ਨਵੀਂ ਦਿੱਲੀ- ਹਰਮੀਤ ਸਿੰਘ ਕਾਲਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਇੱਥੇ ਇੱਕ ਵਿਸ਼ੇਸ਼ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਾਰਡ ਨੰਬਰ 20 ਫਤਿਹ ਨਗਰ ਵਿੱਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਨੂੰ ਮਿਲ ਰਿਹਾ ਭਾਰੀ ਸਮਰਥਨ ਪਾਰਟੀ ਦੀ ਵਧਦੀ ਲੋਕਪ੍ਰਿਯਤਾ ਅਤੇ ਲੋਕਾਂ ਦੇ ਵਿਸ਼ਵਾਸ ਦਾ ਪ੍ਰਤੀਕ ਹੈ।
ਉਨ੍ਹਾਂ ਕਿਹਾ ਕਿ ਸਰਦਾਰ ਅਮਰਜੀਤ ਸਿੰਘ ਫਤਿਹ ਨਗਰ ਵੱਲੋਂ ਆਪਣੇ ਇਲਾਕੇ ਵਿੱਚ ਕਰਵਾਈ ਗਈ ਮੀਟਿੰਗ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਦਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵਿੱਚ ਸ਼ਾਮਲ ਹੋਣਾ ਇਸ ਗੱਲ ਦਾ ਸਪਸ਼ਟ ਸੰਕੇਤ ਹੈ ਕਿ ਲੋਕ ਪੰਥਕ ਸੋਚ ਅਤੇ ਸੇਵਾ ਦੀ ਰਾਜਨੀਤੀ ਨਾਲ ਜੁੜਨਾ ਚਾਹੁੰਦੇ ਹਨ।
ਇਸ ਮੌਕੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਸਰਦਾਰ ਅਮਰਜੀਤ ਸਿੰਘ ਫਤਿਹ ਨਗਰ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਲਈ ਲਗਾਤਾਰ ਮਿਹਨਤ, ਸਮਰਪਣ ਅਤੇ ਵਚਨਬੱਧਤਾ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਮਾਜ ਅਤੇ ਪੰਥ ਦੀ ਸੇਵਾ ਲਈ ਇਸ ਤਰ੍ਹਾਂ ਦੇ ਸਮਰਪਿਤ ਕਾਰਕੁਨਾਂ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੈ।
ਸਰਦਾਰ ਕਾਲਕਾ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਪਾਰਟੀ ਕਾਰਕੁਨਾਂ ਦੀ ਵੱਡੀ ਗਿਣਤੀ ਵਿੱਚ ਮੌਜੂਦਗੀ ਨੇ ਇਸ ਇਕੱਠ ਨੂੰ ਹੋਰ ਵੀ ਉਤਸ਼ਾਹਪੂਰਨ ਅਤੇ ਅਰਥਪੂਰਨ ਬਣਾਇਆ। ਉਨ੍ਹਾਂ ਕਿਹਾ ਕਿ ਲੋਕਾਂ ਦਾ ਪਿਆਰ ਅਤੇ ਵਿਸ਼ਵਾਸ ਪਾਰਟੀ ਲਈ ਸਭ ਤੋਂ ਵੱਡੀ ਤਾਕਤ ਹੈ।
ਸਰਦਾਰ ਹਰਮੀਤ ਸਿੰਘ ਕਾਲਕਾ ਨੇ ਸੰਗਤਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਆਓ, ਅਸੀਂ ਸਾਰੇ ਇਕਜੁੱਟਤਾ, ਸੇਵਾ ਅਤੇ ਸਮਰਪਣ ਦੀ ਭਾਵਨਾ ਨਾਲ ਪੰਥ ਅਤੇ ਸਮਾਜ ਦੀ ਚੜ੍ਹਦੀ ਕਲਾ ਲਈ ਮਿਲ ਕੇ ਕੰਮ ਕਰੀਏ ਅਤੇ ਆਪਸੀ ਸਾਂਝ ਅਤੇ ਭਾਈਚਾਰੇ ਨੂੰ ਹੋਰ ਮਜ਼ਬੂਤ ਬਣਾਈਏ।
ਇਸ ਮੀਟਿੰਗ ਵਿੱਚ ਸੀਨੀਅਰ ਮੀਤ ਪ੍ਰਧਾਨ ਸ. ਹਰਵਿੰਦਰ ਸਿੰਘ ਕੇ.ਪੀ. , ਮੀਤ ਪ੍ਰਧਾਨ ਸ. ਆਤਮਾ ਸਿੰਘ ਲੁਬਾਣਾ, ਬੀਬੀ ਰਣਜੀਤ ਕੌਰ ਮੈਂਬਰ, ਮੈਂਬਰ ਸ. ਕੁਲਤਾਰਨ ਸਿੰਘ, ਸ. ਰਮਿੰਦਰ ਸਿੰਘ ਸਵੀਟਾ, ਸ. ਗੁਰਦੇਵ ਸਿੰਘ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ।