ਨਵੀਂ ਦਿੱਲੀ - ਹਰਦੀਪ ਸਿੰਘ ਨਿੱਝਰ ਦੇ ਤੀਸਰੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵੱਖ-ਵੱਖ ਧਾਰਮਿਕ ਅਤੇ ਕੌਮੀ ਸਮਾਗਮ ਕਰਵਾਏ ਗਏ। ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਮੈਂਬਰ ਭਾਈ ਨਰਿੰਦਰ ਸਿੰਘ ਰੰਧਾਵਾ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ 7 ਜੂਨ ਤੋਂ ਸ਼ੁਰੂ ਹੋਈ ਸਮਾਗਮਾਂ ਦੀ ਲੜੀ ਤਹਿਤ ਸ੍ਰੀ ਸਹਿਜ ਪਾਠ ਸਾਹਿਬ ਦੇ ਆਰੰਭ ਕਰਵਾਏ ਗਏ, ਜਿਨ੍ਹਾਂ ਦੇ ਭੋਗ 18 ਜੂਨ ਨੂੰ ਗੁਰੂ ਨਾਨਕ ਸਿੱਖ ਗੁਰਦੁਆਰਾ, ਸਰੀ ਵਿਖੇ ਪਾਏ ਗਏ। ਇਸ ਮੌਕੇ ਭਾਈ ਨਿੱਝਰ ਦੇ ਪਰਿਵਾਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ, ਜਦਕਿ ਬੁਲਾਰਿਆਂ ਨੇ ਉਨ੍ਹਾਂ ਦੇ ਜੀਵਨ, ਸੰਘਰਸ਼, ਪੰਥਕ ਸੇਵਾਵਾਂ ਅਤੇ ਖਾਲਸਾਈ ਅਸੂਲਾਂ ਪ੍ਰਤੀ ਅਟੱਲ ਵਚਨਬੱਧਤਾ ਨੂੰ ਸਤਿਕਾਰ ਨਾਲ ਯਾਦ ਕੀਤਾ। ਓਨ੍ਹਾ ਦਸਿਆ ਕਿ ਇਸੇ ਦਿਨ ਵੈਨਕੂਵਰ ਸਥਿਤ ਭਾਰਤੀ ਅੰਬੈਸੀ ਦੇ ਬਾਹਰ ਸਿਟੀਜ਼ਨ ਕੋਰਟ ਦਾ ਆਯੋਜਨ ਕੀਤਾ ਗਿਆ ਸੀ, ਜਿੱਥੇ ਸੈਂਕੜਿਆਂ ਦੀ ਗਿਣਤੀ ਵਿੱਚ ਸੰਗਤਾਂ ਅਤੇ ਕੌਮੀ ਕਾਰਕੁਨਾਂ ਨੇ ਹਾਜ਼ਰੀ ਭਰਦਿਆਂ ਭਾਈ ਨਿੱਝਰ ਲਈ ਇਨਸਾਫ਼ ਦੀ ਮੰਗ ਬੁਲੰਦ ਕੀਤੀ। ਬੁਲਾਰਿਆਂ ਨੇ ਕਿਹਾ ਕਿ ਭਾਈ ਨਿੱਝਰ ਦੀ ਸ਼ਹਾਦਤ ਸਿਰਫ਼ ਇੱਕ ਵਿਅਕਤੀ ਦੀ ਕੁਰਬਾਨੀ ਨਹੀਂ, ਸਗੋਂ ਸਿੱਖ ਕੌਮ ਦੀ ਹੱਕ-ਸੱਚ ਲਈ ਚੱਲ ਰਹੇ ਸੰਘਰਸ਼ ਦਾ ਪ੍ਰਤੀਕ ਹੈ। ਇਸ ਮੌਕੇ ਸੰਗਤਾਂ ਨੇ ਇਨਸਾਫ਼ ਅਤੇ ਸੱਚ ਸਾਹਮਣੇ ਲਿਆਉਣ ਦੀ ਮੰਗ ਨੂੰ ਦੁਹਰਾਉਂਦਿਆਂ ਕੌਮੀ ਏਕਤਾ ਦਾ ਪ੍ਰਗਟਾਵਾ ਕੀਤਾ। ਭਾਈ ਰੰਧਾਵਾ ਨੇ ਦਸਿਆ ਕਿ 20 ਜੂਨ ਨੂੰ ਮਰਾਜ ਬੈਂਕੁਐਟ ਹਾਲ ਵਿਖੇ ਦਸਤਾਰ ਅਤੇ ਦੁਮਾਲਾ ਸਜਾਉਣ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਨੌਜਵਾਨਾਂ ਅਤੇ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ। ਜੇਤੂ ਬੱਚਿਆਂ ਨੂੰ ਵਿਸ਼ੇਸ਼ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮਾਂ ਵਿੱਚ ਭਾਈ ਅਵਤਾਰ ਸਿੰਘ ਪੰਨੂ, ਡਾ. ਬਖਸ਼ੀਸ਼ ਸਿੰਘ ਸੰਧੂ, ਭਾਈ ਬਿਕਰਮਜੀਤ ਸਿੰਘ, ਭਾਈ ਗੁਰਦਿਆਲ ਸਿੰਘ, ਭਾਈ ਮਹਿੰਦਰ ਸਿੰਘ ਅਤੇ ਭਾਈ ਰਣਜੀਤ ਸਿੰਘ ਸਹੋਤਾ ਨੇ ਹਾਜ਼ਰੀ ਭਰੀ।