ਨੈਸ਼ਨਲ

“ਬਿਨੁ ਕਰਤਾਰ ਨ ਕਿਰਤਮ ਮਾਨੋ’ : ਡੇਰੇਦਾਰਾਂ ਦੇ ਚਮਤਕਾਰਾਂ ਉੱਤੇ ਗੁਰਬਾਣੀ ਦਾ ਕਰਾਰਾ ਵਾਰ”: ਭਾਈ ਸ਼ੁਭਦੀਪ ਸਿੰਘ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | May 30, 2026 07:03 PM

ਨਵੀਂ ਦਿੱਲੀ - ਅੱਜ ਦੇ ਯੁੱਗ ਦਾ ਸਭ ਤੋਂ ਵੱਡਾ ਰੋਗ ਇਹ ਨਹੀਂ ਕਿ ਮਨੁੱਖ ਨਾਸ਼ਤਿਕ ਹੋ ਗਿਆ ਹੈ, ਰੋਗ ਇਹ ਹੈ ਕਿ ਉਹ ਆਪਣੇ ਆਪ ਨੂੰ ਹੀ “ਕਰਤਾਰ” ਸਮਝ ਬੈਠਾ ਹੈ। ਕੋਈ ਕੁਰਸੀ ‘ਤੇ ਬੈਠ ਕੇ ਲੋਕਾਂ ਦੀ ਕਿਸਮਤ ਲਿਖਣ ਦਾ ਦਾਅਵਾ ਕਰਦਾ ਹੈ, ਕੋਈ ਧਰਮ ਦੇ ਨਾਮ ‘ਤੇ ਆਪਣੀ ਦੁਕਾਨ ਚਲਾਉਂਦਾ ਹੈ, ਕੋਈ ਸੋਸ਼ਲ ਮੀਡੀਆ ਦੇ ਦੋ ਮਿੰਟਾਂ ਦੇ ਸ਼ੋਰ ਨੂੰ ਸੱਚ ਦਾ ਤਖ਼ਤ ਸਮਝ ਬੈਠਾ ਹੈ। ਹਰ ਕੋਈ ਆਪਣੇ ਆਪ ਨੂੰ ਕੇਂਦਰ ਬਣਾਉਣ ਵਿੱਚ ਲੱਗਾ ਹੈ। ਇੰਨ੍ਹਾ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਦੇ ਹਜੂਰੀ ਰਾਗੀ ਭਾਈ ਸ਼ੁਭਦੀਪ ਸਿੰਘ ਨੇ ਕਿਹਾ ਗੁਰਬਾਣੀ ਦੀ ਇਹ ਪੰਕਤੀ “ਬਿਨੁ ਕਰਤਾਰ ਨ ਕਿਰਤਮ ਮਾਨੋ” ਅੱਜ ਦੇ ਸਮੇਂ ਉੱਤੇ ਇਕ ਤਿੱਖੀ ਚੋਟ ਹੈ। ਭਾਵ ਇਹ ਕਿ ਸਿਰਜਣਹਾਰ ਤੋਂ ਬਿਨਾਂ ਕਿਸੇ ਹੋਰ ਦੀ ਕਿਰਤ, ਤਾਕਤ ਜਾਂ ਔਕਾਤ ਨੂੰ ਅਸਲੀ ਨਾ ਮੰਨੋ। ਪਰ ਅੱਜ ਤਾਂ ਹਾਲਤ ਉਲਟੀ ਹੈ। ਲੋਕ “ਰੱਬ” ਨੂੰ ਨਹੀਂ, “ਰੁਤਬੇ” ਨੂੰ ਮੱਥਾ ਟੇਕਦੇ ਹਨ। ਸੱਚ ਨੂੰ ਨਹੀਂ, “ਟ੍ਰੈਂਡ” ਨੂੰ ਸਲਾਮ ਕਰਦੇ ਹਨ। ਸਭ ਤੋਂ ਵੱਡਾ ਦੁੱਖ ਇਹ ਹੈ ਕਿ ਪਿੰਡਾਂ ਦੀ ਸਾਦੀ- ਭੋਲੀ ਲੋਕਾਈ, ਜਿਸਨੂੰ ਗੁਰੂ ਘਰ ਨਾਲ ਜੁੜਨਾ ਸੀ, ਉਹ ਅੱਜ ਡੇਰਿਆਂ ਦੇ ਦਰਵਾਜ਼ਿਆਂ ‘ਤੇ ਮੱਥੇ ਰਗੜ ਰਹੀ ਹੈ। ਜਿਸ ਸਿਰ ਨੇ ਕੇਵਲ ਅਕਾਲ ਪੁਰਖ ਵਾਹਿਗੁਰੂ ਅੱਗੇ ਝੁਕਣਾ ਸੀ, ਉਹ ਅੱਜ ਮਨੁੱਖਾਂ ਨੂੰ “ਜੀਵੰਤ ਰੱਬ” ਮੰਨ ਕੇ ਉਨ੍ਹਾਂ ਦੇ ਚਰਨਾਂ ਵਿੱਚ ਡਿੱਗ ਰਿਹਾ ਹੈ। ਉਨ੍ਹਾਂ ਦਸਿਆ ਕਿ ਗੁਰੂ ਸਾਹਿਬ ਨੇ ਤਾਂ ਸਾਫ਼ ਆਖਿਆ ਸੀ, “ਰਾਖਨਹਾਰੁ ਅਪਾਰੁ ਪ੍ਰਭੁ ਤਾ ਕਾ ਅੰਤੁ ਨ ਪਾਰਾਵਾਰੁ ॥” ਪਰ ਅੱਜ ਲੋਕ ਅਪਾਰ ਕਰਤਾਰ ਨੂੰ ਛੱਡ ਕੇ ਡੇਰਿਆਂ ਦੇ “ਚਮਤਕਾਰਾਂ” ਦੇ ਪਿੱਛੇ ਭੱਜ ਰਹੇ ਹਨ। ਕਿਸੇ ਨੂੰ ਪੁੱਤਰ ਚਾਹੀਦਾ, ਕਿਸੇ ਨੂੰ ਨੌਕਰੀ, ਕਿਸੇ ਨੂੰ ਬਿਮਾਰੀ ਦਾ ਡਰ ਅਤੇ ਡੇਰੇਦਾਰ ਇਨ੍ਹਾਂ ਡਰਾਂ ਨੂੰ ਹੀ ਆਪਣਾ ਵਪਾਰ ਬਣਾ ਬੈਠੇ ਹਨ। ਉਨ੍ਹਾਂ ਕਿਹਾ ਇਹ ਡੇਰੇ ਸਿਰਫ਼ ਇਮਾਰਤਾਂ ਨਹੀਂ ਰਹੇ, ਇਹ ਮਨੁੱਖੀ ਕਮਜ਼ੋਰੀਆਂ ਦੇ ਬਾਜ਼ਾਰ ਬਣ ਗਏ ਹਨ। ਜਿੱਥੇ ਸ਼ਰਧਾ ਨਹੀਂ ਵਿਕਦੀ, ਉੱਥੇ ਡਰ ਵੇਚਿਆ ਜਾਂਦਾ ਹੈ। ਜਿੱਥੇ ਨਾਮ ਨਹੀਂ ਮਿਲਦਾ, ਉੱਥੇ ਅੰਧਵਿਸ਼ਵਾਸ ਵੰਡਿਆ ਜਾਂਦਾ ਹੈ। ਪਿੰਡਾਂ ਵਿੱਚ ਅੱਜ ਇਹ ਹਾਲ ਹੈ ਕਿ ਲੋਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਘੱਟ ਪੜ੍ਹਦੇ ਹਨ, ਪਰ ਕਿਸੇ ਡੇਰੇਦਾਰ ਦੇ “ਬਚਨ” ਨੂੰ ਅੱਖਰਾਂ ਵਾਂਗ ਮੰਨਦੇ ਹਨ। ਘਰਾਂ ਵਿੱਚ ਨਿਤਨੇਮ ਦੀ ਆਵਾਜ਼ ਮੰਦ ਪੈ ਰਹੀ ਹੈ, ਪਰ ਡੇਰਿਆਂ ਦੇ ਜੈਕਾਰਿਆਂ ਲਈ ਲਾਊਡਸਪੀਕਰ ਗੂੰਜ ਰਹੇ ਹਨ।
