ਅੰਮ੍ਰਿਤਸਰ - ਜਥੇਦਾਰ ਤੇਜਾ ਸਿੰਘ ਭੁੱਚਰ ਯਾਦਗਾਰੀ ਕਮੇਟੀ ਵੱਲੋਂ ਅੱਜ ਭਾਈ ਰਘਬੀਰ ਸਿੰਘ ਭੁੱਚਰ ਦੀ ਅਗਵਾਈ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਸੰਗਤੀ ਰੂਪ ਵਿੱਚ ਸਾਂਝਾ ਨਸੀਹਤਨਾਮਾ ਸੌਂਪਿਆ ਗਿਆ, ਜਿਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ, ਗੁਰਮਤਿ ਵਿਧੀ-ਵਿਧਾਨ ਅਤੇ ਸੰਗਤ ਦੀਆਂ ਫਰਿਆਦਾਂ ਨਾਲ ਸਬੰਧਤ ਵੱਖ-ਵੱਖ ਗੰਭੀਰ ਮਸਲਿਆਂ ਨੂੰ ਉਠਾਇਆ ਗਿਆ। ਇਸ ਮੌਕੇ ਵੱਖ-ਵੱਖ ਪੰਥਕ ਧਿਰਾਂ, ਜਥੇਬੰਦੀਆਂ ਅਤੇ ਸੰਗਤ ਨੂੰ ਸੰਗਤੀ ਰੂਪ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਗਿਆ ਸੀ, ਜਿਸ ਤਹਿਤ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਪਾਰਟੀ ਦੀ ਮੁੱਖ ਲੀਡਰਸ਼ਿਪ ਵਿੱਚੋਂ ਭਾਈ ਹਰਭਜਨ ਸਿੰਘ ਤੁੜ ਅਤੇ ਭਾਈ ਸ਼ਮਸ਼ੇਰ ਸਿੰਘ ਪੱਧਰੀ ਤੋਂ ਇਲਾਵਾ ਭਾਈ ਜਗਨੰਦਨ ਸਿੰਘ ਨਾਰਲੀ, ਸ੍ਰ ਦਲਜੀਤ ਸਿੰਘ, ਸ੍ਰ ਹਰਪਾਲ ਸਿੰਘ, ਮਹਿੰਦਰਪਾਲ ਸਿੰਘ ਤੁੰਗ, ਸ੍ਰ ਭੁਪਿੰਦਰ ਸਿੰਘ, ਸ੍ਰ ਸੁਰਜੀਤ ਸਿੰਘ ਅਤੇ ਭਾਈ ਅਵਤਾਰ ਸਿੰਘ ਪੋਤਰੇ ਮਹਿਤਾਬ ਸਿੰਘ ਬੀਰ ਵੀ ਹਾਜ਼ਰ ਹੋਏ। ਨਸੀਹਤਨਾਮੇ ਵਿੱਚ ਬਹਿਰੀਨ ਤੋਂ ਆਈ ਇੱਕ ਪੀੜਤ ਬੀਬੀ ਦੀ ਫਰਿਆਦ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੰਗਤ ਨੂੰ ਇਨਸਾਫ਼ ਦਿਵਾਉਣ ਨਾਲ ਸਬੰਧਤ ਮਸਲੇ ਨੂੰ ਉਠਾਇਆ ਗਿਆ ਅਤੇ ਇਤਿਹਾਸਕ ਹਵਾਲਿਆਂ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪੰਥਕ ਜ਼ਿੰਮੇਵਾਰੀ ਅਤੇ ਮਰਿਆਦਾ ਦੀ ਮਹੱਤਤਾ ਉਜਾਗਰ ਕੀਤੀ ਗਈ। ਨਸੀਹਤਨਾਮੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਭੂਮਿਕਾ ਬਾਰੇ ਵੀ ਸਵਾਲ ਉਠਾਉਂਦਿਆਂ ਕਿਹਾ ਗਿਆ ਕਿ ਉਨ੍ਹਾਂ ਦੀ ਰਹਿਨੁਮਾਈ ਹੇਠ ਵਾਪਰੇ ਇਨ੍ਹਾਂ ਮਾਮਲਿਆਂ ਵਿੱਚ ਲੋੜੀਂਦੀ ਕਾਰਵਾਈ ਨਾਂ ਹੋਣ ਕਾਰਨ ਸੰਗਤ ਵਿੱਚ ਗੰਭੀਰ ਰੋਸ ਅਤੇ ਨਿਰਾਸ਼ਾ ਹੈ। ਨਸੀਹਤਨਾਮੇ ਵਿੱਚ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਵੀ ਇਸ ਮਾਮਲੇ ਵਿੱਚ ਅਲਗਰਜ਼ੀ ਵਰਤਣ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਕਿ ਉਨ੍ਹਾਂ ਨੂੰ ਨੈਤਿਕ ਤੌਰ ’ਤੇ ਆਪਣੇ ਅਹੁਦੇ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ। ਇਸ ਮੌਕੇ ਹਾਜ਼ਰ ਸੰਗਤ ਵੱਲੋਂ ਕਿਹਾ ਗਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ, ਪੰਥਕ ਪਰੰਪਰਾਵਾਂ ਅਤੇ ਸੰਗਤ ਦੀਆਂ ਭਾਵਨਾਵਾਂ ਨਾਲ ਜੁੜੇ ਮਸਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਸ਼ਾਮਿਲ ਸਾਰੇ ਐਸ ਜੀ ਪੀ ਸੀ ਅਧਿਕਾਰੀਆਂ ਤੇ ਢੁੱਕਵੀਂ ਅਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।