ਨਵੀਂ ਦਿੱਲੀ - ਅਖੰਡ ਕੀਰਤਨੀ ਜਥਾ ਦਿੱਲੀ ਦੇ ਮੁੱਖ ਸੇਵਾਦਾਰ ਭਾਈ ਅਰਵਿੰਦਰ ਸਿੰਘ ਰਾਜਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਬੀਬੀ ਰਣਜੀਤ ਕੌਰ ਸੰਖੇਪ ਬਿਮਾਰੀ ਉਪਰੰਤ ਅਕਾਲ ਚਲਾਣਾ ਕਰ ਗਏ। ਬੀਬੀ ਰਣਜੀਤ ਕੌਰ ਜੀ ਦਾ ਅੰਤਿਮ ਸਸਕਾਰ ਸ਼ਾਹਪੁਰਾ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਧਾਰਮਿਕ ਅਤੇ ਸਮਾਜਿਕ ਸ਼ਖਸੀਅਤਾਂ ਨੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਮਾਤਾ ਜੀ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟ ਕਰਦਿਆਂ ਭਾਈ ਅਰਵਿੰਦਰ ਸਿੰਘ ਰਾਜਾ ਨੇ ਕਿਹਾ ਕਿ ਮਾਂ ਦਾ ਵਿਛੋੜਾ ਜ਼ਿੰਦਗੀ ਦਾ ਅਜਿਹਾ ਦੁੱਖ ਹੈ, ਜਿਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਸੰਭਵ ਨਹੀਂ। ਉਨ੍ਹਾਂ ਕਿਹਾ ਕਿ ਮਾਤਾ ਬੀਬੀ ਰਣਜੀਤ ਕੌਰ ਨੇ ਪਰਿਵਾਰ ਨੂੰ ਹਮੇਸ਼ਾਂ ਗੁਰਬਾਣੀ, ਗੁਰੂ ਪ੍ਰਤੀ ਅਟੁੱਟ ਵਿਸ਼ਵਾਸ, ਸੇਵਾ ਅਤੇ ਸਿਮਰਨ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਕਿਹਾ ਕਿ ਮਾਤਾ ਜੀ ਵੱਲੋਂ ਪਰਿਵਾਰ ਨੂੰ ਦਿੱਤੇ ਸੰਸਕਾਰ ਅਤੇ ਗੁਰੂ ਘਰ ਨਾਲ ਜੋੜਨ ਵਾਲੀ ਪ੍ਰੇਰਣਾ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਵਿਰਾਸਤ ਹੈ। ਭਾਈ ਅਰਵਿੰਦਰ ਸਿੰਘ ਰਾਜਾ ਨੇ ਕਿਹਾ ਕਿ ਮਾਤਾ ਜੀ ਭਾਵੇਂ ਸਰੀਰਕ ਰੂਪ ਵਿੱਚ ਸਾਡੇ ਵਿਚਕਾਰ ਨਹੀਂ ਰਹੇ, ਪਰ ਉਨ੍ਹਾਂ ਦੀਆਂ ਯਾਦਾਂ, ਉਨ੍ਹਾਂ ਵੱਲੋਂ ਦਿੱਤੇ ਸੰਸਕਾਰ ਅਤੇ ਗੁਰੂ ਪ੍ਰਤੀ ਉਨ੍ਹਾਂ ਦੀ ਸ਼ਰਧਾ ਹਮੇਸ਼ਾਂ ਪਰਿਵਾਰ ਅਤੇ ਸੰਗਤ ਲਈ ਪ੍ਰੇਰਣਾ ਦਾ ਸਰੋਤ ਬਣੇ ਰਹਿਣਗੇ। ਉਨ੍ਹਾਂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਅਤੇ ਅੰਤਿਮ ਸਮੇਂ ਵਿੱਚ ਸ਼ਾਮਲ ਹੋਣ ਵਾਲੀ ਸਮੂਹ ਸੰਗਤ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਬੂੜੇਲ ਜੇਲ੍ਹ ਅੰਦਰ ਬੰਦ ਭਾਈ ਪਰਮਜੀਤ ਸਿੰਘ ਭਿਓਰਾ, ਜਲਾਵਤਨੀ ਸਿੰਘ ਭਾਈ ਪਰਮਜੀਤ ਸਿੰਘ ਪੰਮਾ, ਭਾਈ ਰੇਸ਼ਮ ਸਿੰਘ ਬੱਬਰ ਅਤੇ ਭਾਈ ਰਜਿੰਦਰ ਸਿੰਘ ਬੱਬਰ ਨੇ ਵਿਸ਼ੇਸ਼ ਤੌਰ ’ਤੇ ਆਪਣੇ ਸੁਨੇਹੇ ਭੇਜ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਮਾਤਾ ਬੀਬੀ ਰਣਜੀਤ ਕੌਰ ਦੇ ਅਕਾਲ ਚਲਾਣੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਮਾਤਾ ਰਣਜੀਤ ਕੌਰ ਜੀ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਵੀਰਵਾਰ ਨੂੰ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਸ਼ਨੀਵਾਰ ਨੂੰ ਪੈਣਗੇ। ਇਸ ਉਪਰੰਤ ਐਤਵਾਰ, ਮਿਤੀ 25 ਅਕਤੂਬਰ ਨੂੰ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਮੁੱਖ ਹਾਲ ਵਿਖੇ ਸਵੇਰੇ 6 ਵਜੇ ਤੋਂ 11 ਵਜੇ ਤੱਕ ਅੰਤਿਮ ਅਰਦਾਸ ਹੋਵੇਗੀ। ਇਸ ਮੌਕੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਜਾਵੇਗਾ।