ਚੰਡੀਗੜ-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਉਹ ਪੰਜਾਬ ਨੂੰ ਬਦਨਾਮ ਕਰਨ ਅਤੇ ਸਿਆਸੀ ਦੋਸ਼ਬਾਜ਼ੀ ਕਰਨ ਦੀ ਬਜਾਏ ਗੁਜਰਾਤ ਦੀ ਕਾਂਡਲਾ ਬੰਦਰਗਾਹ 'ਤੇ 3, 000 ਕਿੱਲੋ ਹੈਰੋਇਨ ਦੀ ਬਰਾਮਦਗੀ ਦਾ ਜਵਾਬ ਦੇਣ। ਅਮਿਤ ਸ਼ਾਹ ਨੂੰ ਭਾਜਪਾ ਸ਼ਾਸਿਤ ਗੁਜਰਾਤ ਤੋਂ ਰਾਜਸਥਾਨ ਅਤੇ ਹਰਿਆਣਾ ਰਾਹੀਂ ਚੱਲ ਰਹੇ ਨਸ਼ੇ ਦੇ ਰੂਟਾਂ ਦੀ ਜ਼ਿੰਮੇਵਾਰੀ ਲੈਣ ਦੀ ਚੁਣੌਤੀ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਵਾਲ ਕੀਤਾ ਕਿ ਸਰਹੱਦ ਦੀ ਸੁਰੱਖਿਆ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਹੋਣ ਦੇ ਬਾਵਜੂਦ ਦੇਸ਼ ਵਿੱਚ ਨਸ਼ਾ ਕਿਵੇਂ ਦਾਖ਼ਲ ਹੋ ਰਿਹਾ ਹੈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ 'X' ਪੋਸਟ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਅਮਿਤ ਸ਼ਾਹ ਜੀ, ਮੇਰੇ ਬਾਰੇ ਬੋਲਣ ਤੋਂ ਪਹਿਲਾਂ ਤੁਹਾਨੂੰ ਆਪਣੇ ਸਲਾਹਕਾਰਾਂ ਨਾਲ ਮਸ਼ਵਰਾ ਕਰ ਲੈਣਾ ਚਾਹੀਦਾ ਸੀ। ਬੀਐਸਐੱਫ ਦਾ ਅਧਿਕਾਰ ਖੇਤਰ 50 ਕਿਲੋਮੀਟਰ ਤੱਕ ਹੈ, ਫਿਰ ਵੀ ਗੁਜਰਾਤ ਦੀ ਕਾਂਡਲਾ ਬੰਦਰਗਾਹ 'ਤੇ 3, 000 ਕਿੱਲੋ ਹੈਰੋਇਨ ਫੜ੍ਹੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ 'ਤੇ ਦੋਸ਼ ਲਾਉਣ ਤੋਂ ਪਹਿਲਾਂ ਆਪਣੀਆਂ ਜ਼ਿੰਮੇਵਾਰੀਆਂ ਦੀ ਜਵਾਬਦੇਹੀ ਲਵੋ। ਆਪਣੇ 'ਚਮਚਿਆਂ' ਦੇ ਲਿਖੇ ਸਕ੍ਰਿਪਟਿਡ ਟਵੀਟਾਂ ਨੂੰ ਕਾਪੀ-ਪੇਸਟ ਕਰਨਾ ਬੰਦ ਕਰੋ।"
ਪੰਜਾਬ ਦੀ ਕਾਨੂੰਨ ਵਿਵਸਥਾ ਬਾਰੇ ਅਮਿਤ ਸ਼ਾਹ ਦੀਆਂ ਟਿੱਪਣੀਆਂ 'ਤੇ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਮੈਂ ਵੀ ਅਮਿਤ ਸ਼ਾਹ ਨੂੰ ਜਵਾਬ ਦਿੱਤਾ ਸੀ। ਤੁਸੀਂ ਮੇਰੀ ਗੱਲ ਦਾ ਜ਼ਿਕਰ ਕਿਉਂ ਨਹੀਂ ਕੀਤਾ? ਮੈਂ ਕੀ ਜਵਾਬ ਦਿੱਤਾ ਸੀ? ਕੀ ਤੁਸੀਂ ਕਦੇ ਅਮਿਤ ਸ਼ਾਹ ਨੂੰ ਪੰਜਾਬੀ ਵਿੱਚ ਲਿਖਦੇ ਦੇਖਿਆ ਹੈ? ਇੱਥੋਂ ਹੀ ਕਿਸੇ ਨੇ ਉਨ੍ਹਾਂ ਨੂੰ ਬਿਆਨ ਭੇਜਿਆ ਹੋਵੇਗਾ ਅਤੇ ਉਨ੍ਹਾਂ ਨੇ ਬੱਸ ਉਸ ਨੂੰ ਕਾਪੀ-ਪੇਸਟ ਕਰ ਦਿੱਤਾ।"
ਮੁੱਖ ਮੰਤਰੀ ਨੇ ਧਿਆਨ ਦਿਵਾਇਆ, "ਸਰਹੱਦ ਦੇ ਨਾਲ ਬੀਐੱਸਐੱਫ ਦੀ ਕਾਰਜਸ਼ੀਲ ਸੀਮਾ 50 ਕਿਲੋਮੀਟਰ ਹੈ, ਫਿਰ ਵੀ ਗੁਜਰਾਤ ਦੀ ਕਾਂਡਲਾ ਬੰਦਰਗਾਹ 'ਤੇ ਲਗਭਗ 3, 000 ਕਿੱਲੋ ਨਸ਼ੇ ਦੀਆਂ ਖੇਪਾਂ ਜ਼ਬਤ ਕੀਤੀਆਂ ਜਾਂਦੀਆਂ ਹਨ। ਜੇਕਰ ਨਸ਼ਾ ਪਾਕਿਸਤਾਨ ਤੋਂ ਆ ਰਿਹਾ ਹੈ, ਤਾਂ ਬੀਐੱਸਐੱਫ 'ਤੇ ਕਿਸ ਦਾ ਕੰਟਰੋਲ ਹੈ? ਇਹ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਆਉਂਦੀ ਹੈ।"
ਉਨ੍ਹਾਂ ਅੱਗੇ ਕਿਹਾ, "ਗੁਜਰਾਤ ਵਿੱਚ ਸਾਲਾਂ ਤੋਂ ਭਾਜਪਾ ਦੀ ਸਰਕਾਰ ਹੈ। ਜੇਕਰ ਇਹ ਰਸਤਾ ਰਾਜਸਥਾਨ ਤੋਂ ਹੋ ਕੇ ਲੰਘਦਾ ਹੈ, ਤਾਂ ਉੱਥੇ ਕਿਸ ਦੀ ਸਰਕਾਰ ਹੈ? ਭਾਜਪਾ ਦੀ। ਜੇਕਰ ਇਹ ਹਰਿਆਣਾ ਤੋਂ ਲੰਘਦਾ ਹੈ, ਤਾਂ ਉੱਥੇ ਕਿਸ ਦੀ ਸਰਕਾਰ ਹੈ? ਭਾਜਪਾ ਦੀ। ਫਿਰ ਵੀ ਉਹ ਪੰਜਾਬ 'ਤੇ ਦੋਸ਼ ਲਾਉਂਦੇ ਰਹਿੰਦੇ ਹਨ। ਪੰਜਾਬ 'ਤੇ ਦੋਸ਼ ਲਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਵੱਲ ਦੇਖਣਾ ਚਾਹੀਦਾ ਹੈ। ਸਾਡਾ ਸਟੈਂਡ ਸਪੱਸ਼ਟ ਹੈ: ਅਸੀਂ ਕਿਸੇ ਵੀ ਨਸ਼ਾ ਤਸਕਰ ਨੂੰ ਨਹੀਂ ਬਖ਼ਸ਼ਾਂਗੇ ਅਤੇ ਨਸ਼ਾ ਤਸਕਰੀ ਵਿੱਚ ਸ਼ਾਮਲ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰੱਖਾਂਗੇ।"
ਅਕਾਲੀ ਦਲ-ਭਾਜਪਾ ਗਠਜੋੜ ਦੇ ਸ਼ਾਸਨਕਾਲ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, "2007 ਤੋਂ 2017 ਤੱਕ ਪੰਜਾਬ ਵਿੱਚ ਕਿਸ ਦੀ ਸਰਕਾਰ ਸੀ? ਅਕਾਲੀ ਦਲ ਅਤੇ ਭਾਜਪਾ ਦੀ। ਜਦੋਂ ਮਜੀਠੀਆ ਲਾਲ ਬੱਤੀ ਵਾਲੀਆਂ ਗੱਡੀਆਂ ਵਿੱਚ ਨਸ਼ਾ ਭੇਜ ਰਿਹਾ ਸੀ, ਤਾਂ ਉਸ ਨੂੰ ਸਰਪ੍ਰਸਤੀ ਕੌਣ ਦੇ ਰਿਹਾ ਸੀ? ਇਹ ਉਹੀ ਲੋਕ ਸਨ। ਭਾਜਪਾ ਨੇ 2014 ਵਿੱਚ ਕੇਂਦਰ ਵਿੱਚ ਸਰਕਾਰ ਬਣਾਈ, ਅਤੇ ਉਸ ਤੋਂ ਬਾਅਦ ਵੀ ਉਹ ਅਜਿਹੇ ਅਨਸਰਾਂ ਦੀ ਮਦਦ ਕਰਦੇ ਰਹੇ।"
