ਨਵੀਂ ਦਿੱਲੀ - ਪੰਜਾਬ ਅੱਜ ਇੱਕ ਅਜਿਹੇ ਨਾਜ਼ੁਕ ਮੋੜ ’ਤੇ ਖੜ੍ਹਾ ਹੈ, ਜਿੱਥੇ ਭਾਖੜਾ ਡੈਮ ਦੀ ਮੈਨੇਜਮੈਂਟ ਅਤੇ ਪਾਣੀ ਪ੍ਰਬੰਧਨ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਕੋਹਾੜਕਾ ਨੇ ਕਿਹਾ ਕਿ ਇਹ ਸਿਰਫ਼ ਕਿਸੇ ਡੈਮ ਜਾਂ ਪ੍ਰਬੰਧਕੀ ਵਿਵਸਥਾ ਦਾ ਮਾਮਲਾ ਨਹੀਂ, ਸਗੋਂ ਪੰਜਾਬ ਦੇ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਅਤੇ ਭਵਿੱਖ ਦੀ ਸੁਰੱਖਿਆ ਨਾਲ ਸਿੱਧਾ ਜੁੜਿਆ ਮੁੱਦਾ ਹੈ। ਭਾਈ ਗੁਰਦੇਵ ਸਿੰਘ ਨੇ ਕਿਹਾ ਕਿ ਡੈਮਾਂ ਦੇ ਪਾਣੀ ਪ੍ਰਬੰਧਨ ਵਿੱਚ ਬਰਸਾਤ ਅਤੇ ਬਰਫ਼ ਪਿਘਲਣ ਦੇ ਮੌਸਮ ਤੋਂ ਪਹਿਲਾਂ ਪਾਣੀ ਦੇ ਪੱਧਰ ਨੂੰ ਨਿਯਮਾਂ ਅਨੁਸਾਰ ਸੰਭਾਲਣਾ ਬੇਹੱਦ ਜ਼ਰੂਰੀ ਹੁੰਦਾ ਹੈ, ਤਾਂ ਜੋ ਅਚਾਨਕ ਆਉਣ ਵਾਲੇ ਵਾਧੂ ਪਾਣੀ ਲਈ ਰਿਜ਼ਰਵ ਸਮਰੱਥਾ ਮੌਜੂਦ ਰਹੇ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਪਾਣੀ ਪ੍ਰਬੰਧਨ ਵਿੱਚ ਪਹਿਲਾਂ ਤੋਂ ਹੀ ਲੋੜੀਂਦੀ ਸਾਵਧਾਨੀ ਵਰਤੀ ਜਾਵੇ ਤਾਂ ਅਚਾਨਕ ਵੱਡੀ ਮਾਤਰਾ ਵਿੱਚ ਪਾਣੀ ਛੱਡਣ ਦੀ ਨੌਬਤ ਕਿਉਂ ਆਉਂਦੀ ਹੈ? ਉਨ੍ਹਾਂ ਕਿਹਾ ਕਿ ਜਦੋਂ ਡੈਮਾਂ ਤੋਂ ਪਾਣੀ ਛੱਡਿਆ ਜਾਂਦਾ ਹੈ ਤਾਂ ਇਸ ਦਾ ਸਭ ਤੋਂ ਵੱਡਾ ਪ੍ਰਭਾਵ ਪੰਜਾਬ ਦੇ ਦਰਿਆਈ ਅਤੇ ਨੀਵੇਂ ਇਲਾਕਿਆਂ ’ਤੇ ਪੈਂਦਾ ਹੈ। ਇਸ ਲਈ ਪਾਣੀ ਛੱਡਣ ਦੇ ਮਾਪਦੰਡ, ਡੈਮ ਦੀ ਸੁਰੱਖਿਆ, ਤਕਨੀਕੀ ਜਾਂਚ ਅਤੇ ਹੜ੍ਹ-ਚੇਤਾਵਨੀ ਪ੍ਰਣਾਲੀ ਬਾਰੇ ਪੂਰੀ ਪਾਰਦਰਸ਼ਤਾ ਹੋਣੀ ਚਾਹੀਦੀ ਹੈ। ਭਾਈ ਗੁਰਦੇਵ ਸਿੰਘ ਕੋਹਾੜਕਾ ਨੇ ਕਿਹਾ ਕਿ ਜਿਸ ਪੰਜਾਬ ਨੂੰ ਹੜ੍ਹਾਂ ਦੀ ਤਬਾਹੀ ਸਿੱਧੀ ਆਪਣੇ ਪਿੰਡੇ ’ਤੇ ਹੰਢਾਉਣੀ ਪੈਂਦੀ ਹੈ, ਉਸ ਦੀ ਆਵਾਜ਼ ਅਤੇ ਹਿੱਤਾਂ ਨੂੰ ਅਜਿਹੇ ਅਹਿਮ ਫ਼ੈਸਲਿਆਂ ਵਿੱਚ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਮੰਗ ਕੀਤੀ ਕਿ ਭਾਖੜਾ ਡੈਮ ਦੀ ਸੁਰੱਖਿਆ ਅਤੇ ਪਾਣੀ ਪ੍ਰਬੰਧਨ ਦਾ ਸੁਤੰਤਰ ਤਕਨੀਕੀ ਆਡਿਟ ਕਰਵਾਇਆ ਜਾਵੇ, ਪਾਣੀ ਛੱਡਣ ਦੀ ਨੀਤੀ ਦੀ ਪਾਰਦਰਸ਼ੀ ਸਮੀਖਿਆ ਕੀਤੀ ਜਾਵੇ ਅਤੇ ਪੰਜਾਬ ਲਈ ਪ੍ਰਭਾਵਸ਼ਾਲੀ ਹੜ੍ਹ-ਚੇਤਾਵਨੀ ਪ੍ਰਣਾਲੀ ਨੂੰ ਹੋਰ ਮਜ਼ਬੂਤ ਕੀਤਾ ਜਾਵੇ। ਪਹਾੜੀ ਖੇਤਰਾਂ ਵਿੱਚ ਭਾਰੀ ਮੀਂਹ, ਬੱਦਲ ਫਟਣ ਅਤੇ ਭੂ-ਖਿਸਕਣ ਵਰਗੇ ਖ਼ਤਰਿਆਂ ਦੇ ਮੱਦੇਨਜ਼ਰ ਡੈਮ ਪ੍ਰਬੰਧਨ ਵਿੱਚ ਕਿਸੇ ਵੀ ਕਿਸਮ ਦੀ ਲਾਪਰਵਾਹੀ ਦੀ ਗੁੰਜਾਇਸ਼ ਨਹੀਂ ਹੋਣੀ ਚਾਹੀਦੀ। ਭਾਈ ਗੁਰਦੇਵ ਸਿੰਘ ਨੇ ਕਿਹਾ ਕਿ ਅਤੀਤ ਵਿੱਚ ਵਾਪਰੀਆਂ ਵੱਡੀਆਂ ਤਬਾਹੀਆਂ ਤੋਂ ਸਬਕ ਲੈਣ ਦੀ ਬਜਾਏ ਜੇਕਰ ਚੇਤਾਵਨੀਆਂ ਨੂੰ ਅਣਸੁਣਿਆ ਕੀਤਾ ਜਾਂਦਾ ਰਿਹਾ ਤਾਂ ਇਸ ਦੀ ਕੀਮਤ ਆਮ ਲੋਕਾਂ ਨੂੰ ਆਪਣੀਆਂ ਜਾਨਾਂ ਅਤੇ ਘਰ-ਬਾਰ ਗੁਆ ਕੇ ਚੁਕਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਲਹੂ ਅਤੇ ਪਸੀਨੇ ਨਾਲ ਬਣੇ ਸਰੋਤਾਂ ਦੀ ਆੜ ਵਿੱਚ ਉਨ੍ਹਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਸਰਕਾਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਨ ਵਾਲੀਆਂ ਸਰਕਾਰਾਂ ਨੂੰ ਸੱਤਾ ਦਾ ਸੁਖ ਬਹੁਤ ਮਹਿੰਗਾ ਪਵੇਗਾ। ਸੱਤਾ ਦੇ ਨਸ਼ੇ ਵਿੱਚ ਚੂਰ ਹਾਕਮ ਇਹ ਨਾ ਭੁੱਲਣ ਕਿ ਜੇਕਰ ਕਿਸੇ ਵੱਡੀ ਤਬਾਹੀ ਤੋਂ ਪਹਿਲਾਂ ਮਿਲ ਰਹੀਆਂ ਚੇਤਾਵਨੀਆਂ ਨੂੰ ਅਣਡਿੱਠਾ ਕੀਤਾ ਗਿਆ ਤਾਂ ਉਸ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ। ਭਾਈ ਗੁਰਦੇਵ ਸਿੰਘ ਕੋਹਾੜਕਾ ਨੇ ਸਪੱਸ਼ਟ ਕਿਹਾ ਕਿ ਸਵਾਲ ਕਿਸੇ ਡੈਮ ਜਾਂ ਕਿਸੇ ਇੱਕ ਸਰਕਾਰ ਦੀ ਰਾਜਨੀਤੀ ਦਾ ਨਹੀਂ, ਸਗੋਂ ਪੰਜਾਬ ਦੀ ਅਣਖ, ਲੋਕਾਂ ਦੀ ਜ਼ਿੰਦਗੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਦੀ ਸੁਰੱਖਿਆ ਦਾ ਹੈ।