ਨਵੀਂ ਦਿੱਲੀ - ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਸਕੱਤਰ ਭਾਈ ਗੁਰਮੀਤ ਸਿੰਘ ਤੂਰ ਅਤੇ ਮੈਂਬਰ ਭਾਈ ਨਰਿੰਦਰ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਅਤੇ ਟੀਮ ਸ਼ਹੀਦ ਨਿੱਝਰ ਵੱਲੋਂ ਸ਼ਹੀਦ ਜਥੇਦਾਰ ਭਾਈ ਹਰਦੀਪ ਸਿੰਘ ਨਿੱਝਰ ਦੇ ਤੀਸਰੇ ਸਲਾਨਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਕੌਮੀ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਓਨ੍ਹਾ ਕਿਹਾ ਸਮਾਗਮਾਂ ਦੀ ਸ਼ੁਰੂਆਤ 7 ਜੂਨ 2026 ਨੂੰ ਮਾਤਾ ਸਾਹਿਬ ਕੌਰ ਹਾਲ ਨੰਬਰ 2, ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ, ਸ਼ਹੀਦੀ ਅਸਥਾਨ ਸਰੀ ਵਿਖੇ ਸਵੇਰੇ 11 ਵਜੇ ਸ੍ਰੀ ਸਹਿਜ ਪਾਠ ਸਾਹਿਬ ਦੇ ਆਰੰਭ ਨਾਲ ਹੋਈ। ਓਨ੍ਹਾ ਦਸਿਆ 18 ਜੂਨ 2026 ਨੂੰ ਸਵੇਰੇ 9 ਵਜੇ ਸ੍ਰੀ ਸਹਿਜ ਪਾਠ ਸਾਹਿਬ ਦੇ ਸੰਪੂਰਨ ਭੋਗ ਪਾਏ ਜਾਣਗੇ। ਇਸ ਉਪਰੰਤ ਸਵੇਰੇ 10 ਵਜੇ ਤੋਂ 11 ਵਜੇ ਤੱਕ ਸ਼ਰਧਾਂਜਲੀ ਸਮਾਗਮ ਅਤੇ ਸੰਕਲਪ ਸਮਾਰੋਹ ਕਰਵਾਇਆ ਜਾਵੇਗਾ, ਜਿਸ ਵਿੱਚ ਸ਼ਹੀਦ ਪਰਿਵਾਰ, ਪ੍ਰਮੁੱਖ ਬੁਲਾਰੇ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਮੂਲੀਅਤ ਕਰਨਗੀਆਂ। ਓਨ੍ਹਾ ਕਿਹਾ ਇਸੇ ਦਿਨ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਵੈਨਕੂਵਰ ਸਥਿਤ ਭਾਰਤੀ ਕੌਂਸਲਖਾਨੇ ਦੇ ਬਾਹਰ ਸਿੱਖਸ ਫ਼ਾਰ ਜਸਟਿਸ ਵੱਲੋਂ ਵਿਸ਼ੇਸ਼ ਅਦਾਲਤ ਅਤੇ ਸਲਾਨਾ ਵਿਰੋਧ ਪ੍ਰਦਰਸ਼ਨ ਆਯੋਜਿਤ ਕੀਤਾ ਜਾਵੇਗਾ। ਇਸ ਪ੍ਰੋਗਰਾਮ ਦਾ ਉਦੇਸ਼ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਲਈ ਇਨਸਾਫ਼ ਦੀ ਮੰਗ ਨੂੰ ਹੋਰ ਮਜ਼ਬੂਤ ਕਰਨਾ ਹੈ। ਓਨ੍ਹਾ ਦਸਿਆ 20 ਜੂਨ 2026 ਨੂੰ ਮਿਰਾਜ ਬੈਂਕੁਇਟ ਹਾਲ, ਸਰੀ ਵਿਖੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਅਤੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਦਸਤਾਰ ਅਤੇ ਦੁਮਾਲਾ ਸਜਾਉਣ ਦੇ ਮੁਕਾਬਲੇ ਕਰਵਾਏ ਜਾਣਗੇ। ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ਵਿੱਚ ਬੱਚਿਆਂ ਲਈ ਵਿਸ਼ੇਸ਼ ਇਨਾਮ ਵੀ ਰੱਖੇ ਗਏ ਹਨ। ਅੰਤ ਵਿਚ ਓਨ੍ਹਾ ਦਸਿਆ ਸਾਰੇ ਸਮਾਗਮਾਂ ਦੌਰਾਨ ਗੁਰੂ ਕੇ ਅਤੁੱਟ ਲੰਗਰ ਵਰਤਾਏ ਜਾਣਗੇ। ਪ੍ਰਬੰਧਕਾਂ ਵੱਲੋਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵੱਡੀ ਗਿਣਤੀ ਵਿੱਚ ਪਹੁੰਚ ਕੇ ਸ਼ਹੀਦ ਦੀ ਯਾਦ ਨੂੰ ਸਮਰਪਿਤ ਇਨ੍ਹਾਂ ਸਮਾਗਮਾਂ ਵਿੱਚ ਹਾਜ਼ਰੀ ਭਰਨ ਅਤੇ ਕੌਮੀ ਏਕਤਾ ਦਾ ਪ੍ਰਗਟਾਵਾ ਕਰਨ।