ਨਵੀਂ ਦਿੱਲੀ- ਬ੍ਰਿਟੇਨ ਵਿੱਚ ਮਾਰੇ ਗਏ 18 ਸਾਲਾ ਹੈਨਰੀ ਨੋਵਾਕ ਦੀ ਯਾਦ ਵਿੱਚ 10 ਜੂਨ ਨੂੰ ਪੱਛਮੀ ਦਿੱਲੀ ਦੇ ਗੁਰਦੁਆਰਾ ਕਲਗੀਧਰ ਖਾਲਸਾ ਸੇਵਕ ਸਭਾ, ਸੁਭਾਸ਼ ਨਗਰ ਵਿਖੇ ਗੁਰੂ ਕਾ ਕੀਰਤਨ ਅਤੇ ਅਰਦਾਸ ਸਮਾਗਮ ਕਰਵਾਇਆ ਜਾਵੇਗਾ। ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਕਰਵਾਏ ਜਾ ਰਹੇ ਇਸ ਸਮਾਗਮ ਦਾ ਮਕਸਦ ਹੈਨਰੀ ਨੋਵਾਕ ਨੂੰ ਸ਼ਰਧਾਂਜਲੀ ਭੇਟ ਕਰਨਾ ਅਤੇ ਉਸਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨਾ ਹੈ। ਸਰਨਾ ਨੇ ਕਿਹਾ ਕਿ ਸਿੱਖ ਧਰਮ ਦਾ ਸਿਧਾਂਤ “ਸਰਬੱਤ ਦਾ ਭਲਾ” ਮਨੁੱਖਤਾ ਦੀ ਭਲਾਈ ਲਈ ਹੈ ਅਤੇ ਦੁੱਖ-ਦਰਦ ਦੀ ਕੋਈ ਜਾਤ, ਧਰਮ ਜਾਂ ਦੇਸ਼ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਸਿੱਖ ਕੌਮ ਹਰ ਪੀੜਤ ਦੇ ਨਾਲ ਖੜ੍ਹਨ ਦੀ ਪਰੰਪਰਾ ਰੱਖਦੀ ਹੈ ਅਤੇ ਇਸੇ ਭਾਵਨਾ ਤਹਿਤ ਇਹ ਅਰਦਾਸ ਸਮਾਗਮ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬ੍ਰਿਟੇਨ ਵਿੱਚ ਵੀ ਸਿੱਖ ਭਾਈਚਾਰੇ ਵੱਲੋਂ ਹੈਨਰੀ ਦੀ ਯਾਦ ਵਿੱਚ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ ਅਤੇ ਦਿੱਲੀ ਦਾ ਇਹ ਸਮਾਗਮ ਉਸੇ ਭਾਵਨਾ ਦਾ ਵਿਸਥਾਰ ਹੈ। ਓਨ੍ਹਾ ਕਿਹਾ ਸਮਾਗਮ ਲਈ ਭਾਰਤ ਵਿੱਚ ਬ੍ਰਿਟੇਨ ਦੀ ਹਾਈ ਕਮਿਸ਼ਨਰ ਲਿੰਡੀ ਕੈਮਰਨ ਸਮੇਤ ਅਮਰੀਕਾ, ਕੈਨੇਡਾ ਅਤੇ ਆਸਟ੍ਰੇਲੀਆ ਦੇ ਰਾਜਦੂਤਾਂ ਅਤੇ ਹਾਈ ਕਮਿਸ਼ਨਰਾਂ ਨੂੰ ਵੀ ਸੱਦੇ ਭੇਜੇ ਗਏ ਹਨ। ਸਰਨਾ ਨੇ ਦਸਿਆ ਕਿ ਅਰਦਾਸ ਸਮਾਗਮ 10 ਜੂਨ ਨੂੰ ਦੁਪਹਿਰ 3 ਵਜੇ ਤੋਂ 4 ਵਜੇ ਤੱਕ ਗੁਰਦੁਆਰਾ ਕਲਗੀਧਰ ਖਾਲਸਾ ਸੇਵਕ ਸਭਾ, ਬੇਰੀ ਵਾਲਾ ਬਾਗ, ਸੁਭਾਸ਼ ਨਗਰ, ਨਵੀਂ ਦਿੱਲੀ ਵਿਖੇ ਹੋਵੇਗਾ ਤੇ ਇਸ ਮੌਕੇ ਵਡੀ ਗਿਣਤੀ ਵਿਚ ਸੰਗਤਾਂ ਨੂੰ ਹਾਜ਼ਿਰੀ ਭਰਣ ਦੀ ਅਪੀਲ ਕੀਤੀ ਗਈ ਹੈ ।