ਨਵੀਂ ਦਿੱਲੀ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲੋਂ ਪੰਜਾਬ ਵਿੱਚ ਨੌਜਵਾਨਾਂ ਤੱਕ ਪਹੁੰਚ ਰਹੇ ‘ਚਿੱਟੇ’ ਦੇ ਸਰੋਤ ਬਾਰੇ ਪੰਥਕ ਅਖ਼ਬਾਰਾਂ ਰਾਹੀਂ ਸਵਾਲ ਪੁੱਛੇ ਜਾਣ ਤੋਂ ਬਾਅਦ ਇੰਦੌਰ ਵਾਸੀ ਭਾਈ ਸਨਮੀਤ ਸਿੰਘ ਨੂੰ ਕਥਿਤ ਤੌਰ ’ਤੇ ਧਮਕੀ ਭਰੇ ਫੋਨ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਸਨਮੀਤ ਸਿੰਘ ਵੱਲੋਂ ਪੰਥਕ ਅਖ਼ਬਾਰਾਂ ਵਿੱਚ ਛਪੀਆਂ ਇਨ੍ਹਾਂ ਖ਼ਬਰਾਂ ਅਤੇ ਸਵਾਲਾਂ ਦੀਆਂ ਕਤਰਣਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਗਈਆਂ ਸਨ। ਇਸ ਤੋਂ ਬਾਅਦ ‘ਆਲ ਪਾਰਟੀ ਵਲੰਟੀਅਰ ਪੰਜਾਬ’ ਨਾਮਕ ਵਟਸਐਪ ਗਰੁੱਪ ਦੇ ਪ੍ਰਬੰਧਕ ਵੱਲੋਂ ਉਨ੍ਹਾਂ ਨੂੰ ਫੋਨ ਕਰਕੇ ਕਤਰਣਾਂ ਅੱਗੇ ਸਾਂਝੀਆਂ ਕਰਨ ਨੂੰ ਲੈ ਕੇ ਕਥਿਤ ਤੌਰ ’ਤੇ ਧਮਕਾਇਆ ਗਿਆ। ਮਾਮਲੇ ਨੂੰ ਗੰਭੀਰ ਦੱਸਦਿਆਂ ਪੰਜਾਬ ਅਤੇ ਮੱਧ ਪ੍ਰਦੇਸ਼ ਪੁਲਿਸ ਦੇ ਉੱਚ ਅਧਿਕਾਰੀਆਂ ਸਮੇਤ ਖੁਫੀਆ ਏਜੰਸੀਆਂ, ਸੁਪਰੀਮ ਕੋਰਟ, ਮੱਧ ਪ੍ਰਦੇਸ਼ ਹਾਈ ਕੋਰਟ, ਰਾਸ਼ਟਰਪਤੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਾਹਿਬਾਨ ਤੋਂ ਤੁਰੰਤ ਨੋਟਿਸ ਲੈਣ ਦੀ ਮੰਗ ਕੀਤੀ ਗਈ ਹੈ। ਪੀੜਿਤ ਵਲੋਂ ਮੰਗ ਕੀਤੀ ਗਈ ਹੈ ਕਿ ਧਮਕੀ ਭਰੇ ਫੋਨ ਦੀ ਤੁਰੰਤ ਐਫਆਈਆਰ ਦਰਜ ਕਰਕੇ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਅਤੇ ਓਨ੍ਹਾ ਤੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਨਾਲ ਹੀ ਕਿਹਾ ਗਿਆ ਹੈ ਕਿ ਜੇਕਰ ਧਮਕੀਆਂ ਦੇਣ ਵਾਲਿਆਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਜਾਨੀ-ਮਾਲੀ ਨੁਕਸਾਨ ਕਰਨ, ਝੂਠੇ ਮਾਮਲੇ ਵਿੱਚ ਫਸਾਉਣ ਜਾਂ ਹੋਰ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਸ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਕਾਨੂੰਨ ਅਨੁਸਾਰ ਜਵਾਬਦੇਹ ਬਣਾਇਆ ਜਾਵੇ। ਮਾਮਲੇ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਦੇਸ਼ ਦੇ ਗ੍ਰਹਿ ਮੰਤਰੀ ਕੋਲੋਂ ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਅਤੇ ‘ਚਿੱਟੇ’ ਦੀ ਸਪਲਾਈ ਬਾਰੇ ਸਵਾਲ ਪੁੱਛਣਾ ਜਾਂ ਉਸ ਨਾਲ ਸਬੰਧਤ ਖ਼ਬਰ ਸਾਂਝੀ ਕਰਨਾ ਵੀ ਧਮਕੀਆਂ ਦਾ ਕਾਰਨ ਬਣੇਗਾ, ਤਾਂ ਇਹ ਆਜ਼ਾਦੀ ਨਾਲ ਸਵਾਲ ਪੁੱਛਣ ਅਤੇ ਆਪਣੀ ਗੱਲ ਰੱਖਣ ਦੇ ਹੱਕ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।