ਅੰਮ੍ਰਿਤਸਰ -ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਦੇ 450 ਸਾਲਾ ਸਮਾਗਮਾਂ ਦੀਆਂ ਤਰੀਕਾਂ ਨੂੰ ਲੈ ਕੇ ਰੋਲ ਘਚੋਲੇ ਵਾਲਾ ਮਾਹੋਲ ਬਣਿਆ ਹੋਇਆ ਹੈ।ਸਰਕਾਰੀ ਤੌਰ ਤੇ ਵੀ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ 450 ਸਾਲਾ ਸਮਾਗਮ 2027 ਵਿਚ ਧੱਕੇ ਨਾਲ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।ਦੂਜੇ ਪਾਸੇ ਇਸ ਦਿਹਾੜੇ ਨੂੰ ਮਨਾਉਣ ਲਈ ਸਿੱਖ ਵਿਦਵਾਨਾਂ ਦੀ ਖੋਜ਼ ਵੀ ਨਿਰਾਲੀ ਹੈ। ਸਿੱਖ ਵਿਦਵਾਨ ਸਿੱਖ ਧਰਮ ਦੀ ਸਥਾਪਨਾਂ ਦੇ 556 ਸਾਲ ਪੂਰੇ ਹੋਣ ਦੇ ਬਾਵਜੂਦ 450 ਸਾਲਾ ਇਤਿਹਾਸ ਦੀਆਂ ਸਹੀ ਤਰੀਕਾਂ ਦੇਣ ਵਿਚ ਨਾਕਾਮਯਾਬ ਰਹੇ ਹਨ। ਇਤਿਹਾਸ ਨੂੰ ਇਸ ਤਰ੍ਹਾਂ ਨਾਲ ਪੇਸ਼ ਕੀਤਾ ਜਾ ਰਿਹਾ ਹੈ ਜਿਵੇ ਇਹ ਹਜਾਰਾਂ ਸਾਲ ਪੁਰਾਣਾ ਇਤਿਹਾਸ ਹੋਵੇ। ਸਿੱਖ ਇਤਿਹਾਸ ਦੇ ਮੂਲ ਸਰੋਤ ਦਸਦੇ ਹਨ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਵਸਾਉਣ ਲਈ ਸੰਨ 1570 ਵਿਚ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਆਦੇਸ਼ ਤੇ ਭਾਈ ਜੇਠਾ ਜੀ ( ਗੁਰੂ ਰਾਮਦਾਸ ਜੀ) ਨੇ ਪਿੰਡ ਤੰੁਗ ਪਿੰਡ, ਗੁੰਮਟਾਲਾ, ਸੁਲਤਾਨਵਿੰਡ ਅਤੇ ਗਿਲਵਾਲੀ ਪਿੰਡ ਦੀ ਜੂਹ ਵਿਚਲੀ ਜਮੀਨ ਉਸ ਸਮੇ 700 ਅਕਬਰੀ ਰੁਪਏ ਖਰਚ ਕੇ ਖ੍ਰੀਦੀ ਸੀ, ਜਿਸ ਨੂੰ ਪਹਿਲਾਂ ਗੁਰੂ ਕਾ ਚੱਕ, ਫਿਰ ਚੱਕ ਰਾਮਦਾਸਪੁਰ ਅਤੇ ਆਖਿਰ ਵਿਚ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ।1570 ਵਿਚ ਹੀ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਮੋਹੜੀ ਗੁਰੂ ਅਮਰਦਾਸ ਜੀ ਨੇ ਗੁਰੂ ਕੇ ਮਹਿਲ ਵਾਲੇ ਸਥਾਨ ਤੇ ਗੱਡੀ।ਇਹ ਦਿਹਾੜਾ 2020 ਵਿਚ ਲੰਘ ਚੁੱਕਾ ਹੈ। ਸਰਕਾਰ ਇਸ ਦਿਹਾੜੇ ਨੂੰ 2027 ਵਿਚ ਜਬਰਦਸਤੀ ਮਨਾਉਣ ਲਈ ਯਤਨਸ਼ੀਲ ਹੈ। ਇਹ ਵੀ ਠੀਕ ਹੈ ਕਿ ਇਤਿਹਾਸਕਾਰ ਕੇਸਰ ਸਿੰਘ ਛਿੱਬਰ ਬੰਸਾਵਲੀ ਨਾਮੇ ਵਿਚ ਇਹ ਦਾਅਵਾ ਕਰਦੇ ਹਨ ਕਿ ਗਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਮੋਹੜੀ 1577 ਵਿਚ ਗੱਡੀ ਸੀ।ਇਹ ਤਰੀਕ ਇਤਿਹਾਸ ਦੀ ਕਸਵੱਟੀ ਤੇ ਕਿਸੇ ਵੀ ਤਰ੍ਹਾਂ ਨਾਲ ਖਰੀ ਨਹੀ ਉਤਰਦੀ।ਪੰਥ ਦੇ ਪ੍ਰਵਾਨਿਤ ਇਤਿਹਾਸਕਾਰਾਂ ਵਿਚੋ ਕੁਝ ਜਿੰਨਾ ਵਿਚ ਭਾਈ ਵੀਰ ਸਿੰਘ, ਪ੍ਰੋਫੈਸਰ ਸਾਹਿਬ ਸਿੰਘ ਤੇ ਪ੍ਰੋਫੈਸਰ ਪ੍ਰਕਾਸ਼ ਸਿੰਘ, ਪ੍ਰਿਸੀਪਲ ਸਤਿਬੀਰ ਸਿੰਘ ਆਦਿ ਤਾਂ 1570 ਨੂੰ ਅੰਮ੍ਰਿਤਸਰ ਦੀ ਸਥਾਹਪਨਾ ਦਾ ਵਰਾ ਮੰਨਦੇ ਹਨ ਪਰ ਕੇਸਰ ਸਿੰਘ ਛਿਬਰ ਬੰਸਾਵਲੀ ਨਾਮੇ ਵਿਚ 1577 ਨੂੰ ਸਹੀ ਵਰ੍ਹਾ ਦਸਦੇ ਹਨ।ਇਸ ਦਿਹਾੜੇ ਨੂੰ ਸਾਂਝੇ ਤੌਰ ਤੇ ਮਨਾਉਣ ਲਈ ਵਿਦਵਾਨ ਮੁੜ ਘੋਖ ਕਰਕੇ ਇਕ ਤਰੀਕ ਤਹਿ ਕਰਨ ਤਾਂ ਕਿ ਪੰਥ ਵਿਚ ਪਈ ਦੁਬਿਧਾ ਖਤਮ ਕੀਤੀ ਜਾ ਸਕੇ।