ਨਵੀਂ ਦਿੱਲੀ - ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਦੇ ਬਾਵਜੂਦ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਪਾਕਿਸਤਾਨ ਹਾਈ ਕਮਿਸ਼ਨ ਪਹੁੰਚੇ ਵਫ਼ਦ ਵੱਲੋਂ ਸਿੱਖ ਸ਼ਰਧਾਲੂਆਂ ਲਈ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਦਾ ਰਾਹ ਸੁਖਾਲਾ ਕਰਨ ਅਤੇ ਵੱਧ ਤੋਂ ਵੱਧ ਵੀਜ਼ੇ ਦਿਵਾਉਣ ਦੀ ਕੋਸ਼ਿਸ਼ ਦਾ ਸਵਾਗਤ ਹੋਣਾ ਚਾਹੀਦਾ ਹੈ। ਹੈਰਾਨੀ ਦੀ ਗੱਲ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਜਨਮਭੂਮੀ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਅਤੇ ਹੋਰ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ ਰਾਹ ਪੱਧਰਾ ਕਰਨ ਦੀ ਕੋਸ਼ਿਸ਼ ’ਤੇ ਵੀ ਸਿੱਖਾਂ ਵੱਲੋਂ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਸੁਰੱਖਿਆ ਚਿੰਤਾਵਾਂ ਆਪਣੀ ਥਾਂ ਹਨ, ਪਰ ਗੁਰੂ ਘਰਾਂ ਨਾਲ ਸੰਗਤ ਦਾ ਰਿਸ਼ਤਾ ਸ਼ੱਕ ਦੀ ਨਜ਼ਰ ਨਾਲ ਦੇਖਣ ਦੀ ਬਜਾਏ ਉਸ ਲਈ ਰਾਹ ਆਸਾਨ ਕਰਨਾ ਸਮੇਂ ਦੀ ਲੋੜ ਹੈ। ਪੱਛਮੀ ਦਿੱਲੀ ਦੇ ਵਾਰਡ ਨੰਬਰ 32 ਜਨਕਪੁਰੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਉਮੀਦਵਾਰ ਸਰਦਾਰ ਸੰਤ ਮੀਤ ਸਿੰਘ ਨੇ ਕਿਹਾ ਕਿ ਜੇ ਭਾਰਤ ਸਰਕਾਰ ਸਮੇਂ ਦੇ ਬਦਲਾਅ ਨਾਲ ਆਈ ਪੀ ਸੀ ਦੀ ਥਾਂ ਬੀ ਐਨ ਐਸ ਵਰਗਾ ਨਵਾਂ ਕਾਨੂੰਨੀ ਢਾਂਚਾ ਲਿਆ ਸਕਦੀ ਹੈ ਅਤੇ ਪੁਰਾਣੇ ਕਾਨੂੰਨਾਂ ਨੂੰ ਨਵੇਂ ਹਾਲਾਤਾਂ ਅਨੁਸਾਰ ਬਦਲ ਸਕਦੀ ਹੈ ਤਾਂ ਭਾਰਤ- ਪਾਕਿਸਤਾਨ ਸਬੰਧਾਂ ਨੂੰ ਨਿਯਮਤ ਕਰਨ ਵਾਲੇ ਸ਼ਿਮਲਾ ਸਮਝੌਤੇ ਨੂੰ ਵੀ ਬਦਲਦੇ ਹਾਲਾਤਾਂ ਅਨੁਸਾਰ ਨਵੇਂ ਰੂਪ ਵਿੱਚ ਤਿਆਰ ਕਰਨ ਬਾਰੇ ਵਿਚਾਰ ਕਿਉਂ ਨਹੀਂ ਹੋ ਸਕਦਾ? ਜਦੋਂ ਕਾਨੂੰਨ ਅਤੇ ਨੀਤੀਆਂ ਬਦਲ ਸਕਦੀਆਂ ਹਨ ਤਾਂ ਸਿੱਖ ਸ਼ਰਧਾਲੂਆਂ ਲਈ ਗੁਰਧਾਮਾਂ ਦੇ ਦਰਸ਼ਨਾਂ ਦੀ ਵੀਜ਼ਾ ਪ੍ਰਕਿਰਿਆ ਅਤੇ ਯਾਤਰਾ ਪ੍ਰਬੰਧ ਵੀ ਸੁਖਾਲੇ ਕੀਤੇ ਜਾ ਸਕਦੇ ਹਨ। ਸਿੱਖ ਅੱਜ ਵੀ ਅਰਦਾਸ ਕਰਦਾ ਹੈ—“ਪੰਥ ਤੋਂ ਵਿਛੜੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਅਤੇ ਸੇਵਾ ਸੰਭਾਲ ਪੰਥ ਖਾਲਸਾ ਨੂੰ ਬਖ਼ਸ਼ੋ।” ਫਿਰ ਜਦੋਂ ਇਸ ਅਰਦਾਸ ਨੂੰ ਅਮਲੀ ਰੂਪ ਦੇਣ ਲਈ ਕੋਈ ਯਤਨ ਹੁੰਦਾ ਹੈ ਤਾਂ ਉਸ ਦਾ ਵਿਰੋਧ ਕਿਉਂ? ਓਨ੍ਹਾ ਕਿਹਾ ਅਸਲ ਸਵਾਲ ਇਹ ਹੈ ਕਿ ਗੁਰਧਾਮਾਂ ਨਾਲ ਸਿੱਖਾਂ ਦਾ ਰਿਸ਼ਤਾ ਸਰਹੱਦਾਂ, ਸਿਆਸਤ ਅਤੇ ਵਿਰੋਧਾਂ ਤੋਂ ਉੱਪਰ ਹੈ। ਜੇ ਐਸਜੀਪੀਸੀ ਵੱਧ ਤੋਂ ਵੱਧ ਸਿੱਖਾਂ ਨੂੰ ਆਪਣੇ ਇਤਿਹਾਸਕ ਗੁਰੂ ਘਰਾਂ ਦੇ ਦਰਸ਼ਨ ਕਰਵਾਉਣ, ਵੀਜ਼ੇ ਸੁਖਾਲੇ ਕਰਵਾਉਣ ਅਤੇ ਯਾਤਰਾ ਨੂੰ ਸੁਰੱਖਿਅਤ ਬਣਾਉਣ ਲਈ ਯਤਨ ਕਰ ਰਹੀ ਹੈ ਤਾਂ ਇਸ ਨੂੰ ਕਮਜ਼ੋਰ ਕਰਨ ਦੀ ਬਜਾਏ ਪੰਥਕ ਸਹਿਯੋਗ ਮਿਲਣਾ ਚਾਹੀਦਾ ਹੈ। ਦੁੱਖ ਦੀ ਗੱਲ ਹੈ ਕਿ ਬਾਹਰੀ ਰੁਕਾਵਟਾਂ ਤੋਂ ਪਹਿਲਾਂ ਅਸੀਂ ਆਪ ਹੀ ਆਪਣੇ ਰਾਹ ਵਿੱਚ ਕੰਧਾਂ ਖੜ੍ਹੀਆਂ ਕਰ ਰਹੇ ਹਾਂ। ਸਿੱਖ ਕੌਮ ਦੀ ਮੰਗ ਸਾਫ਼ ਹੈ—ਗੁਰਧਾਮਾਂ ਦੇ ਦਰਸ਼ਨਾਂ ਲਈ ਰਾਹ ਖੋਲ੍ਹੋ, ਵੀਜ਼ਾ ਪ੍ਰਕਿਰਿਆ ਆਸਾਨ ਕਰੋ ਅਤੇ ਸੰਗਤ ਨੂੰ ਆਪਣੀ ਵਿਰਾਸਤ ਨਾਲ ਜੋੜੋ। ਸਰਹੱਦਾਂ ਸਿਆਸੀ ਹੋ ਸਕਦੀਆਂ ਹਨ, ਪਰ ਗੁਰੂ ਘਰ ਨਾਲ ਸਿੱਖ ਦਾ ਰਿਸ਼ਤਾ ਆਤਮਿਕ ਹੈ; ਇਸ ਰਿਸ਼ਤੇ ਦੇ ਰਾਹ ਵਿੱਚ ਸਿੱਖ ਆਪ ਹੀ ਰੁਕਾਵਟ ਨਾ ਬਣੇ।