ਚੰਡੀਗੜ੍ਹ-ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਤੇ ਸਮਾਜਿਕ ਵਿਸ਼ਲੇਸ਼ਣਕਾਰ ਡਾ. ਹਰਵਿੰਦਰ ਸਿੰਘ ਭੱਟੀ ਦੀ ਕਾਵਿ ਪੁਸਤਕ 'ਚੁਰਾਸੀਨਾਮਾ' ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ, ਪੰਜਾਬ ਦੇ ਸਾਬਕਾ ਮੁੱਖ ਸਕੱਤਰ ਰਮੇਸ਼ ਇੰਦਰ ਸਿੰਘ, ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਪੰਜਾਬੀ ਅਕਾਦਮੀ ਦਿੱਲੀ ਦੇ ਸਾਬਕਾ ਸਕੱਤਰ ਗੁਰਭੇਜ ਸਿੰਘ ਗੁਰਾਇਆ, ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ, ਦਲਜੀਤ ਸਿੰਘ ਸ਼ਾਹੀ ਤੇ ਆਰਬਾਈਡ ਵਰਲਡ ਚੈਨਲ ਦੇ ਸੰਚਾਲਕ ਦਵਿੰਦਰ ਪਾਲ ਨੇ ਪਾਠਕ ਅਰਪਣ ਕੀਤਾ।
ਸਮਾਰੋਹ ਦੇ ਸ਼ੁਰੂ ਵਿਚ ਨਾਮਵਰ ਪੱਤਰਕਾਰ ਤੇ ਲੇਖਕ ਜਗਤਾਰ ਸਿੰਘ ਭੁੱਲਰ ਨੇ ਬੋਲਦਿਆਂ ਕਿਹਾ ਕਿ ਪੰਜਾਬ ਨੇ ਨਾ ਤਾਂ ਉੱਨੀ ਸੌ ਸੰਤਾਲੀ ਮੰਗੀ ਸੀ ਅਤੇ ਨਾ ਹੀ ਉੱਨੀ ਸੌ ਚੁਰਾਸੀ, ਪਰ ਸਿਆਸਤ ਦੀ ਭੁੱਖ ਕਾਰਨ ਸੰਤਾਲੀ ਅਤੇ ਚੁਰਾਸੀ ਨਾਲ ਪੰਜਾਬ ਤੇ ਦਿੱਲੀ ਦੀ ਧਰਤੀ ਲਹੂ ਲੁਹਾਨ ਹੋਈ। ਉਨਾ ਕਿਹਾ ਕਿ 47 ਤੋਂ 84 ਤੱਕ ਪੰਜਾਬ ਨੂੰ ਲੁੱਟਣ ਕੁੱਟਣ ਅਤੇ ਮਾਰਨ ਵਾਲੇ ਕੌਣ ਸਨ? ਅੱਜ ਤੱਕ ਵੀ ਹਨੇਰਾ ਢੋ ਰਹੇ ਹਾਂ। ਲੋਕਾਂ ਨੂੰ ਇਨਸਾਫ ਨਹੀਂ ਮਿਲਿਆ।
ਇਸ ਮੌਕੇ 'ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ 1984 ਦੇ 10 ਨਵੰਬਰ ਦੇ ਨੇੜੇ ਦੀ ਗੱਲ ਕਰਦਿਆਂ ਕਿਹਾ ਕਿ ਜਦੋਂ ਟਰੇਨਾਂ, ਬੱਸਾਂ, ਤੇ ਆਪਣੇ ਵਹੀਕਲਜ਼ ਰਾਹੀਂ ਦਿੱਲੀ, ਕਾਨਪੁਰ ਨੂੰ ਛੱਡ ਕੇ ਲੁਧਿਆਣਾ ਨੂੰ ਸੁਰੱਖਿਅਤ ਸਮਝਦੇ ਹੋਏ ਉਥੋਂ ਉੱਜੜੇ ਲੋਕੀਂ ਪੁੱਜੇ ਸਨ ਤਾਂ ਉਸ ਸਮੇਂ ਉਨ੍ਹਾਂ ਲੋਕਾਂ ਦੇ ਦੁੱਖ ਤਕਲੀਫਾਂ ਅਤੇ ਉਨਾਂ ਵੱਲੋਂ ਹੰਢਾਈ ਪੀੜ ਨੂੰ ਸੁਣਨਾ ਤੇ ਵੇਖਣਾ ਔਖਾ ਸੀ। ਮੈਂ ਖ਼ੁਦ ਇਹ ਵੀ ਦੁਖਦਾਈ ਪੱਖ ਵੇਖਿਆ ਕਿ ਲੁਧਿਆਣਾ ਵਾਸੀਆਂ ਨੇ ਉੱਜੜੇ ਲੋਕਾਂ ਦਾ ਦਰਦ ਵੰਡਾਉਣ ਦੀ ਥਾਂ ਮਕਾਨਾਂ, ਪਲਾਟਾਂ ਤੇ ਦੁਕਾਨਾਂ ਦੇ ਭਾਅ ਰਾਤੋ ਰਾਤ ਦੁਗਣੇ ਤਿਗਣੇ ਕਰ ਦਿੱਤੇ। ਸਕੂਲਾਂ ਵਾਲਿਆਂ ਨੇ ਉੱਜੜੇ ਭਰਾਵਾਂ ਦੀ ਸਾਰ ਲੈਣ ਦੀ ਥਾਂ ਉਨ੍ਹਾਂ ਦੇ ਬੱਚਿਆਂ ਨੂੰ ਦਾਖ਼ਲ ਕਰਨ ਤੋਂ ਇਨਕਾਰ ਕਰ ਦਿੱਤਾ।
ਉਸ ਵੇਲੇ ਦਰਦਮੰਦ ਗਿਆਨੀ ਰਘਬੀਰ ਸਿੰਘ ਤੇ ਗਿਆਨੀ ਹਰਜੀਤ ਸਿੰਘ ਜੀ ਨੇ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਿਜ ਲੁਧਿਆਣਾ ਦੀ ਇੱਕ ਨੁੱਕਰੇ ਜੀ ਜੀ ਐੱਨ ਪਬਲਿਕ ਸਕੂਲ ਸ਼ੁਰੂ ਕੀਤਾ। ਇਸ ਤਰ੍ਹਾਂ ਉਨ੍ਹਾਂ ਸਿੱਖ ਪਰਿਵਾਰਾਂ ਨੂੰ ਵਸਾਉਣ ਵਿੱਚ ਵੀ ਮਦਦ ਕੀਤੀ ਗਈ।
ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ, ਰਮੇਸ਼ ਇੰਦਰ ਸਿੰਘ, ਅਮਰੀਕਾ ਵੱਸਦੇ ਫਿਲਮ ਅਦਾਕਾਰ ਤੇ ਮਹਾਂਭਾਰਤ ਸੀਰੀਅਲ ਦੇ ਧ੍ਰਿਤ ਰਾਸ਼ਟਰ ਸ਼੍ਹੀ ਗਿਰਜਾ ਸ਼ੰਕਰ, ਯੂਨੀਵਰਸਿਟੀ ਆਫ਼ ਕੈਲੇਫੋਰਨੀਆ ਦੇ ਸੇਵਾਮੁਕਤ ਪ੍ਰੋਫੈਸਰ ਡਾ. ਗੁਰਿੰਦਰ ਸਿੰਘ ਮਾਨ, ਹੁਣ ਮੈਗਜ਼ੀਨ ਦੇ ਸੰਪਾਦਕ ਸੁਸ਼ੀਲ ਦੋਸਾਂਝ, ਪੰਜਾਬੀ ਲੇਖਕ ਦਲਜੀਤ ਸ਼ਾਹੀ ਐਡਵੋਕੇਟ ਸਮਰਾਲਾ, ਗੁਰਭੇਜ ਸਿੰਘ ਗੁਰਾਇਆ ਨੇ ਵੀ ਸੰਬੋਧਨ ਕੀਤਾ।
ਕਾਵਿ ਕਿਤਾਬ “ਚੁਰਾਸੀਨਾਮਾ “ ਦੇ ਲੇਖਕ ਪ੍ਰੋ. ਹਰਵਿੰਦਰ ਸਿੰਘ ਭੱਟੀ ਨੇ ਕਿਹਾ ਕਿ ਭੀੜ ਤੰਤਰ ਵਿੱਚ ਇਨਸਾਨ ਕਦੋਂ ਸ਼ੈਤਾਨ ਬਣਦਾ ਹੈ , ਪਤਾ ਵੀ ਨਹੀਂ ਲੱਗਦਾ। ਦੇਸ਼ ਵੰਡ ਵੇਲੇ 1947 ਵਿੱਚ ਅਤੇ ਦਿੱਲੀ ਕਤਲੇਆਮ ਵੇਲੇ ਵੀ ਇਹੀ ਕੁਝ ਹੋਇਆ। ਦਿੱਲੀ ਵਿੱਚ ਤਾਂ ਜਿਨਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ ਉਹ ਹੀ ਬਾਅਦ ਵਿੱਚ ਬਚੇ ਸਿੱਖਾਂ ਨੂੰ ਹੌਸਲਾ ਦੇਣ ਆ ਗਏ।
ਗੁਰਭੇਜ ਗੁਰਾਇਆ ਨੇ ਦੱਸਿਆ ਕਿ ਡਾ. ਹਰਵਿੰਦਰ ਸਿੰਘ ਭੱਟੀ ਦਾ ਨਿੱਕਾ ਵੀਰ ਵੀ ਇਸ ਕਤਲੇਆਮ ਵਿੱਚ ਮਾਰਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਡਾ. ਭੱਟੀ ਨੇ ਵਿਦਿਆਰਥੀ ਆਗੂ, ਅਧਿਆਪਕ ਆਗੂ ਬਣਨ ਉਪਰੰਤ ਪੰਜਾਬੀ ਯੂਨੀਵਰਸਿਟੀ ਵਿੱਚ ਸਮਾਜ ਵਿਗਿਆਨ ਦੇ ਪ੍ਰੋਫੈਸਰ ਵਜੋਂ ਲਗਭਗ 35 ਸਾਲ ਅਧਿਆਪਨ , ਖੋਜ , ਪ੍ਰਸ਼ਾਸਨ ਨਾਲ ਸਬੰਧਿਤ ਜਿੰਮੇਵਾਰੀਆਂ ਨਿਭਾਈਆਂ।
ਇਸ ਮੌਕੇ ਯੂਨੀਸਟਾਰ ਪ੍ਰਕਾਸ਼ਨ ਘਰ ਦੇ ਮਾਲਕ ਹਰੀਸ਼ ਜੈਨ , ਪੰਜਾਬ ਦੇ ਸਾਬਕਾ ਮੁੱਖ ਸਕੱਤਰ ਸੁਰੇਸ਼ ਕੁਮਾਰ , ਸਾਬਕਾ ਡੀ ਜੀ ਪੀ ਪੰਜਾਬ ਸ. ਸਰਬਦੀਪ ਸਿੰਘ ਵਿਰਕ, ਸਿਰਕੱਢ ਪੱਤਰਕਾਰ ਬਲਜੀਤ ਬੱਲੀ, ਸਰਬਜੀਤ ਧਾਲੀਵਾਲ, ਰਾਜਿੰਦਰ ਸਿੰਘ ਤੱਗੜ, ਅਜਾਇਬ ਸਿੰਘ ਔਜਲਾ, ਸੁਰਜੀਤ ਵਿਸ਼ਾਦ ਸਮਰਾਲਾ, ਅਗਾਂਹਵਧੂ ਕਿਸਾਨ ਸ਼੍ਰੀ ਦਮਨ ਸ਼ਰਮਾ ਲੁਧਿਆਣਾ , ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ, ਸਾਬਕਾ ਏ ਆਈ ਜੀ ਹਰਪ੍ਰੀਤ ਸਿੰਘ ਸੰਧੂ , ਸੁਖਦੇਵ ਸਿੰਘ ਵਿਰਕ, ਰਤਨ ਸਿੰਘ ਬਰਾੜ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸੀਨੀਅਰ ਆਗੂ ਰਹੇ ਇੰਜ. ਸਰਬਜੀਤ ਸਿੰਘ ਸੋਹਲ, ਸਪੋਕਸਮੈਨ ਅਖ਼ਬਾਰ ਦੀ ਸੰਪਾਦਕ ਕਮਲ ਦੁਸਾਂਝ, ਪੰਜਾਬੀ ਟ੍ਰਿਊਨ ਦੇ ਸਹਾਇਕ ਸੰਪਾਦਕ ਜਸਬੀਰ ਸਮਰ, ਗੁਰੂ ਗੋਬਿੰਦ ਸਿੰਘ ਕਾਲਿਜ ਚੰਡੀਗੜ੍ਹ ਦੇ ਸਾਬਕਾ ਪ੍ਰਿੰਸੀਪਲ ਡਾ. ਕੁਲਦੀਪ ਸਿੰਘ, ਪੰਜਾਬੀ ਚਿੰਤਕ ਤੇ ਉੱਘੇ ਨਾਵਲਕਾਰ ਪ੍ਰੋ. ਸੰਤੋਖ ਸਿੰਘ ਔਜਲਾ, ਡਾ. ਗੁਰਪ੍ਰੀਤ ਸਿੰਘ ਲਹਿਲ, ਦੂਰਦਰਸ਼ਨ ਦੇ ਸੇਵਾ ਮੁਕਤ ਨਿਊਜ ਐਡੀਟਰ ਹਰਬੰਸ ਸੋਢੀ, ਜ਼ੋਰਾ ਸਿੰਘ, ਦਵਿੰਦਰ ਦਵੀ ਆਦਿ ਬਖਸ਼ੀਅਤਾਂ ਨੇ ਵੀ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਸਮਾਰੋਹ ਦਾ ਸੰਚਾਲਨ ਸ. ਗੁਰਭੇਜ ਸਿੰਘ ਗੁਰਾਇਆ (ਦਿੱਲੀ) ਨੇ ਬੜੇ ਸੰਕੋਚਵੇਂ ਪਰ ਅਰਥ ਭਰਪੂਰ ਅੰਦਾਜ਼ ਵਿੱਚ ਕੀਤਾ।