ਉਨ੍ਹਾਂ ਦਸਿਆ ਕਿ ਗੁਰੂ ਸਾਹਿਬ ਨੇ ਤਾਂ ਪਹਿਲਾਂ ਹੀ ਚੇਤਾਇਆ ਸੀ, “ਅੰਧਾ ਅੰਧੁ ਕਮਾਵਦਾ ਦੋਵੈ ਕੂਪਿ ਪਵਾਹਿ ॥” ਅੱਜ ਇੱਕ ਅੰਨਾ ਭਗਤ ਬਣਿਆ ਹੋਇਆ ਹੈ, ਤੇ ਦੂਜਾ “ਬਾਬਾ”। ਇੱਕ ਸੋਚਣਾ ਛੱਡ ਬੈਠਾ ਹੈ, ਤੇ ਦੂਜਾ ਉਸਦੀ ਸੋਚ ਉੱਤੇ ਰਾਜ ਕਰ ਰਿਹਾ ਹੈ। ਉਨ੍ਹਾਂ ਕਿਹਾ ਦੁੱਖ ਦੀ ਗੱਲ ਇਹ ਨਹੀਂ ਕਿ ਡੇਰੇ ਬਣ ਗਏ, ਦੁੱਖ ਇਹ ਹੈ ਕਿ ਗੁਰੂ ਦੇ ਸਿੱਖ ਨੇ ਗੁਰੂ ਨਾਲੋਂ ਡੇਰੇਦਾਰ ਨੂੰ ਵੱਡਾ ਮੰਨ ਲਿਆ। ਜਿਸ ਕੌਮ ਨੇ “ਮਨੁੱਖ ਦੀ ਪੂਜਾ” ਦੇ ਖ਼ਿਲਾਫ਼ ਇਤਿਹਾਸ ਰਚਿਆ ਸੀ, ਉਹੀ ਅੱਜ ਮਨੁੱਖਾਂ ਦੀਆਂ ਤਸਵੀਰਾਂ ਅੱਗੇ ਦੀਵੇ ਬਾਲ ਰਹੀ ਹੈ। ਉਨ੍ਹਾਂ ਕਿਹਾ ਗੁਰਬਾਣੀ ਸਾਫ਼ ਆਖਦੀ ਹੈ : “ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥” ਪਰ ਅੱਜ ਮਨੁੱਖ ਆਪਣੇ ਅੰਦਰਲੇ ਵਾਹਿਗੁਰੂ ਨੂੰ ਭੁੱਲ ਕੇ ਬਾਹਰਲੇ ਚਿਹਰਿਆਂ ਵਿੱਚ ਮੁਕਤੀ ਲੱਭ ਰਿਹਾ ਹੈ। ਉਨ੍ਹਾਂ ਕਿਹਾ ਇਹ ਸਮਾਂ ਚਿਹਰਿਆਂ ਦਾ ਨਹੀਂ, ਚਰਿੱਤਰ ਦਾ ਇਮਤਿਹਾਨ ਹੈ। ਅੱਜ ਲੋੜ ਇਸ ਗੱਲ ਦੀ ਨਹੀਂ ਕਿ ਕੌਣ ਕਿੰਨਾ ਉੱਚਾ ਬੋਲਦਾ ਹੈ; ਲੋੜ ਇਸ ਗੱਲ ਦੀ ਹੈ ਕਿ ਕੌਣ ਗੁਰੂ ਦੀ ਬਾਣੀ ਵੱਲ ਮੁੜਦਾ ਹੈ ਅਤੇ ਕੌਣ ਭੀੜਾਂ ਦੇ ਪਿੱਛੇ ਲੱਗ ਕੇ ਆਪਣੀ ਸੋਚ ਗੁਆ ਬੈਠਦਾ ਹੈ। ਭਾਈ ਸ਼ੁਭਦੀਪ ਸਿੰਘ ਦਸਿਆ ਕਿ “ਬਿਨੁ ਕਰਤਾਰ ਨ ਕਿਰਤਮ ਮਾਨੋ” ਇਹ ਸਿਰਫ਼ ਆਧਿਆਤਮਿਕ ਉਪਦੇਸ਼ ਨਹੀਂ, ਅੱਜ ਦੇ ਡੇਰਾਵਾਦ ਉੱਤੇ ਸਭ ਤੋਂ ਵੱਡਾ ਪ੍ਰਹਾਰ ਹੈ। ਅੰਤ ਵਿਚ ਉਨ੍ਹਾਂ ਕਿਹਾ ਕੁਰਸੀਆਂ ਡਿੱਗ ਜਾਣਗੀਆਂ, ਡੇਰੇ ਸੁੰਨੇ ਹੋ ਜਾਣਗੇ, ਭੀੜਾਂ ਛਿਟਕ ਜਾਣਗੀਆਂ, ਪਰ ਸੱਚਾ ਅਕਾਲ ਪੁਰਖ ਅਤੇ ਗੁਰੂ ਦੀ ਬਾਣੀ ਸਦੀਵ ਕਾਇਮ ਰਹੇਗੀ।

 

Have something to say? Post your comment

 
 
 
 

ਨੈਸ਼ਨਲ

ਹਰਭਜਨ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ

ਜੂਨ 84 ਦੇ ਘਲੂਘਾਰੇ ਵਿਚ ਸ਼ਹੀਦ ਹੋਏ ਸਿੰਘ ਸਿੰਘਣੀਆਂ ਦੀ ਸ਼ਹਾਦਤ ਕੌਮ ਲਈ ਸਦੀਵੀ ਚਾਨਣ: ਸ਼੍ਰੋਮਣੀ ਰਾਗੀ ਸਭਾ ਸ਼੍ਰੀ ਅੰਮ੍ਰਿਤਸਰ

ਸ਼੍ਰੋਮਣੀ ਕਮੇਟੀ ਦੀ ਚੋਣ ਨਾ ਕਰਵਾਉਣ ਲਈ ਕੇਂਦਰ ਸਰਕਾਰ ਜ਼ਿੰਮੇਵਾਰ- ਪਰਮਜੀਤ ਸਿੰਘ ਸਰਨਾ

ਦਿੱਲੀ ਕਮੇਟੀ ਚੋਣਾਂ ਤੋਂ ਭੱਜ ਰਹੇ ਮੌਜੂਦਾ ਪ੍ਰਬੰਧਕ, ਹਾਈ ਕੋਰਟ ਦੀ ਆੜ ‘ਚ ਕੁਰਸੀ ਬਚਾਉਣ ਦੀ ਕੋਸ਼ਿਸ਼..?

ਉੱਤਰੀ ਭਾਰਤ ਵਿੱਚ ਗਰਮੀ ਤੋਂ ਰਾਹਤ, ਗਰਜ-ਤੂਫ਼ਾਨ ਅਤੇ ਮੀਂਹ ਦੀ ਚੇਤਾਵਨੀ; ਅਗਲੇ ਦੋ ਦਿਨਾਂ ਵਿੱਚ ਘਟੇਗਾ ਤਾਪਮਾਨ 

ਗੁਰਮਤਿ ਸੰਗੀਤ ਦੇ ਪ੍ਰਚਾਰ ਲਈ ਨਵਪ੍ਰੀਤ ਕੌਰ ਦੇ ਉਪਰਾਲੇ ਕਾਬਿਲ-ਏ-ਤਾਰੀਫ਼ : ਬੀਬੀ ਰਣਜੀਤ ਕੌਰ

ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਝਟਕਾ, ਅਮਨਜੀਤ ਸਿੰਘ ਦਿੱਲੀ ਸਟੇਟ ਅਕਾਲੀ ਦਲ ’ਚ ਸ਼ਾਮਲ

ਦਿੱਲੀ ਕਮੇਟੀ ਚੋਣਾਂ ਟਾਲਣ ਲਈ ਸਰਕਾਰੀ ਤਾਕਤਾਂ ਦਾ ਦੁਰਪਯੋਗ ਹੋ ਰਿਹਾ : ਸਰਨਾ/ਸ਼ੰਟੀ

ਰਾਮ ਰਹੀਮ ਨੂੰ 16ਵੀਂ ਵਾਰ ਪਰੋਲ, ਪਰ ਬੰਦੀ ਸਿੰਘਾਂ ਲਈ ਦੇਸ਼ ਦਾ ਕਾਨੂੰਨ ਕਿਉਂ ਹੁੰਦਾ ਖਾਮੋਸ਼” — ਭਾਈ ਪਰਮਜੀਤ ਸਿੰਘ ਵੀਰਜੀ

ਦੇਸ਼ ਵਿੱਚ ਕਿਸ ਤਰ੍ਹਾਂ ਦੀ ਸਰਕਾਰ ਹੈ ਜੋ ਇੱਕ ਪੇਪਰ ਠੀਕ ਤਰ੍ਹਾਂ ਨਹੀਂ ਕਰਵਾ ਪਾ ਰਹੀ - ਕੇਜਰੀਵਾਲ