ਨਵੀਂ ਦਿੱਲੀ- ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਮੈਂਬਰ ਅਤੇ ਜਨਕ ਪੂਰੀ ਵਾਰਡ ਨੰਬਰ 32 ਤੋਂ ਚੋਣ ਉੱਮੀਦੁਆਰ ਸਰਦਾਰ ਸੰਤ ਮੀਤ ਸਿੰਘ ਨੇ ਹਰਮੀਤ ਸਿੰਘ ਕਾਲਕਾ ਅਤੇ ਜਗਦੀਪ ਸਿੰਘ ਕਾਹਲੋਂ ਵੱਲੋਂ ਸਰਦਾਰ ਪਰਮਜੀਤ ਸਿੰਘ ਸਰਨਾ ’ਤੇ ਕੀਤੇ ਹਮਲੇ ਦਾ ਤਿੱਖਾ ਜਵਾਬ ਦਿੰਦਿਆਂ ਕਿਹਾ ਕਿ ਦੂਜਿਆਂ ਦੇ ਪੁਰਾਣੇ ਹਿਸਾਬ ਖੋਲ੍ਹਣ ਤੋਂ ਪਹਿਲਾਂ ਕਾਲਕਾ-ਕਾਹਲੋਂ ਆਪਣੀ ਸਰਕਾਰ-ਏ-ਕਮੇਟੀ ਦਾ ਹਿਸਾਬ ਸੰਗਤ ਨੂੰ ਦੇਣ। ਉਨ੍ਹਾਂ ਕਿਹਾ ਕਿ ਕਮੇਟੀ ਦੀਆਂ ਨਾਕਾਮੀਆਂ, ਪ੍ਰਬੰਧਕੀ ਕਮੀਆਂ ਅਤੇ ਸੰਗਤ ਨਾਲ ਜੁੜੇ ਗੰਭੀਰ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਵਾਰ-ਵਾਰ ਸਰਨਾ ਦੇ ਨਾਮ ’ਤੇ ਸਿਆਸੀ ਬਿਆਨਬਾਜ਼ੀ ਕਰਨਾ ਇਸ ਗੱਲ ਦਾ ਸਬੂਤ ਹੈ ਕਿ ਮੌਜੂਦਾ ਪ੍ਰਬੰਧ ਆਪਣੇ ਕੰਮਾਂ ਦਾ ਜਵਾਬ ਦੇਣ ਤੋਂ ਬਚ ਰਿਹਾ ਹੈ। ਸੰਤ ਮੀਤ ਸਿੰਘ ਨੇ ਕਿਹਾ ਕਿ ਜੇਕਰ ਕਾਲਕਾ-ਕਾਹਲੋਂ ਨੂੰ ਆਪਣੇ ਕਾਰਜਕਾਲ ’ਤੇ ਇੰਨਾ ਹੀ ਮਾਣ ਹੈ ਤਾਂ ਉਹ ਸੰਗਤ ਸਾਹਮਣੇ ਪੂਰਾ ਵਿੱਤੀ ਅਤੇ ਪ੍ਰਬੰਧਕੀ ਹਿਸਾਬ ਰੱਖਣ ਕਿ ਕਮੇਟੀ ਦੀ ਆਮਦਨ ਕਿੱਥੋਂ ਆਈ, ਕਿੱਥੇ ਖਰਚ ਹੋਈ ਅਤੇ ਗੁਰਦੁਆਰਿਆਂ, ਸਕੂਲਾਂ, ਕਾਲਜਾਂ ਤੇ ਹੋਰ ਸੰਸਥਾਵਾਂ ਦੀ ਅਸਲ ਹਾਲਤ ਕੀ ਹੈ। ਉਨ੍ਹਾਂ ਕਿਹਾ ਕਿ ਕੁਝ ਕੰਮ ਗਿਣਵਾ ਕੇ ਪੂਰੇ ਪ੍ਰਬੰਧ ਨੂੰ ਕਾਮਯਾਬ ਦੱਸਣ ਨਾਲ ਸੰਗਤ ਦੇ ਸਵਾਲ ਖਤਮ ਨਹੀਂ ਹੋਣੇ। ਉਨ੍ਹਾਂ ਕਿਹਾ ਕਿ ਕਾਲਕਾ-ਕਾਹਲੋਂ ਵੱਲੋਂ 123 ਕਰੋੜ ਰੁਪਏ ਅਤੇ ਪੁਰਾਣੇ ਪ੍ਰਬੰਧ ਦੇ ਦਾਅਵਿਆਂ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਹਨ, ਪਰ ਸੰਗਤ ਇਹ ਵੀ ਪੁੱਛਣ ਦਾ ਹੱਕ ਰੱਖਦੀ ਹੈ ਕਿ ਮੌਜੂਦਾ ਪ੍ਰਬੰਧ ਦੌਰਾਨ ਕਮੇਟੀ ਦੇ ਪੈਸੇ ਦੀ ਵਰਤੋਂ ਕਿੰਨੀ ਪਾਰਦਰਸ਼ੀ ਰਹੀ। ਸਰਦਾਰ ਸੰਤ ਮੀਤ ਸਿੰਘ ਨੇ ਕਿਹਾ ਕਿ ਜੇਕਰ ਸਟਾਫ਼ ਦੇ ਬਕਾਏ ਜਾਰੀ ਕਰਨ ਨੂੰ ਵੱਡੀ ਪ੍ਰਾਪਤੀ ਦੱਸਿਆ ਜਾ ਰਿਹਾ ਹੈ ਤਾਂ ਇਹ ਵੀ ਦੱਸਿਆ ਜਾਵੇ ਕਿ ਇਹ ਬਕਾਏ ਲੰਬੇ ਸਮੇਂ ਤੱਕ ਲਟਕਣ ਦੀ ਨੌਬਤ ਕਿਉਂ ਆਈ ਅਤੇ ਕਮੇਟੀ ਦੀਆਂ ਸੰਸਥਾਵਾਂ ਵਿਚ ਕਰਮਚਾਰੀਆਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਬਾਲਾ ਸਾਹਿਬ ਹਸਪਤਾਲ ਜਾਂ ਕਾਲਜਾਂ ਦੀਆਂ ਸਹੂਲਤਾਂ ਦਾ ਹਵਾਲਾ ਦੇ ਕੇ ਬਾਕੀ ਕਮੀਆਂ ’ਤੇ ਪਰਦਾ ਨਹੀਂ ਪਾਇਆ ਜਾ ਸਕਦਾ। ਸੰਗਤ ਹੁਣ ਸਿਰਫ਼ ਦਾਅਵੇ ਨਹੀਂ, ਸਗੋਂ ਨਤੀਜੇ ਅਤੇ ਜਵਾਬਦੇਹੀ ਚਾਹੁੰਦੀ ਹੈ। ਸਰਦਾਰ ਸੰਤ ਮੀਤ ਸਿੰਘ ਨੇ ਕਿਹਾ ਕਿ ਕਾਲਕਾ-ਕਾਹਲੋਂ ਵੱਲੋਂ ਵਾਰ-ਵਾਰ ਪੁਰਾਣੀਆਂ ਵੀਡੀਓਆਂ, ਸਿਆਸੀ ਸਾਂਝਾਂ ਅਤੇ ਵਿਅਕਤੀਗਤ ਇਲਜ਼ਾਮਾਂ ਦੀ ਗੱਲ ਕਰਨਾ ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀ ਸੰਗਤ ਕਿਸੇ ਧੜੇ ਦੀ ਸਿਆਸੀ ਕਹਾਣੀ ਸੁਣਨ ਲਈ ਨਹੀਂ, ਗੁਰੂ ਘਰਾਂ ਦਾ ਇਮਾਨਦਾਰ ਤੇ ਪਾਰਦਰਸ਼ੀ ਪ੍ਰਬੰਧ ਦੇਖਣ ਲਈ ਕਮੇਟੀ ਚੁਣਦੀ ਹੈ। ਉਨ੍ਹਾਂ ਸਿੱਧੇ ਸ਼ਬਦਾਂ ਵਿਚ ਕਿਹਾ, “ਕਾਲਕਾ-ਕਾਹਲੋਂ ਸਰਦਾਰ ਸਰਨਾ ਦੀਆਂ ਪੁਰਾਣੀਆਂ ਫਾਈਲਾਂ ਖੋਲ੍ਹਣ ਤੋਂ ਪਹਿਲਾਂ ਆਪਣੀ ਕਾਰਗੁਜ਼ਾਰੀ ਦੀ ਫਾਈਲ ਸੰਗਤ ਸਾਹਮਣੇ ਖੋਲ੍ਹਣ। ਸੰਗਤ ਨੂੰ ਪੁਰਾਣੀਆਂ ਵੀਡੀਓਆਂ ਨਹੀਂ, ਅੱਜ ਦਾ ਹਿਸਾਬ ਚਾਹੀਦਾ ਹੈ।” ਉਨ੍ਹਾਂ ਕਿਹਾ ਕਿ ਜਿਹੜੇ ਲੋਕ ਅੱਜ ਦੂਜਿਆਂ ਨੂੰ ਸੰਗਤ ਦੇ ਫ਼ੈਸਲੇ ਲਈ ਤਿਆਰ ਰਹਿਣ ਦੀ ਨਸੀਹਤ ਦੇ ਰਹੇ ਹਨ, ਉਹ ਖੁਦ ਵੀ ਸੰਗਤ ਦੇ ਫ਼ੈਸਲੇ ਲਈ ਤਿਆਰ ਰਹਿਣ।