ਨਵੀਂ ਦਿੱਲੀ - ਬ੍ਰਿਟਿਸ਼ ਕੋਲੰਬੀਆ ਦੇ ਦੋ ਖਾਲਿਸਤਾਨ ਪੱਖੀ ਕਾਰਕੁਨਾਂ ਦਾ ਦਾਅਵਾ ਹੈ ਕਿ ਕੈਨੇਡਾ ਦੀ ਪੁਲਿਸ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਜਾਨ ਨੂੰ ਖਤਰੇ ਸਬੰਧੀ ਚਿਤਾਵਨੀ ਦਿੱਤੀ ਹੈ। ਦੋਵੇਂ ਕਾਰਕੁਨ ਆਜ਼ਾਦ ਸਿੱਖ ਰਾਜ ਦੀ ਮੰਗ ਲਈ ਆਪਣੀਆਂ ਗਤੀਵਿਧੀਆਂ ਜਾਰੀ ਰੱਖ ਰਹੇ ਹਨ। ਐਬਟਸਫੋਰਡ ਵਾਸੀ ਮਨਜਿੰਦਰ ਸਿੰਘ, ਜੋ ਵੈਨਕੂਵਰ ਸਥਿਤ ਭਾਰਤੀ ਕੌਂਸਲੇਟ ਦੇ ਬਾਹਰ ਹਰ ਮਹੀਨੇ ਰੈਲੀ ਕਰਵਾਉਂਦੇ ਹਨ, ਨੇ ਕਿਹਾ ਕਿ ਆਰਸੀਐੱਮਪੀ ਵੱਲੋਂ ਪਿਛਲੇ ਹਫ਼ਤੇ ਉਨ੍ਹਾਂ ਨੂੰ ‘ਡਿਊਟੀ-ਟੂ-ਵਾਰਨ’ ਨੋਟਿਸ ਜਾਰੀ ਕਰਕੇ ਜਾਨ ਨੂੰ ਸੰਭਾਵਿਤ ਖਤਰੇ ਬਾਰੇ ਸੁਚੇਤ ਕੀਤਾ ਗਿਆ। ਇਸੇ ਤਰ੍ਹਾਂ ਨਰਿੰਦਰ ਸਿੰਘ ਰੰਧਾਵਾ ਜੋ ਕਿ ਸਰੀ ਡੇਲਟਾ ਗੁਰਦੁਆਰਾ ਸਾਹਿਬ ਦੇ ਮੈਂਬਰ ਅਤੇ ਹਰਦੀਪ ਸਿੰਘ ਨਿੱਝਰ ਦੇ ਨੇੜਲੇ ਸਾਥੀ ਸਨ, ਨੇ ਦਾਅਵਾ ਕੀਤਾ ਕਿ ਸਰੀ ਪੁਲਿਸ ਨੇ ਵੀ ਹਫ਼ਤੇ ਦੇ ਅੰਤ ਵਿੱਚ ਉਨ੍ਹਾਂ ਨੂੰ ਅਜਿਹੀ ਹੀ ਚਿਤਾਵਨੀ ਦਿੱਤੀ। ਦੋਵੇਂ ਕਾਰਕੁਨਾਂ ਨੇ ਇਨ੍ਹਾਂ ਧਮਕੀਆਂ ਪਿੱਛੇ ਭਾਰਤ ਸਰਕਾਰ ਦਾ ਹੱਥ ਹੋਣ ਦਾ ਦੋਸ਼ ਲਗਾਇਆ ਹੈ। ਹਾਲਾਂਕਿ ਭਾਰਤ ਸਰਕਾਰ ਪਹਿਲਾਂ ਵੀ ਖਾਲਿਸਤਾਨ ਸਮਰਥਕਾਂ ਨੂੰ ਨਿਸ਼ਾਨਾ ਬਣਾਉਣ ਸਬੰਧੀ ਲੱਗੇ ਅਜਿਹੇ ਦੋਸ਼ਾਂ ਤੋਂ ਇਨਕਾਰ ਕਰ ਚੁੱਕੀ ਹੈ। ਰੰਧਾਵਾ ਨੇ ਦੋਸ਼ ਲਾਇਆ ਕਿ ਭਾਰਤ ਵੱਲੋਂ ਕੈਨੇਡਾ ਦੀ ਧਰਤੀ ’ਤੇ ‘ਟ੍ਰਾਂਸਨੈਸ਼ਨਲ ਰਿਪ੍ਰੈਸ਼ਨ’ ਕੀਤਾ ਜਾ ਰਿਹਾ ਹੈ ਅਤੇ ਕਿਹਾ ਕਿ ਕੈਨੇਡੀਅਨ ਧਰਤੀ ’ਤੇ ਕੈਨੇਡੀਅਨ ਨਾਗਰਿਕਾਂ ਦੀ ਹੱਤਿਆ ਵਰਗੀਆਂ ਕਾਰਵਾਈਆਂ ਨੂੰ ਰੋਕਿਆ ਜਾਣਾ ਚਾਹੀਦਾ ਹੈ। ਆਰਸੀਐੱਮਪੀ ਨੇ ਇਨ੍ਹਾਂ ਦੋ ਵਿਅਕਤੀਆਂ ਦੇ ਮਾਮਲਿਆਂ ਦੀ ਖਾਸ ਤੌਰ ’ਤੇ ਪੁਸ਼ਟੀ ਨਹੀਂ ਕੀਤੀ, ਪਰ ਕਿਹਾ ਕਿ ਦੇਸ਼ ਭਰ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੱਲੋਂ ਦੱਖਣੀ ਏਸ਼ੀਆਈ ਭਾਈਚਾਰੇ ਦੇ ਕੁਝ ਮੈਂਬਰਾਂ ਨੂੰ ਖਤਰਿਆਂ ਸਬੰਧੀ ‘ਡਿਊਟੀ-ਟੂ-ਵਾਰਨ’ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਹਨ।