ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਮੁੱਖ ਬੁਲਾਰੇ ਤੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੱਮਦ ਅਤੇ ਜਨਰਲ ਸਕੱਤਰ ਤੇ ਬੁਲਾਰੇ ਦਵਿੰਦਰ ਸਿੰਘ ਸੋਢੀ ਨੇ ਇੱਕ ਸੰਯੁਕਤ ਪ੍ਰੈੱਸ ਬਿਆਨ ਜਾਰੀ ਕਰਦਿਆਂ ਪੰਜਾਬ ਅਤੇ ਸਿੱਖ ਰਾਜਨੀਤੀ ਵਿੱਚ ਆਈ ਭਾਰੀ ਗਿਰਾਵਟ ਉੱਤੇ ਡੂੰਘੀ ਚਿੰਤਾ ਅਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਆਗੂਆਂ ਨੇ ਕਿਹਾ ਕਿ ਰਾਜਨੀਤੀ ਦੀ ਨਿਵਾਣ ਅੱਜ ਉਸ ਹੱਦ ਤੱਕ ਪਹੁੰਚ ਚੁੱਕੀ ਹੈ, ਜਿੱਥੇ ਕੱਲ੍ਹ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ-ਪਵਿੱਤਰ ਹਜ਼ੂਰੀ ਵਿੱਚ ਸੋਹਾਂ ਖਾ ਕੇ, ਜੈਕਾਰਿਆਂ ਦੀ ਗੂੰਜ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਪ੍ਰਧਾਨ ਚੁਣਨ ਵਾਲੇ ਲੋਕ ਅੱਜ ਉਹਨਾਂ ਵਿਰੁੱਧ ਹੀ ਟਿੱਪਣੀਆਂ ਕਰ ਰਹੇ ਹਨ। ਉਹ ਲੋਕ ਅੱਜ ਇਹ ਆਖ ਰਹੇ ਹਨ ਕਿ "ਗਿਆਨੀ ਹਰਪ੍ਰੀਤ ਸਿੰਘ ਤਾਂ ਇਕੱਲੇ ਕਥਾ ਵੀ ਕਰ ਸਕਦੇ ਹਨ।" ਇਸ ਤੋਂ ਨੀਵੇਂ ਪੱਧਰ ਦੀ ਅਤੇ ਸ਼ਰਮਨਾਕ ਰਾਜਨੀਤੀ ਹੋਰ ਕਿਤੇ ਨਜ਼ਰ ਨਹੀਂ ਆ ਸਕਦੀ।
ਮੌਕਾਪ੍ਰਸਤੀ ਅਤੇ ਦੋਹਰਾ ਚਰਿੱਤਰ: ਸਰਦਾਰ ਪੀਰ ਮੁਹੱਮਦ ਅਤੇ ਸਰਦਾਰ ਸੋਢੀ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਜੋ ਲੋਕ ਕੱਲ੍ਹ ਤੱਕ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਖੱਬੇ-ਸੱਜੇ ਬੈਠ ਕੇ ਉਹਨਾਂ ਦੇ ਸੋਹਲੇ ਗਾਉਂਦੇ ਸਨ ਅਤੇ ਸੁਖਬੀਰ ਸਿੰਘ ਬਾਦਲ ਨੂੰ ਮਨ-ਮਨ ਦੀਆਂ ਗਾਲਾਂ ਕੱਢਦੇ ਹੋਏ 'ਪੰਥ ਵਿਰੋਧੀ' ਤੇ 'ਭੰਗੋੜਾ ਪ੍ਰਧਾਨ' ਗਰਦਾਨਦੇ ਸਨ, ਅੱਜ ਉਹੀ ਲੋਕ ਅਪਣਾ ਸਿਆਸੀ ਉੱਲੂ ਸਿੱਧ ਕਰਨ ਲਈ ਸਿੰਘ ਸਾਹਿਬ ਉੱਤੇ ਤੰਜ ਕੱਸ ਰਹੇ ਹਨ।
