ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸਕੱਤਰ ਜਰਨਲ ਸ ਗੁਰਪ੍ਰਤਾਪ ਸਿੰਘ ਵਡਾਲਾ ਨੇ ਇਕ ਲਿਖਤੀ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬੀਬੀ ਪਰਮਜੀਤ ਕੌਰ ਗੁਲਸ਼ਨ ਸਾਬਕਾ ਮੈਂਬਰ ਪਾਰਲੀਮੈਂਟ ਨੂੰ ਸਰਪ੍ਰਸਤ ਅਤੇ ਬੀਬੀ ਹਰਜੀਤ ਕੌਰ ਤਲਵੰਡੀ ਨੂੰ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਇਸਤਰੀ ਵਿੰਗ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਬੀਬੀ ਹਰਜੀਤ ਕੌਰ ਤਲਵੰਡੀ ਟਕਸਾਲੀ ਅਕਾਲੀ ਆਗੂ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਬੇਟੀ ਹੈ ਜਿੰਨਾਂ ਨੂੰ ਅਕਾਲੀ ਦਲ ਵਿੱਚ ਸਰਗਰਮੀ ਨਾਲ ਹਿੱਸਾ ਲੈਂਦਿਆਂ ਲੰਮਾ ਸਮਾਂ ਹੋ ਗਿਆ ਹੈ। ਬੀਬੀ ਜੀ ਅਕਾਲੀ ਦਲ ਵਿਚ ਚਲੀ ਸੁਧਾਰ ਲਹਿਰ ਦਾ ਸ਼ੁਰੂ ਤੋਂ ਹਿੱਸਾ ਬਣੇ ਰਹੇ ਹਨ। ਜੋ ਆਪਣੇ ਅਕਾਲੀ ਵਿਰਾਸਤੀ ਪਿਛੋਕੜ ਕਾਰਨ ਜਰਾ ਵੀ ਥਿੜਕੇ ਨਹੀਂ। ਸ ਵਡਾਲਾ ਨੇ ਕਿਹਾ ਕਿ ਬੀਬੀ ਜੀ ਹੁਣ ਤੱਕ ਸਾਰੇ ਪੰਥਕ ਆਗੂਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਪੰਥਕ ਕਾਰਜ ਕਰਦੇ ਆ ਰਹੇ ਹਨ। ਜਿਸ ਕਰਕੇ ਉਹਨਾਂ ਦੀ ਸੇਵਾ ਨੂੰ ਮੁੱਖ ਰੱਖਦਿਆਂ ਉਹਨਾਂ ਨੂੰ ਇਸਤਰੀ ਵਿੰਗ ਦੀ ਪ੍ਰਧਾਨਗੀ ਦੀ ਜਿੰਮੇਵਾਰੀ ਸੌਂਪੀ ਗਈ ਹੈ। ਸ ਵਡਾਲਾ ਨੇ ਕਿਹਾ ਕਿ ਬੀਬੀ ਜੀ ਦੇ ਲੋਹ ਪੁਰਸ਼ ਵਾਲੇ ਪਰਿਵਾਰਕ ਵਿਰਸੇ ਨੂੰ ਵੇਖਦਿਆਂ ਇਹ ਆਸ ਕੀਤੀ ਜਾ ਸਕਦੀ ਹੈ ਕਿ ਉਹ ਇਹ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ।