ਨਵੀਂ ਦਿੱਲੀ - ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦੀ 31ਵੀਂ ਵਰਸੀ ਗੁਰਦੁਆਰਾ ਸਿੰਘ ਸਭਾ ਬੋਬੀਨੀ, ਪੈਰਿਸ ਵਿਖੇ ਭਾਈ ਪ੍ਰਸ਼ੋਤਮ ਸਿੰਘ ਬੱਬਰ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਅਤੇ ਪੰਥਕ ਜਜ਼ਬੇ ਨਾਲ ਮਨਾਈ ਗਈ। 28 ਅਗਸਤ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਅਤੇ 30 ਅਗਸਤ ਨੂੰ ਭੋਗ ਪਾਏ ਗਏ। ਭੋਗ ਉਪਰੰਤ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਗੁਰਜਿੰਦਰ ਸਿੰਘ ਨੇ ਸ਼ਬਦ ਕੀਰਤਨ ਦੀ ਸੇਵਾ ਕੀਤੀ, ਜਦਕਿ ਸ੍ਰੀ ਦਰਬਾਰ ਸਾਹਿਬ ਤੋਂ ਪਹੁੰਚੇ ਭਾਈ ਜੁਗਰਾਜ ਸਿੰਘ ਦੇ ਕੀਰਤਨੀ ਜਥੇ ਨੇ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਉਪਰੰਤ ਭਾਈ ਮਨਜੀਤ ਸਿੰਘ ਮਾਣੂੰਕੇ ਦੇ ਢਾਡੀ ਜਥੇ ਨੇ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦੀ ਸ਼ਹਾਦਤ ਅਤੇ ਸਿੰਘਾਂ ਦੀਆਂ ਕੁਰਬਾਨੀਆਂ ਦਾ ਪ੍ਰਸੰਗ ਬੀਰ-ਰਸੀ ਢਾਡੀ ਵਾਰਾਂ ਰਾਹੀਂ ਪੇਸ਼ ਕਰਦਿਆਂ ਸੰਗਤਾਂ ਅੰਦਰ ਕੌਮੀ ਜਜ਼ਬਾ ਪ੍ਰਚੰਡ ਕੀਤਾ। ਢਾਡੀ ਵਾਰਾਂ ਦੌਰਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਅਤੇ ਉਸ ਦੌਰ ਦੇ ਸੰਘਰਸ਼ ਨੂੰ ਬਿਆਨ ਕਰਦੀਆਂ ਵਾਰਾਂ ਨੇ ਮਾਹੌਲ ਨੂੰ ਭਾਵੁਕ ਅਤੇ ਜੋਸ਼ੀਲਾ ਬਣਾ ਦਿੱਤਾ। ਸਟੇਜ ਦੀ ਸੇਵਾ ਭਾਈ ਸਤਨਾਮ ਸਿੰਘ ਦੋਆਬਾ ਨੇ ਸੰਭਾਲੀ ਅਤੇ ਵੱਖ-ਵੱਖ ਪੰਥਕ ਬੁਲਾਰਿਆਂ ਨੂੰ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਦਿੱਤਾ। ਬੁਲਾਰਿਆਂ ਨੇ ਭਾਈ ਦਿਲਾਵਰ ਸਿੰਘ ਬੱਬਰ ਦੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਪੰਜਾਬ ਦੇ ਉਸ ਦੌਰ ਦੇ ਹਾਲਾਤ, ਨੌਜਵਾਨਾਂ ਦੀਆਂ ਕੁਰਬਾਨੀਆਂ ਅਤੇ ਪੁਲਿਸ ਕਾਰਵਾਈਆਂ ਦਾ ਜ਼ਿਕਰ ਕੀਤਾ ਅਤੇ ਅੱਜ ਦੇ ਪੰਥਕ ਹਾਲਾਤਾਂ ਬਾਰੇ ਵੀ ਵਿਚਾਰ ਰੱਖੇ। ਇਸ ਮੌਕੇ ਭਾਈ ਪ੍ਰਸ਼ੋਤਮ ਸਿੰਘ ਬੱਬਰ ਦੇ ਭੁਝੰਗੀ ਦਿਆ ਸਿੰਘ ਵੱਲੋਂ ਭਾਈ ਜਗਤਾਰ ਸਿੰਘ ਤਾਰਾ ਦੀ ਭੇਜੀ ਚਿੱਠੀ ਸੰਗਤਾਂ ਦੇ ਰੁਬਰੂ ਪੜ੍ਹੀ ਗਈ। ਚਿੱਠੀ ਰਾਹੀਂ ਭਾਈ ਤਾਰਾ ਨੇ ਆਪਣੇ ਨਾਲ ਵਿਚਰੇ ਸਾਥੀ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦੀ ਲਾਸਾਨੀ ਕੁਰਬਾਨੀ ਨੂੰ ਸਿਜਦਾ ਕਰਦਿਆਂ ਕੌਮ ਨੂੰ ਆਪਸੀ ਏਕਤਾ ਅਤੇ ਇਕਜੁੱਟਤਾ ਨਾਲ ਆਪਣੇ ਕੌਮੀ ਟੀਚਿਆਂ ਵੱਲ ਵਧਣ ਦਾ ਸੁਨੇਹਾ ਦਿੱਤਾ। ਸਮਾਗਮ ਦੌਰਾਨ ਭਾਈ ਬਸੰਤ ਸਿੰਘ ਪੰਜਹੱਥਾ, ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਭਾਈ ਚੈਨ ਸਿੰਘ, ਭਾਈ ਦਲਵਿੰਦਰ ਸਿੰਘ ਘੁੰਮਣ, ਸਿੱਖ ਫੈਡਰੇਸ਼ਨ ਫਰਾਂਸ ਦੇ ਆਗੂ ਭਾਈ ਰਘਵੀਰ ਸਿੰਘ ਕੋਹਾੜ ਅਤੇ ਭਾਈ ਸ਼ਿੰਗਾਰਾ ਸਿੰਘ ਮਾਨ ਨੇ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਭਾਈ ਦਵਿੰਦਰ ਸਿੰਘ ਬੱਬਰ, ਭਾਈ ਸ਼ਮਸ਼ੇਰ ਸਿੰਘ ਅਕਾਲੀ ਦਲ ਵਾਰਿਸ ਪੰਜਾਬ ਅਤੇ ਪੰਥਕ ਆਗੂ ਭਾਈ ਗੁਰਦਿਆਲ ਸਿੰਘ ਨੇ ਤਿੰਨੇ ਦਿਨ ਸਮਾਗਮ ਵਿੱਚ ਆਪਣਾ ਯੋਗਦਾਨ ਪਾਇਆ। ਵੱਡੀ ਗਿਣਤੀ ਵਿੱਚ ਸੰਗਤਾਂ ਅਤੇ ਸਿੰਘਾਂ ਨੇ ਹਾਜ਼ਰੀ ਭਰਦਿਆਂ ਸ਼ਹੀਦ ਦੀ ਯਾਦ ਨੂੰ ਸਤਿਕਾਰ ਸਹਿਤ ਨਮਨ ਕੀਤਾ। ਅੰਤ ਵਿੱਚ ਸਮਾਗਮ ਦੇ ਪ੍ਰਬੰਧਕਾਂ ਵੱਲੋਂ ਸਹਿਯੋਗ ਕਰਨ ਵਾਲੀਆਂ ਸਮੂਹ ਸੰਗਤਾਂ, ਸੇਵਾਦਾਰਾਂ ਅਤੇ ਪੰਥਕ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ।