ਨਵੀਂ ਦਿੱਲੀ - ਭਾਰਤੀ ਰੇਲਵੇ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹਾਲ ਹੀ ਵਿੱਚ ਹੋਈਆਂ ਟ੍ਰੇਨ ਅੱਗ ਦੀਆਂ ਘਟਨਾਵਾਂ ਨੂੰ ਸੰਭਾਵਿਤ ਸਾਜ਼ਿਸ਼ ਕਰਾਰ ਦਿੱਤਾ ਹੈ। ਰੇਲ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਸ਼ੁਰੂਆਤੀ ਜਾਂਚ ਵਿੱਚ “ਅਸਾਮਾਜਿਕ ਤੱਤਾਂ” ਦੀ ਭੂਮਿਕਾ ਦੇ ਸੰਕੇਤ ਮਿਲੇ ਹਨ। ਹਾਲੀਆ ਦਿਨਾਂ ਵਿੱਚ ਅਮਰਪੁਰਾ, ਕੋਟਾ, ਸਸਾਰਾਮ ਅਤੇ ਹਾਵੜਾ ਵਿੱਚ ਟ੍ਰੇਨਾਂ ਦੇ ਡੱਬਿਆਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਸਭ ਤੋਂ ਤਾਜ਼ਾ ਮਾਮਲਾ ਹਾਵੜਾ ਸਟੇਸ਼ਨ ‘ਤੇ ਖੜ੍ਹੀ ਮਿਥਿਲਾ ਐਕਸਪ੍ਰੈੱਸ ਦਾ ਹੈ, ਜਿੱਥੇ ਇਕ ਕੋਚ ਵਿੱਚ ਅੱਗ ਲੱਗਣ ਤੋਂ ਬਾਅਦ ਜਾਂਚ ਦੌਰਾਨ ਬਾਥਰੂਮ ਵਿਚੋਂ ਪੈਟਰੋਲ ਨਾਲ ਭਿੱਜਿਆ ਅੱਧ-ਸੜਿਆ ਕੱਪੜਾ ਬਰਾਮਦ ਹੋਇਆ। ਰੇਲ ਮੰਤਰਾਲੇ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਰੇਲਵੇ ਕਰਮਚਾਰੀਆਂ ਨੇ ਤੁਰੰਤ ਕਾਰਵਾਈ ਕਰਕੇ ਅੱਗ ‘ਤੇ ਕਾਬੂ ਪਾ ਲਿਆ ਅਤੇ ਵੱਡਾ ਹਾਦਸਾ ਟਲ ਗਿਆ। ਮੰਤਰਾਲੇ ਮੁਤਾਬਕ ਸ਼ੁਰੂਆਤੀ ਤੱਥ ਇਹ ਦਰਸਾਉਂਦੇ ਹਨ ਕਿ ਕੁਝ ਅਸਾਮਾਜਿਕ ਤੱਤ ਯਾਤਰੀਆਂ ਵਿੱਚ ਡਰ ਅਤੇ ਅਫਰਾਤਫਰੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐਫ) ਅਤੇ ਹੋਰ ਜਾਂਚ ਏਜੰਸੀਆਂ ਮਾਮਲਿਆਂ ਦੀ ਗੰਭੀਰਤਾ ਨਾਲ ਜਾਂਚ ਕਰ ਰਹੀਆਂ ਹਨ। 17 ਮਈ ਨੂੰ ਤਿਰੁਵਨੰਤਪੁਰਮ– ਹਜ਼ਰਤ ਨਿਜ਼ਾਮੁੱਦੀਨ ਰਾਜਧਾਨੀ ਐਕਸਪ੍ਰੈੱਸ ਵਿੱਚ ਵੀ ਅੱਗ ਲੱਗੀ ਸੀ। ਇਹ ਘਟਨਾ ਮੱਧ ਪ੍ਰਦੇਸ਼ ਦੇ ਰਤਲਾਮ ਜ਼ਿਲ੍ਹੇ ਵਿੱਚ ਸਵੇਰੇ ਕਰੀਬ 5:30 ਵਜੇ ਵਾਪਰੀ। ਰੇਲਵੇ ਅਧਿਕਾਰੀਆਂ ਦੇ ਅਨੁਸਾਰ ਅੱਗ ਦੀਆਂ ਲਪਟਾਂ ਸਭ ਤੋਂ ਪਹਿਲਾਂ ਕੋਚ ਦੇ ਬਾਥਰੂਮ ਇਲਾਕੇ ਵਿੱਚ ਦੇਖੀਆਂ ਗਈਆਂ।
ਇਸ ਤੋਂ ਇਲਾਵਾ ਰਾਜਸਥਾਨ ਦੇ ਅਮਰਪੁਰਾ ਨੇੜੇ ਬਿਸਤਰੇ ਦੇ ਸਮਾਨ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਹੋਈ। ਸਸਾਰਾਮ ਵਿੱਚ ਇਕ ਖਾਲੀ ਕੋਚ ਵਿੱਚ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਸੜਦੀ ਚੀਜ਼ ਸੁੱਟਣ ਦੀ ਘਟਨਾ ਵੀ ਸਾਹਮਣੇ ਆਈ। ਰੇਲਵੇ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਚੇਤ ਰਹਿਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਜਾਣਕਾਰੀ ਰੇਲਵੇ ਹੈਲਪਲਾਈਨ 139 ‘ਤੇ ਦੇਣ।