ਨਵੀਂ ਦਿੱਲੀ - ਗੁਰਦੁਆਰਾ ਸਾਹਿਬ ਦੇ ਚੋਣ ਲੜਨ ਵੇਲੇ ਹਲਫ਼ਨਾਮੇ ਵਿਚ ਗੁਰਮੁੱਖੀ ਪੜ੍ਹਨ ਅਤੇ ਲਿਖਣ ਦੀ ਲਾਜ਼ਮੀ ਸ਼ਰਤ ਹੋਣ ਦੇ ਬਾਵਜੂਦ ਦਿੱਲੀ ਕਮੇਟੀ ਦੇ ਕੁਝ ਮੈਂਬਰ ਅੱਜ ਵੀ ਆਪਣੀ ਮਾਂ ਬੋਲੀ ਪੰਜਾਬੀ ਤੋਂ ਪੂਰੀ ਤਰ੍ਹਾਂ ਅਣਜਾਣ ਹਨ, ਜੋ ਕਿ ਸਮੁੱਚੇ ਸਿੱਖ ਪੰਥ ਲਈ ਬੇਹੱਦ ਸ਼ਰਮਨਾਕ ਅਤੇ ਨਮੋਸ਼ੀਜਨਕ ਹੈ। ਇੰਨ੍ਹਾ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਗੁਰੂਬਾਣੀ ਰਿਸਰਚ ਫਾਊਂਡੇਸ਼ਨ ਦੇ ਮੁੱਖੀ, ਦਿੱਲੀ ਕਮੇਟੀ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਕੋ ਚੇਅਰਮੈਨ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਬੁਲਾਰੇ ਭਾਈ ਪਰਮਜੀਤ ਸਿੰਘ ਵੀਰਜੀ ਨੇ ਦਿੱਲੀ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ 'ਤੇ ਤਿੱਖਾ ਹਮਲਾ ਬੋਲਦਿਆਂ ਓਨ੍ਹਾ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਭਾਈ ਪਰਮਜੀਤ ਸਿੰਘ ਵੀਰਜੀ ਨੇ ਅਤਿਅੰਤ ਦੁੱਖ ਭਰੇ ਲਹਿਜੇ ਵਿਚ ਆਖਿਆ ਕਿ ਜੋ ਮੈਂਬਰ ਆਪਣੀ ਮਾਂ ਬੋਲੀ ਪੜ੍ਹ-ਲਿਖ ਨਹੀਂ ਸਕਦੇ, ਓਹ ਪੰਥਕ ਹਿੱਤਾਂ ਦੀ ਪਹਿਰੇਦਾਰੀ ਦਾ ਦਾਅਵਾ ਕਿਵੇਂ ਕਰ ਸਕਦੇ ਹਨ.? ਇਸ ਦੇ ਨਾਲ ਹੀ ਓਨ੍ਹਾ ਨੇ ਧਰਮ ਪ੍ਰਚਾਰ ਵਿੰਗ ਦੀ ਨਾਕਾਮੀ 'ਤੇ ਗਰਜਦਿਆਂ ਸਵਾਲ ਕੀਤਾ ਕਿ ਆਪਣੇ ਹੀ ਮੈਂਬਰਾਂ ਨੂੰ ਮਾਂ ਬੋਲੀ ਨਾਲ ਜੋੜਨ ਵਿਚ ਅਸਮਰੱਥ ਰਹਿਣ ਵਾਲਾ ਇਹ ਵਿੰਗ ਆਖਿਰ ਕਿਸ ਧਰਮ ਪ੍ਰਚਾਰ ਦਾ ਢੋਂਗ ਰਚ ਰਿਹਾ ਹੈ। ਓਨ੍ਹਾ ਕਿਹਾ ਧਰਮ ਪ੍ਰਚਾਰ ਦੇ ਨਾਮ ’ਤੇ ਪੰਥਕ ਸਰਮਾਇਆ ਖਰਚਣ ਵਾਲੀ ਕਮੇਟੀ ਇਹ ਵੀ ਦੱਸੇ ਕਿ ਦਿੱਲੀ ਦੀ ਨੌਜਵਾਨ ਪੀੜ੍ਹੀ ਨੂੰ ਗੁਰਬਾਣੀ, ਸਿੱਖ ਇਤਿਹਾਸ ਅਤੇ ਸਿੱਖੀ ਜੀਵਨ-ਜਾਚ ਨਾਲ ਜੋੜਨ ਲਈ ਅਸਲ ਵਿੱਚ ਕਿਹੜੀ ਠੋਸ ਮੁਹਿੰਮ ਚਲਾਈ ਗਈ ਹੈ? ਜੇ ਆਪਣੇ ਹੀ ਮੈਂਬਰਾਂ ਨੂੰ ਗੁਰਮੁਖੀ ਪੜ੍ਹਾਉਣ ਅਤੇ ਗੁਰਬਾਣੀ ਨਾਲ ਜੋੜਨ ਵਿੱਚ ਨਾਕਾਮੀ ਹੈ ਤਾਂ ਧਰਮ ਪ੍ਰਚਾਰ ਵਿੰਗ ਦੀ ਕਾਰਗੁਜ਼ਾਰੀ ਸਿਰਫ਼ ਕਾਗਜ਼ੀ ਖਾਨਾਪੂਰਤੀ ਤੋਂ ਵੱਧ ਕੀ ਰਹਿ ਗਈ ਹੈ.? ਜਿੱਥੇ ਘਰ-ਘਰ ਗੁਰਬਾਣੀ ਅਤੇ ਸਿੱਖੀ ਦਾ ਸੰਦੇਸ਼ ਪਹੁੰਚਣਾ ਚਾਹੀਦਾ ਸੀ, ਉੱਥੇ ਪ੍ਰਚਾਰ ਦੇ ਨਾਮ ’ਤੇ ਸਿਰਫ਼ ਦਿਖਾਵੇ ਅਤੇ ਸਿਆਸੀ ਸਰਗਰਮੀਆਂ ਤੱਕ ਸੀਮਤ ਰਹਿਣਾ ਪੰਥ ਨਾਲ ਵੱਡਾ ਧੋਖਾ ਹੈ। ਪ੍ਰਬੰਧਕਾਂ ਦੀਆਂ ਮਨਮਾਨੀਆਂ 'ਤੇ ਵਰ੍ਹਦਿਆਂ ਓਨ੍ਹਾ ਨੇ ਐਲਾਨ ਕੀਤਾ ਕਿ ਦਿੱਲੀ ਕਮੇਟੀ ਦੇ ਮੌਜੂਦਾ ਅਹੁਦੇਦਾਰਾਂ ਵੱਲੋਂ ਪੰਥਕ ਸਰਮਾਏ ਦੀ ਵਰਤੋਂ ਆਪਣੇ ਨਿੱਜੀ ਹਿੱਤਾਂ ਲਈ ਕੀਤੀ ਜਾ ਰਹੀ ਹੈ, ਜਿਸ ਨੂੰ ਹੁਣ ਸੰਗਤ ਦੀ ਕਚਹਿਰੀ ਵਿਚ ਲਿਆ ਕੇ ਪੂਰੀ ਤਰ੍ਹਾਂ ਬੇਨਕਾਬ ਕੀਤਾ ਜਾਵੇਗਾ। ਬੀਤੇ ਦਿਨ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਭਰਵੀਂ ਸੰਗਤ ਮਿਲਣੀ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਦਿੱਲੀ ਦੀ ਸੰਗਤ ਵਰਤਮਾਨ ਨਕਾਰਾ ਪ੍ਰਬੰਧ ਤੋਂ ਤੰਗ ਆ ਚੁੱਕੀ ਹੈ ਅਤੇ ਓਸ ਦਾ ਝੁਕਾਅ ਹੁਣ ਅਕਾਲੀ ਦਲ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਸੰਗਤ ਦਾ ਇਹ ਭਾਰੀ ਉਤਸ਼ਾਹ ਅਤੇ ਸਮਰਥਨ ਆਉਣ ਵਾਲੇ ਸਮੇਂ ਵਿਚ ਦਿੱਲੀ ਦੀ ਪੰਥਕ ਰਾਜਨੀਤੀ ਵਿਚ ਇੱਕ ਵੱਡਾ ਸਿਆਸੀ ਉਲਟਫ਼ੇਰ ਲਿਆਵੇਗਾ ਅਤੇ ਆਪਣੀ ਕੁਰਸੀ ਬਚਾਉਣ ਲਈ ਪੰਥਕ ਮਰਿਆਦਾ ਨੂੰ ਛਿੱਕੇ ਟੰਗਣ ਵਾਲਿਆਂ ਨੂੰ ਸੰਗਤ ਆਪੇ ਸਬਕ ਸਿਖਾਏਗੀ।