ਨਵੀਂ ਦਿੱਲੀ- ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ 'ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੇਸ਼ ਵਾਸੀਆਂ ਨੂੰ ਵਾਤਾਵਰਣ ਦੀ ਸੁਰੱਖਿਆ ਲਈ ਸਾਂਝੇ ਯਤਨ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ "ਪਵਣੁ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤੁ" ਵਿੱਚ ਕੁਦਰਤ ਦੀ ਮਹੱਤਤਾ ਦਾ ਡੂੰਘਾ ਸੰਦੇਸ਼ ਸਮਾਇਆ ਹੋਇਆ ਹੈ, ਜਿਸ ਨੂੰ ਅਪਣਾ ਕੇ ਹੀ ਅਸੀਂ ਵਾਤਾਵਰਣ ਦੀ ਰੱਖਿਆ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਵੱਧ ਰਿਹਾ ਪ੍ਰਦੂਸ਼ਣ, ਜੰਗਲਾਂ ਦੀ ਕਟਾਈ, ਪਾਣੀ ਦੇ ਘਟਦੇ ਸਰੋਤ ਅਤੇ ਮੌਸਮੀ ਤਬਦੀਲੀਆਂ ਮਨੁੱਖਤਾ ਲਈ ਗੰਭੀਰ ਚੁਣੌਤੀਆਂ ਹਨ। ਇਸ ਲਈ ਹਰ ਨਾਗਰਿਕ ਦਾ ਫ਼ਰਜ਼ ਬਣਦਾ ਹੈ ਕਿ ਉਹ ਰੁੱਖ ਲਗਾਉਣ, ਪਾਣੀ ਦੀ ਬੱਚਤ ਕਰਨ, ਪਲਾਸਟਿਕ ਦੀ ਘੱਟ ਵਰਤੋਂ ਕਰਨ ਅਤੇ ਸਫ਼ਾਈ ਤੇ ਹਰਿਆਵਲੀ ਵਧਾਉਣ ਲਈ ਯੋਗਦਾਨ ਪਾਏ। ਕਾਲਕਾ ਅਤੇ ਕਾਹਲੋਂ ਨੇ ਕਿਹਾ ਕਿ ਰੁੱਖ ਲਗਾਉਣਾ ਕੇਵਲ ਇੱਕ ਦਿਨ ਦੀ ਰਸਮ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼, ਸੁੰਦਰ ਅਤੇ ਸੁਰੱਖਿਅਤ ਧਰਤੀ ਯਕੀਨੀ ਬਣਾਉਣ ਦਾ ਮਹੱਤਵਪੂਰਨ ਉਪਰਾਲਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖੁਦ ਵੀ ਵਾਤਾਵਰਣ ਪ੍ਰਤੀ ਜਾਗਰੂਕ ਬਣਨ ਅਤੇ ਆਪਣੇ ਪਰਿਵਾਰਾਂ ਤੇ ਸਮਾਜ ਨੂੰ ਵੀ ਇਸ ਲਈ ਪ੍ਰੇਰਿਤ ਕਰਨ।