ਅੰਮ੍ਰਿਤਸਰ-ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਮੀਰੀ ਪੀਰੀ ਖ਼ਾਲਸਾ ਮਾਰਚ ਅੱਜ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਕੱਥੂਨੰਗਲ ਤੋਂ ਖ਼ਾਲਸਈ ਜਾਹੋਜਲਾਲ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਲਈ ਹੋਇਆ ਰਵਾਨਾ। ਖ਼ਾਲਸਾ ਮਾਰਚ ਦੀ ਆਰੰਭਤਾ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਟੇਕ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਪਰਵਿੰਦਰਪਾਲ ਸਿੰਘ, ਸਾਬਕਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ, ਵਿਧਾਇਕ ਬੀਬੀ ਗਨੀਵ ਕੌਰ, ਬਾਬਾ ਮੇਜਰ ਸਿੰਘ ਸੋਢੀ ਸਮੇਤ ਪ੍ਰਮੁੱਖ ਸਖਸ਼ੀਅਤਾਂ ਅਤੇ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ। ਇਸ ਮੌਕੇ ਸਜੇ ਧਾਰਮਿਕ ਦੀਵਾਨ ਸਮੇਂ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਸਿੰਘ ਸਾਹਿਬ ਗਿਆਨੀ ਪਰਵਿੰਦਰਪਾਲ ਸਿੰਘ ਨੇ ਕਥਾ ਵੀਚਾਰ ਕਰਦਿਆਂ ਸੰਗਤ ਨਾਲ ਗੁਰ-ਇਤਿਹਾਸ ਦੀ ਸਾਂਝ ਪਾਈ।
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਗੁਰੂ ਸਾਹਿਬ ਦੀ ਕਿਰਪਾ ਅਤੇ ਸੰਗਤ ਦੇ ਭਰਵੇਂ ਸਹਿਯੋਗ ਨਾਲ ਜਿਸ ਮੰਤਵ ਨੂੰ ਲੈ ਕੇ ਮੀਰੀ ਪੀਰੀ ਖਾਲਸਾ ਮਾਰਚ ਆਰੰਭ ਕੀਤਾ ਗਿਆ ਸੀ, ਸੰਗਤਾਂ ਵੱਲੋਂ ਮਿਲਿਆ ਸਹਿਯੋਗ ਉਸ ਦੀ ਪੂਰਤੀ ਨੂੰ ਬਿਆਨ ਕਰਦਾ ਹੈ। ਇਸ ਮਾਰਚ ਦੌਰਾਨ ਪੰਜਾਬ ਦੇ ਹਜ਼ਾਰਾਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਸੰਗਤ ਨਾਲ ਸਿੱਧਾ ਸੰਵਾਦ ਹੋਇਆ ਅਤੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਨੇ ਸ਼ਮੂਲੀਅਤ ਕਰਕੇ ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਮਾਰਚ ਦਾ ਮੁੱਖ ਸੰਦੇਸ਼ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ, ਗੁਰਮਤਿ ਵਿਚਾਰਧਾਰਾ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉਚਤਾ ਦੇ ਸਿਧਾਂਤ ਅਤੇ ਨਾਲ ਜੋੜਨਾ ਰਿਹਾ।
ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ, ਉਨ੍ਹਾਂ ਨੂੰ ਖੇਡਾਂ ਅਤੇ ਉਸਾਰੂ ਗਤੀਵਿਧੀਆਂ ਨਾਲ ਜੋੜਨਾ ਅਤੇ ਕਿਰਤ ਕਰਨ ਲਈ ਪ੍ਰੇਰਿਤ ਕਰਨਾ ਵੀ ਇਸ ਮੁਹਿੰਮ ਦਾ ਅਹਿਮ ਹਿੱਸਾ ਸੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਵੱਡੀ ਗਿਣਤੀ ਵਿੱਚ ਨੌਜਵਾਨਾਂ ਵੱਲੋਂ ਕੇਸ ਰੱਖਣ, ਨਸ਼ਿਆਂ ਤੋਂ ਦੂਰ ਰਹਿਣ ਅਤੇ ਗੁਰੂ ਸਾਹਿਬ ਦੇ ਸਿਧਾਂਤਾਂ ਅਨੁਸਾਰ ਜੀਵਨ ਜਿਊਣ ਦਾ ਪ੍ਰਣ ਕਰਨਾ ਇੱਕ ਮਹੱਤਵਪੂਰਨ ਉਪਲਬਧੀ ਹੈ। ਉਨ੍ਹਾਂ ਕਿਹਾ ਖਾਲਸਾ ਮਾਰਚ ਦੌਰਾਨ ਸੰਗਤ ਦੇ ਵਿਚਾਰ ਅਤੇ ਸਵਾਲ ਸੁਣਨ ਦਾ ਵੀ ਮੌਕਾ ਮਿਲਿਆ, ਜਿਸ ਨਾਲ ਸਿੱਖ ਸੰਸਥਾਵਾਂ ਦੀਆਂ ਜ਼ਿੰਮੇਵਾਰੀਆਂ ਅਤੇ ਪੰਥਕ ਮਸਲਿਆਂ ਸਬੰਧੀ ਕਈ ਭੁਲੇਖੇ ਦੂਰ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਮੀਰੀ-ਪੀਰੀ ਖ਼ਾਲਸਾ ਮਾਰਚ ਨੂੰ ਮਿਲੇ ਭਰਵੇਂ ਹੁੰਗਾਰੇ ਲਈ ਸੰਗਤ ਦਾ ਧੰਨਵਾਦ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮੀਰੀ-ਪੀਰੀ ਖ਼ਾਲਸਾ ਮਾਰਚ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ, ਪੰਥਕ ਜਥੇਬੰਦੀਆਂ, ਪ੍ਰਚਾਰਕਾਂ ਅਤੇ ਸੰਗਤਾਂ ਨੇ ਜਿਸ ਉਤਸ਼ਾਹ ਅਤੇ ਸਮਰਪਣ ਨਾਲ ਸੇਵਾ ਨਿਭਾਈ ਹੈ, ਉਹ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਮੀਰੀ-ਪੀਰੀ ਖ਼ਾਲਸਾ ਮਾਰਚ ਰਾਹੀਂ ਪਿਛਲੇ ਮਹੀਨਿਆਂ ਦੌਰਾਨ ਜਿਸ ਤਰ੍ਹਾਂ ਸੈਂਕੜੇ ਪਿੰਡਾਂ ਅਤੇ ਸ਼ਹਿਰਾਂ ਦੀ ਸੰਗਤ ਨਾਲ ਰੂਬਰੂ ਹੋਣ ਦਾ ਮੌਕਾ ਮਿਲਿਆ ਹੈ, ਇਹ ਗੁਰੂ ਸਾਹਿਬ ਦੀ ਅਪਾਰ ਕਿਰਪਾ ਹੈ। ਉਨ੍ਹਾਂ ਕਿਹਾ ਕਿ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਦਾ ਮਾਰਚ ਨਾਲ ਜੁੜਨਾ ਅਤੇ ਥਾਂ-ਥਾਂ ’ਤੇ ਸੰਗਤ ਵੱਲੋਂ ਭਰਵਾਂ ਸਵਾਗਤ ਕਰਨਾ ਇਸ ਗੱਲ ਦਾ ਪ੍ਰਮਾਣ ਹੈ ਕਿ ਸਿੱਖ ਸੰਗਤ ਅੱਜ ਵੀ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਅਤੇ ਪੰਥਕ ਪਰੰਪਰਾਵਾਂ ਨਾਲ ਡੂੰਘੀ ਤਰ੍ਹਾਂ ਜੁੜੀ ਹੋਈ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਆਰੰਭ ਹੋਇਆ ਇਹ ਮੀਰੀ-ਪੀਰੀ ਖ਼ਾਲਸਾ ਮਾਰਚ ਪੰਥਕ ਜਾਗਰੂਕਤਾ, ਗੁਰਮਤਿ ਪ੍ਰਚਾਰ ਅਤੇ ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨਾਲ ਜੋੜਨ ਦਾ ਮਹੱਤਵਪੂਰਨ ਉਪਰਾਲਾ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਖਾਲਸਾ ਮਾਰਚ ਦੀ ਸੰਪੂਰਨਤਾ ਮਗਰੋਂ ਅਗਲੇ ਪੜਾਅ ਤਹਿਤ ਸ਼੍ਰੋਮਣੀ ਕਮੇਟੀ ਦੇ ਹਰ ਹਲਕੇ ਵਿੱਚ ਗੁਰਮਤਿ ਸਮਾਗਮ ਤੇ ਅੰਮ੍ਰਿਤ ਸੰਚਾਰ ਦੀ ਲਹਿਰ ਹੋਰ ਤੇਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਹਰੇਕ ਮੈਂਬਰ ਆਪਣੇ ਇਲਾਕੇ ਵਿਚ ਵੱਧ ਤੋਂ ਵੱਧ ਸੰਗਤ ਨੂੰ ਗੁਰਮਤਿ ਨਾਲ ਜੋੜਨ, ਅੰਮ੍ਰਿਤ ਸੰਚਾਰ ਲਈ ਪ੍ਰੇਰਿਤ ਕਰਨ ਅਤੇ ਗੁਰੂ ਸਾਹਿਬ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਲਈ ਯਤਨਸ਼ੀਲ ਹੋਵੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਖਾਲਸਾ ਮਾਰਚ ਵਿਚ ਸਹਿਯੋਗ ਦੇਣ ਵਾਲੇ ਸਾਰੇ ਮੈਂਬਰ ਸਾਹਿਬਾਨ, ਹਲਕਾ ਇੰਚਾਰਜ, ਸੇਵਾਦਾਰਾਂ, ਪੰਥਕ ਜਥੇਬੰਦੀਆਂ, ਪ੍ਰਚਾਰਕਾਂ ਅਤੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਰ ਵਿਅਕਤੀ ਨੇ ਆਪਣੀ ਸਮਰੱਥਾ ਅਨੁਸਾਰ ਇਸ ਸੇਵਾ ਵਿਚ ਯੋਗਦਾਨ ਪਾਇਆ ਹੈ। ਕਿਸੇ ਨੇ ਪ੍ਰਬੰਧਕੀ ਸੇਵਾ ਨਿਭਾਈ ਅਤੇ ਕਿਸੇ ਨੇ ਦਿਨ-ਰਾਤ ਪ੍ਰਚਾਰ ਰਾਹੀਂ ਸੰਗਤ ਨੂੰ ਇਸ ਕਾਰਜ ਨਾਲ ਜੋੜਿਆ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਅਤੇ ਪੰਥਕ ਜਜ਼ਬੇ ਸਦਕਾ ਇਹ ਮਾਰਚ ਆਪਣਾ ਵਿਸ਼ਾਲ ਪ੍ਰਭਾਵ ਛੱਡਣ ਵਿਚ ਸਫ਼ਲ ਹੋਇਆ। ਉਨ੍ਹਾਂ ਅਰਦਾਸ ਕੀਤੀ ਕਿ ਸਿੱਖ ਸੰਗਤ ਗੁਰੂ ਦੀ ਬਾਣੀ, ਬਾਣੇ ਅਤੇ ਅੰਮ੍ਰਿਤ ਦੀ ਦਾਤ ਨਾਲ ਜੁੜ ਕੇ ਪੰਥ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਯਤਨਸ਼ੀਲ ਰਹੇ।
ਇਸੇ ਦੌਰਾਨ ਸਾਬਕਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਗਏ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਨੌਜੁਆਨਾਂ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਲਾਹੇਵੰਦ ਸਾਬਤ ਹੋਣਗੇ। ਉਨ੍ਹਾਂ ਹਲਕਾ ਮਜੀਠਾ ਵਿਖੇ ਪੁੱਜੀਆਂ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਵੀ ਕੀਤਾ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਜਥੇਦਾਰ ਗਿਆਨੀ ਟੇਕ ਸਿੰਘ ਨੇ ਪੰਜ ਪਿਆਰਿਆਂ ਅਤੇ ਨਿਸ਼ਾਨਚੀ ਸਿੰਘਾਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪਾਲਕੀ ਸਾਹਿਬ ਵਿਚ ਸ਼ੁਸ਼ੋਭਿਤ ਕਰਨ ਦੀ ਸੇਵਾ ਸਿੰਘ ਸਾਹਿਬ ਗਿਆਨੀ ਪਰਵਿੰਦਰਪਾਲ ਸਿੰਘ ਨੇ ਨਿਭਾਈ। ਖ਼ਾਲਸਾ ਮਾਰਚ ਪ੍ਰਤੀ ਸੰਗਤਾਂ ਅੰਦਰ ਵੱਡਾ ਉਤਸ਼ਾਹ ਸੀ। ਵੱਖ ਵੱਖ ਪੜਾਵਾਂ ਤੇ ਸੰਗਤਾਂ ਨੇ ਖਾਲਸਾ ਮਾਰਚ ਦਾ ਭਰਵਾਂ ਸਵਾਗਤ ਕੀਤਾ। ਸੰਗਤਾਂ ਵੱਲੋਂ ਪੰਜ ਪਿਆਰੇ ਸਾਹਿਬਾਨ ਅਤੇ ਪ੍ਰਮੁੱਖ ਸਖਸ਼ੀਅਤਾਂ ਨੂੰ ਗੁਰੂ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਸੰਗਤਾਂ ਲਈ ਵੱਖ ਵੱਖ ਪਕਵਾਨ ਦੇ ਲੰਗਰ ਵੀ ਲਗਾਏ ਗਏ ਸਨ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸ. ਜੋਧ ਸਿੰਘ ਸਮਰਾ, ਸ. ਸੁਰਜੀਤ ਸਿੰਘ ਭਿੱਟੇਵੱਡ, ਸ. ਅਮਰਜੀਤ ਸਿੰਘ ਬੰਡਾਲਾ, ਹਲਕਾ ਵਿਧਾਇਕ ਬੀਬੀ ਗਨੀਵ ਕੋਰ, ਸਕੱਤਰ ਸ. ਗੁਰਿੰਦਰ ਸਿੰਘ ਮਥਰੇਵਾਲ, ਵਧੀਕ ਸਕੱਤਰ ਸ. ਭਗਵੰਤ ਸਿੰਘ ਧੰਗੇੜਾ, ਮੀਤ ਸਕੱਤਰ ਸ. ਮਨਜੀਤ ਸਿੰਘ ਤਲਵੰਡੀ, ਇੰਚਾਰਜ ਸ. ਮਨਦੀਪ ਸਿੰਘ, ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ, ਸ. ਭੁਪਿੰਦਰ ਸਿੰਘ ਬੁੱਟਰ, ਸ. ਮੋਹਨਦੀਪ ਸਿੰਘ ਅਤੇ ਵੱਡੀ ਗਿਣਤੀ ਸੰਗਤਾਂ ਮੌਜੂਦ ਸਨ।