ਅੰਮ੍ਰਿਤਸਰ-¸ਖਾਲਸਾ ਯੂਨੀਵਰਸਿਟੀ ਅਧੀਨ ਸਕੂਲ ਆਫ਼ ਲਾਅ ਵੱਲੋਂ ਅਕਾਦਮਿਕ ਸੈਸ਼ਨ 2026-27 ਲਈ ਬੀ. ਏ. ਐੱਲ. ਐੱਲ. ਬੀ. (ਪੰਜ ਸਾਲਾ) ਅਤੇ ਬੀ. ਕਾਮ. ਐੱਲ. ਐੱਲ. ਬੀ. (ਪੰਜ ਸਾਲਾ) ਇੰਟੀਗ੍ਰੇਟਿਡ ਕੋਰਸਾਂ ’ਚ ਦਾਖਲੇ ਲਈ ਐਂਟਰੈਂਸ ਟੈਸਟ ਕਰਵਾਇਆ ਗਿਆ। ’ਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਰਵਾਏ ਗਏ ਇਸ ਟੈਸਟ ’ਚ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਸਮੇਤ ਹੋਰਨਾਂ ਰਾਜਾਂ ਤੋਂ ਵੀ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।
ਇਸ ਮੌਕੇ ਡਾ. ਮਹਿਲ ਸਿੰਘ ਨੇ ਫ਼ੈਕਲਟੀ ਆਫ਼ ਲੀਗਲ ਸਾਇੰਸਸ ਡੀਨ ਪ੍ਰੋ: (ਡਾ.) ਜਸਪਾਲ ਸਿੰਘ ਦੀ ਦੇਖ-ਰੇਖ ਹੇਠ ਉਕਤ ਕੋਰਸਾਂ ਸਬੰਧੀ ਕਰਵਾਏ ਗਏ ਐਂਟਰੈਂਸ ਟੈਸਟ ਦੀ ਸਫ਼ਲਤਾ ’ਤੇ ਸੰਤੁਸ਼ਟੀ ਜਾਹਿਰ ਕਰਦਿਆਂ ਕਿਹਾ ਕਿ ਕਾਨੂੰਨੀ ਸਿੱਖਿਆ ਕਿਸੇ ਵੀ ਲੋਕਤੰਤਰੀ ਸਮਾਜ ਦੀ ਮਜ਼ਬੂਤੀ ਦਾ ਆਧਾਰ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ’ਚ ਕਾਨੂੰਨ ਦੀ ਪੜ੍ਹਾਈ ਸਿਰਫ਼ ਵਕਾਲਤ ਤੱਕ ਸੀਮਿਤ ਨਹੀਂ ਰਹੀ, ਸਗੋਂ ਇਹ ਪ੍ਰਸ਼ਾਸਨ, ਨਿਆਂ ਪ੍ਰਣਾਲੀ, ਕਾਰਪੋਰੇਟ ਖੇਤਰ ਅਤੇ ਸਮਾਜਿਕ ਵਿਕਾਸ ਨਾਲ ਵੀ ਸਿੱਧੇ ਤੌਰ ’ਤੇ ਜੁੜੀ ਹੋਈ ਹੈ।
ਉਨ੍ਹਾਂ ਕਿਹਾ ਕਿ ’ਵਰਸਿਟੀ ਦਾ ਸਕੂਲ ਆਫ ਲਾਅ ਵਿਦਿਆਰਥੀਆਂ ਨੂੰ ਉੱਚ ਪੱਧਰੀ ਅਕਾਦਮਿਕ ਗਿਆਨ ਦੇ ਨਾਲ-ਨਾਲ ਵਿਹਾਰਕ ਤਜਰਬਾ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਵੀ ਜੋੜਦਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦਾ ਉਦੇਸ਼ ਅਜਿਹੇ ਕਾਨੂੰਨਦਾਨ ਤਿਆਰ ਕਰਨਾ ਹੈ ਜੋ ਨਾ ਸਿਰਫ਼ ਆਪਣੇ ਪੇਸ਼ੇ ’ਚ ਕਾਮਯਾਬ ਹੋਣ, ਸਗੋਂ ਸਮਾਜ ’ਚ ਇਨਸਾਫ਼, ਬਰਾਬਰੀ ਅਤੇ ਮਨੁੱਖੀ ਅਧਿਕਾਰਾਂ ਦੀ ਸਥਾਪਨਾ ਲਈ ਵੀ ਯੋਗਦਾਨ ਪਾਉਣ। ਉਨ੍ਹਾਂ ਦਾਖਲਾ ਟੈਸਟ ’ਚ ਭਾਗ ਲੈਣ ਵਾਲੇ ਸਮੂਹ ਉਮੀਦਵਾਰਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ‘ਖਾਲਸਾ ਯੂਨੀਵਰਸਿਟੀ’ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਇਕ ਉੱਤਮ ਸਿੱਖਿਆਕ ਮੰਚ ਪ੍ਰਦਾਨ ਕਰਨ ਲਈ ਵਚਨਬੱਧ ਹੈ।
ਇਸ ਮੌਕੇ ਡਾ. ਜਸਪਾਲ ਸਿੰਘ ਨੇ ਕਿਹਾ ਕਿ ਖਾਲਸਾ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਕਾਨੂੰਨੀ ਸਿੱਖਿਆ ਦੇ ਖੇਤਰ ਵਿੱਚ ਉੱਚ ਪੱਧਰੀ ਅਕਾਦਮਿਕ ਮਾਹੌਲ ਅਤੇ ਵਿਹਾਰਕ ਸਿਖਲਾਈ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਉਕਤ ਇੰਟੀਗ੍ਰੇਟਿਡ ਕੋਰਸ ਵਿਦਿਆਰਥੀਆਂ ਨੂੰ ਕਾਨੂੰਨ ਦੇ ਨਾਲ-ਨਾਲ ਸਮਾਜਿਕ ਵਿਗਿਆਨ ਅਤੇ ਵਪਾਰਕ ਸਿੱਖਿਆ ਦਾ ਵਿਸਤ੍ਰਿਤ ਗਿਆਨ ਪ੍ਰਦਾਨ ਕਰਦੇ ਹਨ, ਜਿਸ ਨਾਲ ਉਨ੍ਹਾਂ ਦੇ ਰੁਜ਼ਗਾਰ ਅਤੇ ਪੇਸ਼ੇਵਰ ਮੌਕੇ ਹੋਰ ਵੱਧਦੇ ਹਨ। ਉਨ੍ਹਾਂ ਕਿਹਾ ਕਿ ਸਕੂਲ ਆਫ ਲਾਅ ਤਜਰਬੇਕਾਰ ਫੈਕਲਟੀ, ਆਧੁਨਿਕ ਲਾਇਬ੍ਰੇਰੀ, ਮੂਟ ਕੋਰਟ, ਕਾਨੂੰਨੀ ਸਹਾਇਤਾ ਕਲੀਨਿਕ ਅਤੇ ਖੋਜ-ਅਧਾਰਿਤ ਸਿੱਖਿਆ ਰਾਹੀਂ ਵਿਦਿਆਰਥੀਆਂ ਨੂੰ ਕਾਨੂੰਨੀ ਖੇਤਰ ਦੀਆਂ ਚੁਣੌਤੀਆਂ ਲਈ ਤਿਆਰ ਕਰਦਾ ਹੈ। ਇੱਥੇ ਵਿਦਿਆਰਥੀਆਂ ਨੂੰ ਅਦਾਲਤੀ ਕਾਰਵਾਈ, ਕਾਨੂੰਨੀ ਖੋਜ ਅਤੇ ਵਕਾਲਤੀ ਹੁਨਰਾਂ ਨਾਲ ਜੋੜਨ ਲਈ ਵਿਸ਼ੇਸ਼ ਗਤੀਵਿਧੀਆਂ ਦਾ ਆਯੋਜਨ ਵੀ ਕੀਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਉਪਰੋਕਤ ਕਰਵਾਏ ਗਏ ਇਸ ਪ੍ਰਵੇਸ਼ ਟੈਸਟ ਦੌਰਾਨ ਵਿਦਿਆਰਥੀਆਂ ਲਈ ਸੁਚੱਜੇ ਅਤੇ ਪਾਰਦਰਸ਼ੀ ਪ੍ਰਬੰਧ ਕੀਤੇ ਗਏ ਸਨ। ਉਮੀਦਵਾਰਾਂ ਦੀ ਸਹੂਲਤ ਲਈ ਵੱਖ-ਵੱਖ ਹਾਲਾਂ ’ਚ ਬੈਠਣ ਦੀ ਵਿਵਸਥਾ ਕੀਤੀ ਗਈ ਅਤੇ ਪ੍ਰੀਖਿਆ ਦੀ ਨਿਗਰਾਨੀ ਲਈ ਯੋਗ ਅਧਿਆਪਕਾਂ ਅਤੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ।
ਇਸ ਮੌਕੇ ਡਾ. ਜਸਪਾਲ ਸਿੰਘ ਨੇ ਕਿਹਾ ਕਿ ਦਾਖਲੇ ਵਾਸਤੇ 350 ਵਿਦਿਆਰਥੀ ਹਾਜ਼ਰ ਹੋਏ। ਉਨ੍ਹਾਂ ਕਿਹਾ ਕਿ ਇਸ ਟੈਸਟ ਦਾ ਨਤੀਜਾ 29 ਜੂਨ ਨੂੰ ਐਲਾਨਿਆ ਜਾਵੇਗਾ ਅਤੇ ਮੈਰਿਟ ਅਤੇ ਪੰਜਾਬ ਸਰਕਾਰ ਦੀ ਰਿਜ਼ਰਵੇਸ਼ਨ ਪਾਲਿਸੀ ਅਨੁਸਾਰ ਵਿਦਿਆਰਥੀ ਦਾਖਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਦਾਖਲੇ ਲਈ ਕਾੳਂੂਸਲਿੰਗ ਮੈਰਿਟ ਅਨੁਸਾਰ 30 ਜੂਨ ਤੋਂ ਖਾਲਸਾ ਯੂਨੀਵਰਸਿਟੀ ਦੀ ਵੈਬਸਾਇਟ ’ਤੇ ਪ੍ਰਕਾਸ਼ਿਤ ਹੋਣ ਵਾਲੇ ਵੇਰਵੇ ਅਨੁਸਾਰ ਕਰਵਾਈ ਜਾਵੇਗੀ।