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ੋਰ ਦਿੰਦਿਆਂ ਕਿਹਾ, "ਅਮਿਤ ਸ਼ਾਹ ਜੀ, ਪੰਜਾਬ ਨੂੰ ਬਦਨਾਮ ਕਰਨ ਤੋਂ ਪਹਿਲਾਂ ਕਿਰਪਾ ਕਰਕੇ ਆਪਣਾ ਰਿਕਾਰਡ ਦੇਖੋ। ਪੰਜਾਬੀ ਵਿੱਚ ਅਸੀਂ ਕਹਿੰਦੇ ਹਾਂ ਕਿ ਦੂਜਿਆਂ 'ਤੇ ਉਂਗਲ ਚੁੱਕਣ ਤੋਂ ਪਹਿਲਾਂ ਆਪਣੇ ਪਿੰਡੇ 'ਤੇ ਝਾਤ ਮਾਰਨੀ ਚਾਹੀਦੀ ਹੈ। ਪਹਿਲਾਂ ਆਪਣੇ ਘਰ ਦੀ ਪੜਤਾਲ ਕਰੋ, ਫਿਰ ਦੂਜਿਆਂ 'ਤੇ ਦੋਸ਼ ਲਗਾਓ।"
ਸਿਆਸੀ ਬਿਆਨਬਾਜ਼ੀ ਦੇ ਸਮੇਂ ਅਤੇ ਪੰਜਾਬ ਨੂੰ ਨਿਸ਼ਾਨਾ ਬਣਾਏ ਜਾਣ ਬਾਰੇ ਪੁੱਛੇ ਜਾਣ 'ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਚੋਣਾਂ ਨੇੜੇ ਆਉਂਦਿਆਂ ਹੀ ਇਹ ਸਭ ਕੁਝ ਚੱਲਦਾ ਰਹੇਗਾ। ਜੇਕਰ ਸੀਬੀਆਈ ਮੇਰੇ ਪਰਿਵਾਰਕ ਮੈਂਬਰਾਂ ਜਾਂ ਮੇਰੇ ਕਰੀਬੀ ਭਰੋਸੇਮੰਦ ਲੋਕਾਂ 'ਤੇ ਛਾਪੇਮਾਰੀ ਕਰਦੀ ਹੈ, ਤਾਂ ਇਸ ਦਾ ਮਤਲਬ ਹੈ ਕਿ ਚੋਣਾਂ ਨੇੜੇ ਹਨ। ਉਨ੍ਹਾਂ ਨੇ ਬੰਗਾਲ, ਬਿਹਾਰ, ਮਹਾਰਾਸ਼ਟਰ, ਦਿੱਲੀ ਅਤੇ ਹਰਿਆਣਾ ਵਿੱਚ ਵੀ ਇਹੀ ਫਾਰਮੂਲਾ ਅਪਣਾਇਆ ਸੀ। ਇਸ ਲਈ ਉਨ੍ਹਾਂ ਨੂੰ ਗੱਲਾਂ ਕਰਨ ਦਿਓ, ਪੰਜਾਬ ਦੇ ਲੋਕ ਆਪਣਾ ਜਵਾਬ ਆਪ ਦੇਣਗੇ।"
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਨੇ ਕਿਹਾ: "ਅਮਿਤ ਸ਼ਾਹ ਜੀ, ਪੰਜਾਬ ਨੂੰ ਬਦਨਾਮ ਨਾ ਕਰੋ। ਤੁਸੀਂ ਦੇਸ਼ ਦੇ ਕੇਂਦਰੀ ਗ੍ਰਹਿ ਮੰਤਰੀ ਹੋ। ਗੁਜਰਾਤ ਦੇ ਰਸਤੇ ਪੰਜਾਬ ਵਿੱਚ ਸਪਲਾਈ ਕੀਤੇ ਜਾ ਰਹੇ ਨਸ਼ੇ ਦੀ ਚੇਨ ਨੂੰ ਤੋੜਨਾ ਤੁਹਾਡੀ ਜ਼ਿੰਮੇਵਾਰੀ ਹੈ। ਅੱਜ ਜਦੋਂ ਭਗਵੰਤ ਮਾਨ ਸਰਕਾਰ ਨੇ ਪੰਜਾਬ ਵਿੱਚ ਨਸ਼ਾ ਤਸਕਰਾਂ ਦਾ ਲੱਕ ਤੋੜ ਦਿੱਤਾ ਹੈ, ਤਾਂ ਕੇਂਦਰੀ ਗ੍ਰਹਿ ਮੰਤਰੀ ਹੋਣ ਦੇ ਨਾਤੇ ਗੁਜਰਾਤ ਤੋਂ ਚੱਲ ਰਹੇ ਸਪਲਾਈ ਨੈੱਟਵਰਕ ਨੂੰ ਖ਼ਤਮ ਕਰਨਾ ਤੁਹਾਡਾ ਫ਼ਰਜ਼ ਹੈ। ਪਿਛਲੇ ਪੰਜ ਸਾਲਾਂ ਵਿੱਚ ਦੇਸ਼ ਵਿੱਚ ਸਭ ਤੋਂ ਵੱਧ ਨਸ਼ਾ ਗੁਜਰਾਤ ਦੀਆਂ ਬੰਦਰਗਾਹਾਂ 'ਤੇ ਫੜ੍ਹਿਆ ਗਿਆ ਹੈ। ਫਿਰ ਵੀ ਤੁਸੀਂ ਸਿਆਸੀ ਲਾਹਾ ਲੈਣ ਲਈ ਪੰਜਾਬ ਨੂੰ ਬਦਨਾਮ ਕਰਨ ਤੁਰ ਪਏ ਹੋ?"
ਆਪ ਪੰਜਾਬ ਪ੍ਰਭਾਰੀ ਨੇ ਧਿਆਨ ਦਿਵਾਇਆ, "ਲਾਰੈਂਸ ਬਿਸ਼ਨੋਈ ਸਾਬਰਮਤੀ ਜੇਲ੍ਹ ਤੋਂ ਆਪਣਾ ਪੂਰਾ ਨੈੱਟਵਰਕ ਚਲਾ ਰਿਹਾ ਹੈ। ਫੋਨ ਕਾਲਾਂ, ਵੀਡੀਓ ਕਾਲਾਂ, ਧਮਕੀਆਂ ਅਤੇ ਅਪਰਾਧਿਕ ਗਤੀਵਿਧੀਆਂ ਤੁਹਾਡੇ ਰਾਜ ਦੀ ਇੱਕ ਹਾਈ-ਸਿਕਿਓਰਿਟੀ ਜੇਲ੍ਹ ਤੋਂ ਹੋ ਰਹੀਆਂ ਹਨ। ਗੈਂਗਸਟਰਵਾਦ ਨੂੰ ਕਿੱਥੇ ਪਨਾਹ ਮਿਲ ਰਹੀ ਹੈ, ਇਹ ਸਵਾਲ ਪੰਜਾਬ ਨੂੰ ਨਹੀਂ, ਸਗੋਂ ਤੁਹਾਡੀ ਆਪਣੀ ਸਰਕਾਰ ਨੂੰ ਪੁੱਛਿਆ ਜਾਣਾ ਚਾਹੀਦਾ ਹੈ।"
ਮਨੀਸ਼ ਸਿਸੋਦੀਆ ਨੇ ਕਿਹਾ, "2007 ਤੋਂ 2017 ਦੇ ਵਿਚਕਾਰ ਜਦੋਂ ਅਕਾਲੀ-ਭਾਜਪਾ ਸਰਕਾਰ ਸੱਤਾ ਵਿੱਚ ਸੀ, ਤਾਂ ਪੰਜਾਬ ਵਿੱਚ 'ਚਿੱਟੇ' ਅਤੇ ਹੈਰੋਇਨ ਦਾ ਵਪਾਰ ਖੂਬ ਫੁੱਲਿਆ-ਫਲਿਆ। ਉਸ ਸਮੇਂ ਤੁਹਾਡੀ ਸਰਕਾਰ ਵੱਲੋਂ ਬੀਜਿਆ ਗਿਆ ਜ਼ਹਿਰ ਅੱਜ ਪੰਜਾਬ ਭੁਗਤਣ ਲਈ ਮਜ਼ਬੂਰ ਹੈ। ਉਸ ਇਤਿਹਾਸ ਨੂੰ ਭੁੱਲ ਕੇ ਕੀ ਤੁਸੀਂ ਹੁਣ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ? ਸਰਹੱਦੀ ਸੁਰੱਖਿਆ, ਬੰਦਰਗਾਹਾਂ ਅਤੇ ਐੱਨਸੀਬੀ ਅਤੇ ਡੀਆਰਆਈ ਵਰਗੀਆਂ ਕੇਂਦਰੀ ਏਜੰਸੀਆਂ ਕੇਂਦਰ ਸਰਕਾਰ ਦੇ ਅਧੀਨ ਆਉਂਦੀਆਂ ਹਨ। ਜਦੋਂ ਗੁਜਰਾਤ ਦੀਆਂ ਬੰਦਰਗਾਹਾਂ ਰਾਹੀਂ ਦੇਸ਼ ਵਿੱਚ ਨਸ਼ਾ ਦਾਖ਼ਲ ਹੋ ਰਿਹਾ ਹੈ, ਤਾਂ ਇਸ ਲਈ ਕਿਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ?"