ਨਵੀਂ ਦਿੱਲੀ- ਅਮਰ ਸ਼ਹੀਦ ਭਾਈ ਸਾਹਿਬ ਭਾਈ ਫੌਜਾ ਸਿੰਘ ਦੀ ਵਹੀਰ ਦੇ ਮਹਾਨ ਜੋਧਿਆਂ ਵਿੱਚੋਂ ਭਾਈ ਤਲਵਿੰਦਰ ਸਿੰਘ ਪਰਮਾਰ ਵੀ ਇੱਕ ਸਨ। ਭਾਈ ਤਲਵਿੰਦਰ ਸਿੰਘ ਪਰਮਾਰ ਨੇ ਬੱਬਰ ਖਾਲਸਾ ਦੇ ਬਾਨੀ ਜਥੇਦਾਰ ਵਜੋਂ ਖਾਲਸਾਈ ਹੱਕਾਂ ਦੀ ਆਵਾਜ਼ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਬੁਲੰਦ ਕੀਤਾ ਅਤੇ ਦੁਨੀਆ ਸਾਹਮਣੇ ਸਿੱਖਾਂ ਦੇ ਹੱਕਾਂ ਨਾਲ ਜੁੜੇ ਮੁੱਦਿਆਂ ਨੂੰ ਉਭਾਰਿਆ। ਐਸੇ ਮਹਾਨ ਜੋਧੇ ਭਾਈ ਤਲਵਿੰਦਰ ਸਿੰਘ ਪਰਮਾਰ ਦੇ ਸ਼ਹੀਦੀ ਦਿਵਸ ਮੌਕੇ ਉਨ੍ਹਾਂ ਦੀ ਸ਼ਹਾਦਤ ਨੂੰ ਸਤਿਕਾਰ ਸਹਿਤ ਯਾਦ ਕਰਦਿਆਂ ਇਹ ਵੀ ਯਾਦ ਕਰਨਾ ਬਣਦਾ ਹੈ ਕਿ ਉਹ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ ਉਸ ਬਾਲ ਫੁਲਵਾੜੀ ਨਾਲ ਜੁੜੇ ਹੋਏ ਸਨ, ਜਿਸ ਨੇ ਗਦਰੀ ਬਾਬਿਆਂ ਅਤੇ ਬੱਬਰ ਜੋਧਿਆਂ ਦੀ ਕੁਰਬਾਨੀ ਦੀ ਪਰੰਪਰਾ ਤੋਂ ਪ੍ਰੇਰਣਾ ਲੈਂਦਿਆਂ ਅਖੰਡ ਕੀਰਤਨੀ ਜਥੇ ਦੀ ਗੁਰਮੁਖੀ ਅਤੇ ਪੰਥਕ ਵਿਰਾਸਤ ਨੂੰ ਅੱਗੇ ਤੋਰਿਆ।ਉਪਰਲੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਬੁੜੈਲ ਜੇਲ੍ਹ ਅੰਦਰ ਨਜ਼ਰਬੰਦ ਭਾਈ ਪਰਮਜੀਤ ਸਿੰਘ ਭਿਓਰਾ ਨੇ ਭਾਈ ਤਲਵਿੰਦਰ ਸਿੰਘ ਪਰਮਾਰ ਦੇ ਸ਼ਹੀਦੀ ਦਿਵਸ ਮੌਕੇ ਸਿੱਖ ਸੰਗਤ ਨੂੰ ਸੰਦੇਸ਼ ਦਿੰਦਿਆਂ ਕਿਹਾ ਹੈ ਕਿ ਭਾਈ ਸਾਹਿਬ ਦੀ ਸ਼ਹਾਦਤ ਨੂੰ ਸਿਰਫ਼ ਇੱਕ ਸਾਲਾਨਾ ਯਾਦ ਤੱਕ ਸੀਮਤ ਨਾ ਕੀਤਾ ਜਾਵੇ, ਸਗੋਂ ਉਨ੍ਹਾਂ ਦੇ ਜੀਵਨ, ਵਿਚਾਰਾਂ ਅਤੇ ਕੁਰਬਾਨੀ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਇਆ ਜਾਵੇ। ਭਾਈ ਭਿਓਰਾ ਨੇ ਭਾਈ ਤਲਵਿੰਦਰ ਸਿੰਘ ਪਰਮਾਰ ਨੂੰ ਅਖੰਡ ਕੀਰਤਨੀ ਜਥੇ ਦੇ ਉੱਘੇ ਗੁਰਮੁਖ ਅਤੇ ਪੰਥਕ ਸੰਘਰਸ਼ ਦੇ ਪ੍ਰਮੁੱਖ ਚਿਹਰੇ ਵਜੋਂ ਯਾਦ ਕਰਦਿਆਂ ਉਨ੍ਹਾਂ ਦੀ ਸ਼ਹਾਦਤ ਨੂੰ “ਕੌਮੀ ਇਤਿਹਾਸ ਦਾ ਅਹਿਮ ਅਧਿਆਇ” ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਭਾਈ ਸਾਹਿਬ ਨੇ ਆਪਣੇ ਵਿਸ਼ਵਾਸ ਅਤੇ ਪੰਥਕ ਹੱਕਾਂ ਦੀ ਆਵਾਜ਼ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਾਇਆ। ਭਾਈ ਭਿਓਰਾ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਸ਼ਹੀਦੀ ਦਿਵਸ ਮੌਕੇ ਦੁਨੀਆ ਭਰ ਦੇ ਗੁਰਦੁਆਰਿਆਂ ਵਿੱਚ ਭਾਈ ਤਲਵਿੰਦਰ ਸਿੰਘ ਪਰਮਾਰ ਦੀ ਯਾਦ ਨੂੰ ਸਮਰਪਿਤ ਢਾਡੀ ਦਰਬਾਰ, ਕਵੀਸ਼ਰੀ ਦਰਬਾਰ, ਕੀਰਤਨ ਦਰਬਾਰ, ਕਵੀ ਦਰਬਾਰ ਅਤੇ ਇਤਿਹਾਸਕ ਵਿਚਾਰ-ਗੋਸ਼ਟੀਆਂ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ ਅੱਜ ਦੀ ਪੀੜ੍ਹੀ ਨੂੰ ਆਪਣੇ ਇਤਿਹਾਸ ਨਾਲ ਜੋੜਨਾ ਸਮੇਂ ਦੀ ਵੱਡੀ ਲੋੜ ਹੈ। ਭਾਈ ਭਿਓਰਾ ਨੇ ਕਿਹਾ ਕਿ ਭਾਈ ਪਰਮਾਰ ਦੀ ਯਾਦ ਨੂੰ ਸੱਚੀ ਸ਼ਰਧਾਂਜਲੀ ਸਿਰਫ਼ ਨਾਅਰਿਆਂ ਜਾਂ ਸਮਾਗਮਾਂ ਤੱਕ ਸੀਮਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਅਨੁਸਾਰ ਸਿੱਖ ਸੰਗਤ ਨੂੰ ਗੁਰਬਾਣੀ, ਸੇਵਾ, ਪੰਥਕ ਏਕਤਾ ਅਤੇ ਆਪਣੇ ਇਤਿਹਾਸ ਦੀ ਸਮਝ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਸੰਗਤ ਨੂੰ ਸੱਦਾ ਦਿੱਤਾ ਕਿ ਭਾਈ ਸਾਹਿਬ ਦੀ ਸ਼ਹਾਦਤ ਦੇ ਮੌਕੇ ’ਤੇ ਪੰਥਕ ਇਤਿਹਾਸ, ਸ਼ਹੀਦਾਂ ਦੀਆਂ ਕੁਰਬਾਨੀਆਂ ਅਤੇ ਸਿੱਖ ਸਿਧਾਂਤਾਂ ’ਤੇ ਗੰਭੀਰ ਵਿਚਾਰ-ਵਟਾਂਦਰਾ ਕੀਤਾ ਜਾਵੇ ਅਤੇ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਠੋਸ ਉਪਰਾਲੇ ਕੀਤੇ ਜਾਣ ਕਿ ਅਸੀਂ ਸਾਰੇ ਆਪਣੀਆਂ ਅੰਤਮ ਸਵਾਸਾਂ ਤੱਕ ਖਾਲਸਾਈ ਹਲੇਮੀ ਰਾਜ ਪ੍ਰਾਪਤ ਕਰਨ ਲਈ ਜਤਨਸ਼ੀਲ ਰਹਾਂਗੇ। ਇਹੋ ਭਾਈ ਸਾਹਿਬ ਦੀ ਮਹਾਨ ਯਾਦ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।