ਅਕਾਲੀ ਆਗੂਆਂ ਨੇ ਸਪੱਸ਼ਟ ਕੀਤਾ ਕਿ "ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ)" ਕੇਵਲ ਇੱਕ ਨਾਮ ਨਹੀਂ, ਬਲਕਿ ਇੱਕ ਪੰਥਕ ਵਿਚਾਰਧਾਰਾ ਹੈ। ਇਹ ਵਿਚਾਰਧਾਰਾ ਕਦੇ ਨਹੀਂ ਮਰ ਸਕਦੀ, ਚਾਹੇ ਕੋਈ ਇੱਕ ਵਿਅਕਤੀ ਵੀ ਇਸ ਦਾ ਝੰਡਾ ਚੁੱਕ ਕੇ ਖੜ੍ਹਾ ਰਹੇ। ਜਿਨ੍ਹਾਂ ਲੋਕਾਂ ਨੇ ਪੰਥ ਨੂੰ ਗੁਮਰਾਹ ਕਰਕੇ ਅਕਾਲੀ ਦਲ ਨੂੰ ਮੁੜ ਪੁਨਰ ਸੁਰਜੀਤ ਕਰਨ ਦਾ ਹੋਕਾ ਦਿੱਤਾ ਸੀ, ਅੱਜ ਉਹ ਅਪਣੇ ਨਿੱਜੀ ਹਿੱਤਾਂ ਲਈ ਇੱਕ-ਇੱਕ ਕਰਕੇ ਅਪਣੇ ਆਪ ਨੂੰ ਸੁਰਜੀਤ ਕਰਕੇ ਅੱਗੇ ਲੰਘ ਰਹੇ ਹਨ।
ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਸਮਾਂ ਬਹੁਤ ਬਲਵਾਨ ਹੈ। ਜੋ ਹਸ਼ਰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹੋਇਆ ਸੀ, ਉਹ ਕੰਧ 'ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ; 2027 ਦੇ ਨਤੀਜੇ ਵੀ ਇਸ ਤੋਂ ਵੱਖਰੇ ਨਹੀਂ ਹੋਣਗੇ।
ਅੱਜ ਸਿੱਖ ਰਾਜਨੀਤੀ ਵਿੱਚ ਹੈਂਕੜਬਾਜ਼ੀ, ਤੋਹਮਤਬਾਜ਼ੀ, ਇੱਕ-ਦੂਜੇ ਨੂੰ ਨੀਵਾਂ ਦਿਖਾਉਣ ਅਤੇ ਫਜ਼ੂਲ ਟਿੱਪਣੀਬਾਜ਼ੀ ਦੀ ਪ੍ਰਵਿਰਤੀ ਇਸ ਕਦਰ ਹਾਵੀ ਹੋ ਚੁੱਕੀ ਹੈ ਕਿ ਪੰਥ ਅਤੇ ਪੰਜਾਬ ਦੇ ਅਸਲ ਮੁੱਦਿਆਂ ਤੋਂ ਪੂਰੀ ਤਰ੍ਹਾਂ ਮੂੰਹ ਮੋੜ ਲਿਆ ਗਿਆ ਹੈ।
ਅੰਤ ਵਿੱਚ ਸਰਦਾਰ ਪੀਰ ਮੁਹੱਮਦ ਅਤੇ ਦਵਿੰਦਰ ਸਿੰਘ ਸੋਢੀ ਨੇ ਦੁਹਰਾਇਆ ਕਿ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਹਾਨ ਛਤਰ-ਛਾਇਆ ਹੇਠ ਹੋਂਦ ਵਿੱਚ ਆਇਆ ਸੀ ਅਤੇ ਇਹ ਅਪਣੀ ਪੰਥਕ ਵਿਚਾਰਧਾਰਾ ਅਤੇ ਸਿਧਾਂਤਾਂ 'ਤੇ ਦ੍ਰਿੜ੍ਹਤਾ ਨਾਲ ਪਹਿਰਾ ਦਿੰਦਾ ਰਹੇਗਾ।