ਲੁਧਿਆਣਾ-ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਸ੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੰਤ ਬਾਬਾ ਸੁੱਚਾ ਸਿੰਘ ਜੀ ਬਾਨੀ ਜਵੱਦੀ ਟਕਸਾਲ ਜੀ ਦੇ ਜਨਮ ਦਿਵਸ ਦੇ ਸਬੰਧ ਵਿੱਚ ਗੁਰਦੁਆਰਾ ਸ਼ਬਦ ਨਾਦ, ਪੱਖੋਵਾਲ ਰੋਡ ਵਿਖੇਆਯੋਜਿਤ ਕੀਤੇ ਗਏ ਤਿੰਨ ਰੋਜਾ11ਵੇਂ ਸਲਾਨਾ ਗੁਰਮਤਿ ਸਮਾਗਮ ਤੇ ਰਾਗ ਦਰਬਾਰ ਦੀ ਸੰਮਪੂਰਨਤਾ ਬੀਤੀ ਰਾਤ ਜੈਕਾਰਿਆਂ ਦੀ ਗੂੰਜ ਵਿੱਚ ਹੋਈ!ਇਸ ਤੋ ਪਹਿਲਾਂ ਗੁਰਮਤਿ ਸੰਗੀਤ ਵਿੱਦਿਆ ਦੇ ਉਸਤਾਦ ਸੁਖਵੰਤ ਸਿੰਘ ਦੀ ਸੁਹਿਰਦ ਅਗਵਾਈ ਤੇ ਅਨਹਦ ਕੀਰਤਨ ਸੁਸਾਇਟੀ ਯੂ. ਕੇ ਵਾਲਿਆ ਦੇ ਨਿੱਘੇ ਸਹਿਯੋਗ ਨਾਲ ਆਯੋਜਿਤ ਕੀਤੇ ਗਏ 11ਵੇਂ ਸਲਾਨਾ ਗੁਰਮਤਿ ਸਮਾਗਮ ਤੇ ਰਾਗ ਦਰਬਾਰ ਵਿਖੇ ਵੱਡੀ ਗਿਣਤੀ ਵਿੱਚ ਇਕੱਤਰ ਹੋਈਆਂ ਸੰਗਤਾਂ ਤੇ ਗੁਰਮਤਿ ਸੰਗੀਤ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਹੋਇਆ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਜੀ ਨੇ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਬਖ਼ਸ਼ੀ ਕੀਰਤਨ ਸ਼ੈਲੀ ਤਿੰਨ ਚੀਜਾ ਦਾ ਅਨੋਖਾ ਸੁਮੇਲ ਹੈ (ਜਿਵੇਂ ਕਿ ਫਲਸਫਾ, ਕਾਵਿ ਰਚਨਾ ਅਤੇ ਸੰਗੀਤ) ਜੋ ਕਿਸੇ ਵੀ ਧਰਮ ਵਿੱਚ ਘੱਟ ਦੇਖਣ ਨੂੰ ਮਿਲਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਂ ਨੇ ਗੁਰਬਾਣੀ ਨੂੰ ਵਿਸ਼ੇਸ਼ ਰਾਗਾ ਵਿੱਚ ਵਿਉਂਤਬੱਧ ਕਰਕੇ ਗੁਰਮਤਿ ਸੰਗੀਤ ਨੂੰ ਇੱਕ ਅਜਿਹੇ ਸਾਧਨ ਵੱਜੋਂ ਵਰਤਿਆ ਹੈ ਜੋ ਮਨ ਨੂੰ ਇਕਾਗਰ ਕਰਨ ਤੇ ਆਤਮਾ ਨੂੰ ਰੂਹਾਨੀਅਤ ਦੀਆਂ ਬੁਲੰਦੀਆਂ ਤੇ ਲਿਜਾ ਸਕੇ। ਆਪਣੇ ਸੰਬੋਧਨ ਵਿੱਚ ਉਹਨਾ ਕਿਹਾ ਕਿ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੱਚਖੰਡਵਾਸੀ ਸੰਤ ਬਾਬਾ ਸੁੱਚਾ ਸਿੰਘ ਜੀ ਬਾਨੀ ਜਵੱਦੀ ਟਕਸਾਲ ਦੀ ਹਮੇਸ਼ਾ ਇਹ ਸੋਚ ਰਹੀ ਹੈ ਕਿ ਕੀਰਤਨ ਦਰਬਾਰਾਂ ਦੀ ਲੜੀ ਦੇ ਤਹਿਤ ਗੁਰਮਤਿ ਸੰਗੀਤ ਕਲਾ ਨੂੰ ਸੰਗਤਾਂ ਵਿੱਚ ਵੱਧ ਤੋਂ ਵੱਧ ਉਤਸ਼ਾਹਿਤ ਕੀਤਾ ਜਾਵੇ। ਇਸ ਲੜੀ ਦੇ ਅੰਤਰਗਤ ਮੌਜੂਦਾ ਸਮੇਂ ਅੰਦਰ ਗੁਰਮਤਿ ਸੰਗੀਤ ਵਿੱਦਿਆ ਦੇ ਉਸਤਾਦ ਸੁਖਵੰਤ ਸਿੰਘ ਤੇ ਉਨ੍ਹਾਂ ਦੇ ਸਾਥੀ ਇਸੇ ਮਿਸ਼ਨ ਦੀ ਪ੍ਰਾਪਤੀ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ। ਇਸ ਤੋ ਪਹਿਲਾਂ ਗੁਰਮਤਿ ਸਮਾਗਮ ਅਤੇ ਰਾਗ ਦਰਬਾਰ ਅੰਦਰ ਉਚੇਚੇ ਤੌਰ ਤੇ ਪੁੱਜੇ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਮਨਿੰਦਰ ਸਿੰਘ ਹਜੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਭਾਈ ਭੁਪਿੰਦਰ ਸਿੰਘ ਹਜੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ, ਭਾਈ ਕਮਲਜੀਤ ਸਿੰਘ ਹਜੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ, ਡਾ. ਗੁਰਿੰਦਰ ਸਿੰਘ ਬਟਾਲਾ ਵਾਲੇ, ਭਾਈ ਹਰਮਨਦੀਪ ਸਿੰਘ ਜੀ ਅੰਮ੍ਰਿਤਸਰ, ਭਾਈ ਮਹਾਬੀਰ ਸਿੰਘ ਹਜੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ, ਭਾਈ ਪਰਦੀਪ ਸਿੰਘ ਦਿੱਲੀ, ਭਾਈ ਈਸ਼ਵਰ ਸਿੰਘ ਲੁਧਿਆਣਾ, ਭਾਈ ਦਿਲਬਾਗ ਸਿੰਘ ਸੰਗਰੂਰ ਵਾਲੇ, ਡਾ. ਜਤਿੰਦਰ ਸਿੰਘ
ਅਤੇ ਉਸਤਾਦ ਸੁਖਵੰਤ ਸਿੰਘ ਜੀ ਦੇ
ਕੀਰਤਨੀ ਜੱਥਿਆਂ ਨੇ ਨਿਰਧਾਰਤ ਰਾਗਾਂ ਵਿੱਚ ਗੁਰਬਾਣੀ ਦਾ ਆਨੰਦਮਈ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੌਰਾਨ ਉਸਤਾਦ ਸੁਖਵੰਤ ਸਿੰਘ, ਪ੍ਰਿੰਸੀਪਲ ਜਸਪਾਲ ਸਿੰਘ ਤੇ ਬਾਬਾ ਹਰਜੀਤ ਸਿੰਘ ਵੱਲੋ ਸਮੂਹ ਕੀਰਤਨੀ ਜੱਥਿਆਂ ਦੇ ਮੈਬਰਾਂ ਅਤੇ ਸਤਿਕਾਰਤ ਸ਼ਖਸ਼ੀਅਤਾਂ ਨੂੰ ਸਿਰਪਾਉ ਬਖਸ਼ਿਸ਼ ਕਰਕੇ ਸਨਮਾਨਿਤ ਕੀਤਾ ਅਤੇ ਸਮਾਗਮ ਵਿੱਚ ਇੱਕਤਰ ਹੋਈਆਂ ਸਮੂਹ ਸੰਗਤਾਂ ਦਾ ਧੰਨਵਾਦ ਪ੍ਰਗਟ ਕੀਤਾ। ਇਸ ਮੌਕੇ ਭਾਈ ਅੰਮ੍ਰਿਤਪਾਲ ਸਿੰਘ, ਗੁਰਪ੍ਰੀਤ ਸਿੰਘ, ਕੇ. ਜੇ ਸਿੰਘ ਬੰਬੇ ਵਾਲੇ, ਭਾਈ ਜਸਵੰਤ ਸਿੰਘ, ਹਰਪ੍ਰੀਤ ਕੌਰ ਦਿੱਲੀ, ਗੁਰਪ੍ਰੀਤ ਕੌਰ ਇੰਗਲੈਂਡ, ਅਮਰਿੰਦਰ ਸਿੰਘ, , ਭੁਪਿੰਦਰ ਸਿੰਘ, ਭਾਈ ਅਨਿਕਬਾਰ ਸਿੰਘ, ਗੁਰਰਾਜਨ ਸਿੰਘ, ਤੇਜਿੰਦਰਪਾਲ ਸਿੰਘ, ਪ੍ਰਿਤਪਾਲ ਸਿੰਘ ਸਮੇਤ ਗੁਰਮਤਿ ਸੰਗੀਤ ਨਾਲ ਪਿਆਰ ਕਰਨ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ਵਿਸੇਸ਼ ਤੌਰ ਤੇ ਹਜਰ ਸਨ!