਰੀਆਂ ਨੂੰ ਤਰਜੀਹ ਦੇ ਰਹੇ ਹਨ। ਸਰਨਾ ਨੇ ਕਿਹਾ ਕਿ ਸੰਗਤ ਸਭ ਕੁਝ ਦੇਖ ਰਹੀ ਹੈ ਅਤੇ ਇਤਿਹਾਸ ਵੀ ਅਜਿਹੇ ਲੋਕਾਂ ਨੂੰ ਮਾਫ਼ ਨਹੀਂ ਕਰੇਗਾ। ਅੰਤ ਵਿੱਚ ਉਨ੍ਹਾਂ ਸਿੱਖ ਧਾਰਮਿਕ ਸੰਸਥਾਵਾਂ, ਤਖ਼ਤਾਂ ਅਤੇ ਜਥੇਦਾਰਾਂ ਨੂੰ ਇਸ ਮਾਮਲੇ ‘ਤੇ ਇਕਜੁੱਟ ਹੋ ਕੇ ਸਪਸ਼ਟ ਸਟੈਂਡ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਥਕ ਏਕਤਾ ਹੀ ਇਸ ਮਸਲੇ ਦਾ ਸਭ ਤੋਂ ਵੱਡਾ ਜਵਾਬ ਹੈ।