ਨਵੀਂ ਦਿੱਲੀ- ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸੀਨੀਅਰ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ 6 ਨਵੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਦੇ ਫੈਸਲੇ ਦਾ ਸਵਾਗਤ ਕਰਦਿਆਂ ਇਸ ਨੂੰ ਅਕਾਲੀ ਸਫ਼ਾਂ ਵਿੱਚ ਮੁੜ ਏਕਤਾ ਸਥਾਪਤ ਕਰਨ ਵੱਲ ਇੱਕ ਅਹਿਮ ਕਦਮ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੰਦੂਮਾਜਰਾ ਦਾ ਲੰਮਾ ਪੰਥਕ ਅਤੇ ਸਿਆਸੀ ਤਜਰਬਾ ਹੈ ਅਤੇ ਉਨ੍ਹਾਂ ਦੀ ਵਾਪਸੀ ਹੋਰਨਾਂ ਵੱਖ ਹੋਏ ਆਗੂਆਂ ਲਈ ਵੀ ਪ੍ਰੇਰਣਾ ਬਣ ਸਕਦੀ ਹੈ। ਸਰਨਾ ਨੇ ਅਪੀਲ ਕੀਤੀ ਕਿ ਜਿਹੜੇ ਅਕਾਲੀ ਆਗੂ ਕਿਸੇ ਸਮੇਂ ਪਾਰਟੀ ਤੋਂ ਵੱਖ ਹੋ ਗਏ ਸਨ, ਉਹ ਵੀ ਆਪਣੇ ਨਿੱਜੀ ਮਤਭੇਦਾਂ, ਜਥੇਬੰਦਕ ਦੂਰੀਆਂ ਅਤੇ ਸਿਆਸੀ ਗਿਲੇ-ਸ਼ਿਕਵਿਆਂ ਨੂੰ ਪਾਸੇ ਰੱਖ ਕੇ ਮੁੜ ਪਾਰਟੀ ਵਿੱਚ ਸ਼ਾਮਲ ਹੋਣ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਾਰੇ ਆਗੂ ‘ਪੰਥ ਵਾਪਸੀ’ ਦਾ ਰਾਹ ਅਖਤਿਆਰ ਕਰਨ, ਕਿਉਂਕਿ ਪੰਥ ਅਤੇ ਪੰਜਾਬ ਦੇ ਹਿੱਤ ਕਿਸੇ ਵੀ ਵਿਅਕਤੀਗਤ ਅਹੁਦੇ, ਸਿਆਸੀ ਅਭਿਲਾਸ਼ਾ ਜਾਂ ਨਿੱਜੀ ਮਤਭੇਦ ਤੋਂ ਕਿਤੇ ਵੱਡੇ ਹਨ। ਉਨ੍ਹਾਂ ਜ਼ੋਰ ਦਿੱਤਾ ਕਿ ਦਹਾਕਿਆਂ ਤੋਂ ਅਕਾਲੀ ਲਹਿਰ ਨਾਲ ਜੁੜੇ ਆਗੂਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਕਜੁੱਟ ਹੋ ਕੇ ਸਿੱਖ ਪੰਥ ਦੀਆਂ ਸਿਆਸੀ ਆਸਾਂ-ਉਮੀਦਾਂ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਨੂੰ ਮਜ਼ਬੂਤ ਕਰਨ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਮਜ਼ਬੂਤੀ ਅਤੇ ਪੰਥਕ ਏਕਤਾ ਲਈ ਆਪਸੀ ਸੰਵਾਦ, ਸਹਿਯੋਗ ਅਤੇ ਮਿਲ ਬੈਠ ਕੇ ਮਸਲਿਆਂ ਦਾ ਹੱਲ ਕੱਢਣਾ ਸਮੇਂ ਦੀ ਲੋੜ ਹੈ। ਜੇਕਰ ਸਾਰੇ ਆਗੂ ਸਾਂਝੇ ਪੰਥਕ ਅਤੇ ਪੰਜਾਬ ਦੇ ਮੁੱਦਿਆਂ ਨੂੰ ਤਰਜੀਹ ਦੇਣ ਤਾਂ ਆਪਸੀ ਦੂਰੀਆਂ ਖ਼ਤਮ ਕਰਕੇ ਇਕ ਮਜ਼ਬੂਤ ਸਾਂਝੀ ਪੰਥਕ ਆਵਾਜ਼ ਬੁਲੰਦ ਕੀਤੀ ਜਾ ਸਕਦੀ ਹੈ। ਸਰਨਾ ਨੇ ਆਸ ਪ੍ਰਗਟਾਈ ਕਿ ਪ੍ਰੋ. ਚੰਦੂਮਾਜਰਾ ਦੀ ਵਾਪਸੀ ਇਸ ਦਿਸ਼ਾ ਵਿੱਚ ਨਵੀਂ ਸ਼ੁਰੂਆਤ ਸਾਬਤ ਹੋਵੇਗੀ।