ਨਵੀਂ ਦਿੱਲੀ- ਗੁਰੂ ਤੇਗ ਬਹਾਦਰ ਇੰਜੀਨਿਅਰਿੰਗ ਕਾਲਜ ਵਿੱਚ ਕਰਵਾਏ ਗਏ ਇੱਕ ਪ੍ਰੇਰਣਾਦਾਇਕ ਸੈਮਿਨਾਰ ਦੌਰਾਨ ਸੁਖਪ੍ਰੀਤ ਸਿੰਘ ਉਦੋਕੇ ਨੇ ਸਿੱਖ ਇਤਿਹਾਸ ਅਤੇ ਵਿਰਾਸਤ ਨਾਲ ਜੁੜਨ ਦਾ ਸੱਦਾ ਦਿੱਤਾ। ਇਸ ਮੌਕੇ ਕਾਲਜ ਦੇ ਚੇਅਰਮੈਨ ਅਤੇ ਦਿੱਲੀ ਕਮੇਟੀ ਦੇ ਸੀਨੀਅਰ ਮੈਂਬਰ ਬੀਬੀ ਰਣਜੀਤ ਕੌਰ ਨੇ ਦੱਸਿਆ ਕਿ ਸੁਖਪ੍ਰੀਤ ਸਿੰਘ ਉਦੋਕੇ ਨੇ ਆਪਣੇ ਵਿਚਾਰਾਂ ਰਾਹੀਂ ਕਾਲਜ ਦੇ ਅਧਿਆਪਕਾ ਅਤੇ ਸਟਾਫ ਵਿੱਚ ਧਾਰਮਿਕ ਚੇਤਨਾ, ਇਤਿਹਾਸਕ ਸੂਝ ਅਤੇ ਕੌਮੀ ਮਾਣ ਦੀ ਭਾਵਨਾ ਨੂੰ ਮਜ਼ਬੂਤ ਕਰਨ ਦਾ ਯਤਨ ਕੀਤਾ। ਉਨ੍ਹਾਂ ਦੇ ਸੰਬੋਧਨ ਨੂੰ ਕਾਲਜ ਦੇ ਅਧਿਆਪਕਾ ਅਤੇ ਸਟਾਫ ਵੱਲੋਂ ਬਹੁਤ ਧਿਆਨ ਅਤੇ ਉਤਸ਼ਾਹ ਨਾਲ ਸੁਣਿਆ ਗਿਆ।
ਸੈਮਿਨਾਰ ਦੌਰਾਨ ਸੁਖਪ੍ਰੀਤ ਸਿੰਘ ਉਦੋਕੇ ਨੇ ਗੁਰੂ ਸਾਹਿਬਾਨਾਂ ਦੀਆਂ ਉੱਚੀਆਂ ਸਿਖਿਆਵਾਂ, ਸਿੱਖ ਕੌਮ ਦੀ ਸ਼ਾਨਦਾਰ ਵਿਰਾਸਤ ਅਤੇ ਕੁਰਬਾਨੀਆਂ ਭਰੇ ਇਤਿਹਾਸ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਨੇ ਅਪੀਲ ਕੀਤੀ ਕਿ ਉਹ ਆਪਣੀ ਮੂਲ ਪਛਾਣ, ਸੱਭਿਆਚਾਰ ਅਤੇ ਇਤਿਹਾਸ ਨਾਲ ਸਦਾ ਜੁੜੇ ਰਹਿਣ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵੀ ਸਿੱਖੀ ਦੇ ਅਸੂਲਾਂ ਤੋਂ ਪ੍ਰੇਰਣਾ ਲੈਂਦੀਆਂ ਰਹਿਣ। ਸੈਮਿਨਾਰ ਨੇ ਕਾਲਜ ਦੇ ਅਧਿਆਪਕਾ ਅਤੇ ਸਟਾਫ ਵਿੱਚ ਨਵਾਂ ਜੋਸ਼ ਅਤੇ ਆਪਣੇ ਧਰਮ ਪ੍ਰਤੀ ਹੋਰ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕੀਤੀ।
ਸੈਮਿਨਾਰ ਦੇ ਅੰਤ ਵਿੱਚ ਕਾਲਜ ਪ੍ਰਬੰਧਕਾਂ ਅਤੇ ਹਾਜ਼ਰ ਸ਼ਖਸੀਅਤਾਂ ਵੱਲੋਂ ਸੁਖਪ੍ਰੀਤ ਸਿੰਘ ਉਦੋਕੇ ਦਾ ਧੰਨਵਾਦ ਕੀਤਾ ਗਿਆ। ਕਾਲਜ ਦੇ ਅਧਿਆਪਕਾ ਅਤੇ ਸਟਾਫ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਉਨ੍ਹਾਂ ਨੂੰ ਨਾ ਸਿਰਫ਼ ਆਪਣੇ ਇਤਿਹਾਸ ਅਤੇ ਧਰਮ ਬਾਰੇ ਜਾਣਕਾਰੀ ਦਿੰਦੇ ਹਨ, ਸਗੋਂ ਜੀਵਨ ਵਿੱਚ ਚੰਗੇ ਮੁੱਲ ਅਪਣਾਉਣ ਲਈ ਵੀ ਪ੍ਰੇਰਿਤ ਕਰਦੇ ਹਨ। ਸਮਾਗਮ ਦਾ ਮਾਹੌਲ ਪੂਰੀ ਤਰ੍ਹਾਂ ਰੂਹਾਨੀ ਅਤੇ ਉਤਸ਼ਾਹ ਭਰਿਆ ਰਿਹਾ, ਜਿੱਥੇ ਹਾਜ਼ਰੀਨ ਨੇ ਸਿੱਖ ਵਿਰਾਸਤ ਨੂੰ ਅੱਗੇ ਲੈ ਕੇ ਜਾਣ ਦਾ ਸੰਕਲਪ ਵੀ ਕੀਤਾ। ਇਸ ਮੌਕੇ ਕਾਲਜ ਦੇ ਕੋ ਚੇਅਰਮੈਨ ਅਤੇ ਦਿੱਲੀ ਕਮੇਟੀ ਮੈਂਬਰ ਅਮਰਜੀਤ ਸਿੰਘ ਪੱਪੂ ਦੇ ਨਾਲ ਰਮਿੰਦਰ ਸਿੰਘ ਸਵੀਟਾ ਅਤੇ ਕਾਲਜ ਦੇ ਡਾਇਰੈਕਟਰ ਬੀਬੀ ਰੋਮਿੰਦਰ ਕੌਰ ਵੀ ਹਾਜਿਰ ਸਨ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਕਰਵਾਣ ਵਿਚ ਮਦਦ ਲਈ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਦੀ ਸਮੁੱਚੀ ਟੀਮ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ।