ਨੈਸ਼ਨਲ

ਡਾ. ਬਲਵਿੰਦਰ ਕੌਰ ਬਰਿਆਣਾ ਦੀ ਕਿਤਾਬ "ਤੁਹੀ ਨਿਸ਼ਾਨੀ ਜੀਤ ਕੀ" ਨੇ ਸਿੱਖ ਸ਼ਸਤ੍ਰ ਵਿਰਾਸਤ ਦੇ ਅਣਛੁਹੇ ਪੱਖ ਕੀਤੇ ਉਜਾਗਰ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | June 08, 2026 07:35 PM

ਨਵੀਂ ਦਿੱਲੀ - ਪ੍ਰਸਿੱਧ ਖੋਜਕਾਰ, ਵਿਦਵਾਨ ਅਤੇ ਲੇਖਿਕਾ ਡਾ. ਬਲਵਿੰਦਰ ਕੌਰ ਬਰਿਆਣਾ ਵੱਲੋਂ ਦਸ ਸਾਲਾਂ ਦੀ ਅਥਕ ਮਿਹਨਤ ਅਤੇ ਡੂੰਘੀ ਖੋਜ ਤੋਂ ਬਾਅਦ ਤਿਆਰ ਕੀਤੀ ਗਈ ਕਿਤਾਬ "ਤੁਹੀ ਨਿਸ਼ਾਨੀ ਜੀਤ ਕੀ" ਨੇ ਸਿੱਖ ਸ਼ਸਤ੍ਰ ਕਲਾ, ਸਾਕਾ ਨੀਲਾ ਤਾਰਾ ਵਿਚ ਮਲਬੇ ਅੰਦਰ ਦੱਬ ਗਏ ਇਤਿਹਾਸਿਕ ਸ਼ਸ਼ਤਰ, ਇਤਿਹਾਸਕ ਵਿਰਾਸਤ ਅਤੇ ਗੁਰੂ ਸਾਹਿਬਾਨ ਨਾਲ ਸੰਬੰਧਤ ਦੁਰਲੱਭ ਸ਼ਸਤ੍ਰਾਂ ਦੇ ਅਣਗੌਲੇ ਪੱਖਾਂ ਨੂੰ ਨਵੀਂ ਰੌਸ਼ਨੀ ਵਿੱਚ ਪੇਸ਼ ਕੀਤਾ ਹੈ। ਸਿੱਖ ਇਤਿਹਾਸ ਅਤੇ ਵਿਰਾਸਤ ਦੇ ਖੇਤਰ ਵਿੱਚ ਇਹ ਪੁਸਤਕ ਇੱਕ ਮਹੱਤਵਪੂਰਨ ਦਸਤਾਵੇਜ਼ ਵਜੋਂ ਸਾਹਮਣੇ ਆਈ ਹੈ, ਜਿਸ ਨੂੰ ਵਿਦਵਾਨ ਵਰਗ ਵੱਲੋਂ ਇੱਕ ਮੀਲ-ਪੱਥਰ ਰਚਨਾ ਮੰਨਿਆ ਜਾ ਰਿਹਾ ਹੈ। ਡਾ. ਬਲਵਿੰਦਰ ਕੌਰ ਬਰਿਆਣਾ ਟਕਸਾਲੀ ਗੁਰਸਿੱਖ ਪਰਿਵਾਰ ਨਾਲ ਸੰਬੰਧਿਤ ਹਨ। ਉਹ ਸਵਰਗਵਾਸੀ ਜਥੇਦਾਰ ਪ੍ਰੀਤਮ ਸਿੰਘ ਮੁਕੇਰੀਆਂ ਦੀ ਧੀ ਹਨ, ਜਿਨ੍ਹਾਂ ਨੇ ਧਰਮ ਯੁੱਧ ਮੋਰਚੇ ਦੌਰਾਨ ਲੰਬਾ ਜੇਲ੍ਹ ਵਾਸ ਕੱਟਿਆ। ਉਹ ਪ੍ਰਸਿੱਧ ਪੱਤਰਕਾਰ ਪਰਮਿੰਦਰ ਸਿੰਘ ਬਰਿਆਣਾ ਦੀ ਧਰਮ ਪਤਨੀ ਵੀ ਹਨ। ਉਨ੍ਹਾਂ ਨੇ ਸੰਨ 1990 ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਅੰਗਰੇਜ਼ੀ ਵਿਸ਼ੇ ਵਿੱਚ ਐੱਮ.ਏ. ਦੀ ਡਿਗਰੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਪੰਜਾਬੀ ਵਿਸ਼ੇ ਵਿੱਚ ਐੱਮ.ਏ. ਕਰਨ ਉਪਰੰਤ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ‘ਹਰਿੰਦਰ ਸਿੰਘ ਮਹਿਬੂਬ ਤੇ ਵਾਲਟ ਵਿਟਮੈਨ, ਤੁਲਨਾਤਮਕ ਅਧਿਐਨ’ ਵਿਸ਼ੇ ਉੱਤੇ ਖੋਜ ਕਰਕੇ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ। ਇਹ ਖੋਜ-ਕਾਰਜ ਆਪਣੇ ਆਪ ਵਿੱਚ ਇੱਕ ਨਿਵੇਕਲਾ ਅਤੇ ਵਿਲੱਖਣ ਯਤਨ ਸੀ, ਜਿਸ ਦੀ ਵਿਦਵਾਨਾਂ ਵੱਲੋਂ ਭਰਪੂਰ ਪ੍ਰਸ਼ੰਸਾ ਕੀਤੀ ਗਈ। ਡਾ. ਬਰਿਆਣਾ ਦੀ ਕਿਤਾਬ "ਤੁਹੀ ਨਿਸ਼ਾਨੀ ਜੀਤ ਕੀ" ਸਿੱਖ ਧਰਮ ਵਿੱਚ ਸ਼ਸਤ੍ਰਾਂ ਦੀ ਮਹੱਤਤਾ ਨੂੰ ਕੇਵਲ ਯੁੱਧ ਦੇ ਸਾਧਨ ਨਹੀਂ, ਸਗੋਂ ਮਨੁੱਖੀ ਅਜ਼ਾਦੀ, ਧਾਰਮਿਕ ਸੁਤੰਤਰਤਾ, ਸਮਾਜਿਕ ਨਿਆਂ ਅਤੇ ਜ਼ੁਲਮ ਵਿਰੁੱਧ ਸੰਘਰਸ਼ ਦੇ ਪ੍ਰਤੀਕ ਵਜੋਂ ਪੇਸ਼ ਕਰਦੀ ਹੈ। ਆਪਣੀ ਖੋਜ ਵਿੱਚ ਉਨ੍ਹਾਂ ਨੇ ਸਾਬਤ ਕੀਤਾ ਹੈ ਕਿ ਸਿੱਖ ਪਰੰਪਰਾ ਵਿੱਚ ਸ਼ਸਤ੍ਰਾਂ ਦੀ ਵਰਤੋਂ ਕਦੇ ਵੀ ਹਮਲਾਵਰ ਮਨੋਵਿਰਤੀ, ਰਾਜਸੀ ਲਾਲਸਾ ਜਾਂ ਜ਼ਮੀਨੀ ਵਿਸਥਾਰ ਲਈ ਨਹੀਂ ਕੀਤੀ ਗਈ, ਸਗੋਂ ਕਮਜ਼ੋਰਾਂ ਦੀ ਰੱਖਿਆ ਅਤੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਲਈ ਕੀਤੀ ਗਈ।
ਕਿਤਾਬ ਵਿੱਚ ਗੁਰੂ ਸਾਹਿਬਾਨ ਦੇ ਦੁਰਲੱਭ ਸ਼ਸਤ੍ਰਾਂ ਦੀਆਂ ਤਸਵੀਰਾਂ ਦੇ ਨਾਲ-ਨਾਲ ਉਨ੍ਹਾਂ ਨਾਲ ਸੰਬੰਧਿਤ ਵਿਲੱਖਣ ਇਤਿਹਾਸਕ ਜਾਣਕਾਰੀ ਵੀ ਸ਼ਾਮਲ ਕੀਤੀ ਗਈ ਹੈ। ਲੇਖਿਕਾ ਨੇ ਭਾਰਤ ਦੀ ਪ੍ਰਾਚੀਨ ਸ਼ਸਤ੍ਰ ਵਿਦਿਆ ਨੂੰ ਅਫ਼ਗਾਨ, ਮੁਗ਼ਲ ਅਤੇ ਅੰਗਰੇਜ਼ ਹਮਲਿਆਂ ਕਾਰਨ ਪਹੁੰਚੇ ਨੁਕਸਾਨ ਦਾ ਵੀ ਵਿਸਥਾਰ ਨਾਲ ਵਰਣਨ ਕੀਤਾ ਹੈ। ਵਿਸ਼ੇਸ਼ ਤੌਰ 'ਤੇ 1966 ਵਿੱਚ ਲਾਰਡ ਡਲਹੌਜ਼ੀ ਦੀ ਪੋਤਰੀ ਲੇਡੀ ਲਿੰਡਸੇ ਵੱਲੋਂ ਸਾਹਿਬ-ਏ-ਕਮਾਲ ਨਾਲ ਸੰਬੰਧਤ ਇਤਿਹਾਸਕ ਸ਼ਸਤ੍ਰ ਵਾਪਸ ਭੇਜੇ ਜਾਣ ਦੀ ਘਟਨਾ ਨੂੰ ਇਤਿਹਾਸਕ ਨਿਆਂ ਦੀ ਇੱਕ ਮਹੱਤਵਪੂਰਨ ਮਿਸਾਲ ਵਜੋਂ ਦਰਸਾਇਆ ਗਿਆ ਹੈ। ਖੋਜ ਦੌਰਾਨ ਡਾ. ਬਰਿਆਣਾ ਨੇ 1984 ਦੇ ਫ਼ੌਜੀ ਹਮਲੇ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਤਿਹਾਸਕ ਸ਼ਸਤ੍ਰਾਂ ਨੂੰ ਹੋਏ ਨੁਕਸਾਨ ਬਾਰੇ ਵੀ ਮਹੱਤਵਪੂਰਨ ਜਾਣਕਾਰੀ ਇਕੱਠੀ ਕੀਤੀ। ਉਸ ਸਮੇਂ ਦੇ ਫ਼ਰਾਸ਼ ਸਵਰਨ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਕਿਤਾਬ ਵਿੱਚ ਦਰਸਾਇਆ ਗਿਆ ਹੈ ਕਿ ਬੰਬਾਰੀ ਕਾਰਨ ਗੁਰੂ ਸਾਹਿਬਾਨ ਨਾਲ ਸੰਬੰਧਤ ਕਈ ਅਨਮੋਲ ਸ਼ਸਤ੍ਰ ਬੁਰੀ ਤਰ੍ਹਾਂ ਨੁਕਸਾਨੇ ਗਏ ਸਨ। ਬਾਅਦ ਵਿੱਚ ਹਜ਼ੂਰ ਸਾਹਿਬ ਦੇ ਬਾਬਾ ਨਰਿੰਦਰ ਸਿੰਘ ਦੀ ਅਗਵਾਈ ਹੇਠ ਇਨ੍ਹਾਂ ਸ਼ਸਤ੍ਰਾਂ ਦੀ ਵਿਸ਼ੇਸ਼ ਸੇਵਾ ਅਤੇ ਪੁਨਰ-ਸੰਭਾਲ ਕੀਤੀ ਗਈ। ਕਿਤਾਬ ਦਾ ਇੱਕ ਹੋਰ ਮਹੱਤਵਪੂਰਨ ਪੱਖ ਸਿੱਖ ਸ਼ਸਤ੍ਰ ਪਰੰਪਰਾ ਦੇ ਰੂਹਾਨੀ ਅਤੇ ਦਾਰਸ਼ਨਿਕ ਅਧਾਰਾਂ ਨੂੰ ਉਜਾਗਰ ਕਰਨਾ ਹੈ। ਲੇਖਿਕਾ ਅਨੁਸਾਰ ਸਿੱਖ ਸ਼ਸਤ੍ਰ ਕਲਾ ਦੀ ਬੁਨਿਆਦ ਗੁਰੂ ਨਾਨਕ ਦੇਵ ਜੀ ਦੇ ਸੱਚ, ਨਿਆਂ ਅਤੇ ਜ਼ੁਲਮ ਵਿਰੁੱਧ ਉਚਾਰੇ ਸੰਦੇਸ਼ ਵਿੱਚ ਨਿਹਿਤ ਹੈ, ਜੋ ਅੱਗੇ ਚੱਲ ਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਮੀਰੀ-ਪੀਰੀ ਦੀ ਸੰਕਲਪਨਾ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਖ਼ਾਲਸਾ ਸਾਜਨਾ ਰਾਹੀਂ ਪੂਰਨਤਾ ਤੱਕ ਪਹੁੰਚਦੀ ਹੈ। ਡਾ. ਬਲਵਿੰਦਰ ਕੌਰ ਬਰਿਆਣਾ ਦਾ ਕਹਿਣਾ ਹੈ ਕਿ ਇਹ ਕਿਤਾਬ ਸਿਰਫ਼ ਇਤਿਹਾਸਕ ਸ਼ਸਤ੍ਰਾਂ ਦਾ ਵੇਰਵਾ ਨਹੀਂ, ਸਗੋਂ ਸਿੱਖ ਕੌਮ ਦੇ ਸੰਘਰਸ਼, ਆਤਮ-ਸਨਮਾਨ, ਨਿਆਂ ਅਤੇ ਮਨੁੱਖੀ ਅਧਿਕਾਰਾਂ ਲਈ ਕੀਤੀ ਗਈ ਲੰਮੀ ਲੜਾਈ ਦਾ ਜੀਵੰਤ ਦਸਤਾਵੇਜ਼ ਹੈ। ਉਨ੍ਹਾਂ ਅਨੁਸਾਰ ਇਹ ਰਚਨਾ ਉਨ੍ਹਾਂ ਦੀ "ਰੂਹ ਦਾ ਸਫ਼ਰ" ਹੈ, ਜਿਸ ਰਾਹੀਂ ਉਹਨਾਂ ਨੇ ਸਿੱਖ ਵਿਰਾਸਤ ਦੇ ਅਣਗੌਲੇ ਅਤੇ ਅਣਛੁਹੇ ਪੱਖਾਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਯਤਨ ਕੀਤਾ ਹੈ। ਵੱਖ-ਵੱਖ ਅਖ਼ਬਾਰਾਂ ਵਿੱਚ ਲੇਖ ਲਿਖਣ ਵਾਲੀ ਡਾ. ਬਲਵਿੰਦਰ ਕੌਰ ਬਰਿਆਣਾ ਇਸ ਸਮੇਂ ਇੱਕ ਸਰਕਾਰੀ ਸਕੂਲ ਵਿੱਚ ਅੰਗਰੇਜ਼ੀ ਲੈਕਚਰਾਰ ਵਜੋਂ ਸੇਵਾਵਾਂ ਨਿਭਾ ਰਹੀ ਹੈ। ਉਨ੍ਹਾਂ ਦੀ ਇਹ ਕਿਤਾਬ ਸਿੱਖ ਇਤਿਹਾਸ, ਸ਼ਸਤ੍ਰ ਕਲਾ ਅਤੇ ਵਿਰਾਸਤੀ ਸੰਭਾਲ ਵਿੱਚ ਦਿਲਚਸਪੀ ਰੱਖਣ ਵਾਲੇ ਖੋਜਕਾਰਾਂ, ਵਿਦਵਾਨਾਂ ਅਤੇ ਆਮ ਪਾਠਕਾਂ ਲਈ ਇੱਕ ਅਮੁੱਲ ਅਤੇ ਮਹੱਤਵਪੂਰਨ ਦਸਤਾਵੇਜ਼ ਸਾਬਤ ਹੋ ਰਹੀ ਹੈ। ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਜਦੋਂ ਸਿੱਖ ਧਰਮ, ਇਤਿਹਾਸ ਅਤੇ ਸਾਹਿਤ ਦੀ ਗੱਲ ਹੋਵੇਗੀ, ਇਹ ਕਿਤਾਬ ਨਿਸ਼ਚਿਤ ਤੌਰ 'ਤੇ ਉਸ ਚਰਚਾ ਦਾ ਅਹਿਮ ਹਿੱਸਾ ਬਣੇਗੀ।

Have something to say? Post your comment

 
 
 
 

ਨੈਸ਼ਨਲ

ਸਰਕਾਰ ਨੂੰ ਆਰਥਿਕ ਸਥਿਤੀ, ਬੇਰੁਜ਼ਗਾਰੀ ਅਤੇ ਮਹਿੰਗਾਈ ਨਾਲ ਸਬੰਧਤ ਮੁੱਦਿਆਂ 'ਤੇ ਚਰਚਾ ਕਰਨ ਲਈ ਸਰਬ-ਪਾਰਟੀ ਮੀਟਿੰਗ ਬੁਲਾਉਣੀ ਚਾਹੀਦੀ ਹੈ- ਖੜਗੇ

ਇੰਡੀਆ ਬਲਾਕ ਮੀਟਿੰਗ ਤੋਂ ਤਾਮਿਲਨਾਡੂ ਗੈਰਹਾਜ਼ਰ, ਡੀਐਮਕੇ ਗੈਰਹਾਜ਼ਰ, ਟੀਵੀਕੇ ਨੂੰ ਸੱਦਾ ਨਹੀਂ ਦਿੱਤਾ ਗਿਆ

ਹਰਦੀਪ ਸਿੰਘ ਨਿੱਝਰ ਦੇ ਤੀਸਰੇ ਸਲਾਨਾ ਸ਼ਹੀਦੀ ਦਿਹਾੜੇ ਮੌਕੇ ਵਿਸ਼ਾਲ ਸਮਾਗਮਾਂ ਦਾ ਐਲਾਨ: ਭਾਈ ਤੂਰ, ਭਾਈ ਰੰਧਾਵਾ

ਯੂਕੇ ਵਿੱਚ ਹੈਨਰੀ ਨੋਵਾਕ ਕਤਲ ਮਾਮਲੇ ਤੋਂ ਬਾਅਦ ਸਿੱਖਾਂ ਖ਼ਿਲਾਫ਼ ਵਧੀਆਂ ਨਫ਼ਰਤੀ ਘਟਨਾਵਾਂ

ਹੈਨਰੀ ਨੋਵਾਕ ਦੀ ਯਾਦ ਵਿੱਚ ਅਰਦਾਸ ਸਮਾਗਮ 10 ਜੂਨ ਨੂੰ ਗੁਰਦੁਆਰਾ ਕਲਗੀਧਰ, ਸੁਭਾਸ਼ ਨਗਰ ਦਿੱਲੀ ਵਿਖੇ ਹੋਵੇਗਾ: ਸਰਨਾ

ਗਰਮ ਖਿਆਲੀ ਜਥੇਬੰਦੀਆਂ ਸਿੱਖ ਨੌਜਵਾਨਾਂ ਨੂੰ ਗੁੰਮਰਾਹ ਨਾ ਕਰਨ: ਗੁਨਜੀਤ ਸਿੰਘ ਬਖ਼ਸ਼ੀ

6 ਜੂਨ 1984 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ, ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਅਰਦਾਸ: ਹਰਮੀਤ ਸਿੰਘ ਕਾਲਕਾ

ਗੁਰਦੁਆਰਾ ਬੰਗਲਾ ਸਾਹਿਬ ਵਿਖ਼ੇ ਧਰਮ ਪ੍ਰਚਾਰ ਮੁੱਖੀ ਆਸਾ ਦੀ ਵਾਰ ਵੀ ਸਮੇਂ ਸਿਰ ਨਾ ਕਰਵਾ ਸਕੇ, ਦੇਣ ਅਸਤੀਫਾ- ਵੀਰਜੀ

ਦਿੱਲੀ ਦੀ ਅਦਾਲਤ ਨੇ ਸਿੱਖ ਕਤਲੇਆਮ ਵਿਚ ਨਾਮਜਦ ਜਗਦੀਸ਼ ਟਾਈਟਲਰ ਨੂੰ ਪਾਸਪੋਰਟ ਨਵਿਆਉਣ ਲਈ ਐਨਓਸੀ ਦਿੱਤਾ

ਜੂਨ 84 ਦੇ ਫੌਜੀ ਹਮਲੇ ਦੀ ਜਾਂਚ ਸੁਪਰੀਮ ਕੋਰਟ ਦੇ ਮੌਜੂਦਾ ਜੱਜਾਂ ਦੁਆਰਾ ਸਮਾਂ ਬੱਧ ਜਾਂਚ ਕੀਤੀ ਜਾਵੇ ਬੱਬਰ ਨੇ ਲਿਖਿਆ ਪ੍ਰਧਾਨ ਮੰਤਰੀ ਨੂੰ ਪੱਤਰ