ਪੰਜਾਬ

ਪੰਜਾਬ ਦੀ ਤਰੱਕੀ ਤੇ ਖ਼ੁਸ਼ਹਾਲੀ ਲਈ ਲੋਕ ਮੁੜ ‘ਆਪ’ ਸਰਕਾਰ ਨੂੰ ਚੁਣਨਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਕੌਮੀ ਮਾਰਗ ਬਿਊਰੋ | November 29, 2026 07:26 PM

ਲੁਧਿਆਣਾ-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਥੇ ਕਿਹਾ ਕਿ ਦਹਾਕਿਆਂ ਤੱਕ ਲੋਕਾਂ ਨੂੰ ਗੁੰਮਰਾਹ ਕਰਨ ਵਾਲੀਆਂ ਪਾਰਟੀਆਂ ਨੂੰ ਮੁੜ ਨਕਾਰ ਕੇ ਪੰਜਾਬ ਵਾਸੀ ਸੂਬੇ ਦੀ ਤਰੱਕੀ ਅਤੇ ਖ਼ੁਸ਼ਹਾਲੀ ਲਈ ਇੱਕ ਵਾਰ ਫਿਰ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਨੂੰ ਚੁਣਨਗੇ। ਅਕਾਲੀ ਦਲ ਦੇ 25 ਸਾਲਾਂ ਦੇ ਕੁਸ਼ਾਸਨ ’ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਇਸ ਪਾਰਟੀ ਨੇ ਲੋਕਾਂ ਨੂੰ ਮੂਰਖ ਬਣਾਇਆ ਅਤੇ ਹੁਣ ਇਸਨੇ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਦੌਰਾਨ ਸ਼ਹੀਦ ਹੋਏ 750 ਕਿਸਾਨਾਂ ਦੀਆਂ ਲਾਸ਼ਾਂ ’ਤੇ ਪੈਰ ਰੱਖ ਕੇ ਭਾਜਪਾ ਨਾਲ ਹੱਥ ਮਿਲਾ ਲਿਆ ਹੈ।

ਮੁੱਖ ਮੰਤਰੀ ਨੇ ਚੇਤਾਵਨੀ ਦਿੱਤੀ ਕਿ ਜਿਵੇਂ ਭਾਜਪਾ ਨੇ ਨਿਤੀਸ਼ ਕੁਮਾਰ, ਸ਼ਰਦ ਪਵਾਰ ਅਤੇ ਊਧਵ ਠਾਕਰੇ ਨਾਲ ਜੁੜੀਆਂ ਖੇਤਰੀ ਸਿਆਸੀ ਤਾਕਤਾਂ ਨੂੰ ਕਮਜ਼ੋਰ ਕੀਤਾ ਹੈ, ਉਸੇ ਤਰ੍ਹਾਂ ਇਹ ਪਾਰਟੀ ਅਕਾਲੀ ਦਲ ਨੂੰ ਵੀ ਹੜੱਪ ਜਾਵੇਗੀ। ਆਪਣੀ ਸਰਕਾਰ ਦੀਆਂ ਤਰਜੀਹਾਂ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਰਕਾਰ ਦਾ ਮੁੱਖ ਧਿਆਨ ਮਿਆਰੀ ਸਿੱਖਿਆ, ਬਿਹਤਰ ਸਿਹਤ ਸਹੂਲਤਾਂ, ਖੇਤੀਬਾੜੀ ਲਈ ਦਿਨ ਵੇਲੇ ਬਿਜਲੀ, ਨਹਿਰੀ ਪਾਣੀ ਅਤੇ ਪਿੰਡਾਂ ਦੇ ਵਿਕਾਸ ’ਤੇ ਕੇਂਦਰਿਤ ਹੈ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਆਉਂਦੇ ਮੰਗਲਵਾਰ ਔਰਤਾਂ ਦੇ ਮੋਬਾਈਲ ਫ਼ੋਨਾਂ ’ਤੇ ਮੁੜ ਸਨਮਾਨ ਰਾਸ਼ੀ ਦੀ ‘ਟੂੰ-ਟੂੰ’ ਹੋਵੇਗੀ।
ਆਪਣੇ ‘ਐਕਸ’ ਹੈਂਡਲ ’ਤੇ ਪੋਸਟ ਸਾਂਝੀ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਿਖਿਆ, ‘‘ਅੱਜ ਵਿਧਾਨ ਸਭਾ ਹਲਕਾ ਦਾਖਾ ਦੇ ਪਿੰਡ ਹਾਂਸ ਕਲਾਂ ਵਿਖੇ ‘ਲੋਕ ਮਿਲਣੀ’ ਦੌਰਾਨ ਇਲਾਕਾ ਨਿਵਾਸੀਆਂ ਖ਼ਾਸ ਕਰਕੇ ਮਾਵਾਂ, ਭੈਣਾਂ ਅਤੇ ਬਜ਼ੁਰਗਾਂ ਵੱਲੋਂ ਦਿੱਤੇ ਗਏ ਅਥਾਹ ਪਿਆਰ ਅਤੇ ਸਤਿਕਾਰ ਲਈ ਤਹਿ ਦਿਲੋਂ ਧੰਨਵਾਦ। ਤੁਹਾਡੀ ਭਰਵੀਂ ਹਾਜ਼ਰੀ ਅਤੇ ਉਤਸ਼ਾਹ ਸਾਨੂੰ ਹੋਰ ਵੀ ਸਮਰਪਿਕ ਭਾਵਨਾ ਨਾਲ ਪੰਜਾਬ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦਾ ਹੈ। ਸਾਡੀ ਸਿਆਸਤ ਸਿਰਫ਼ ਖੋਖਲੇ ਨਾਅਰਿਆਂ ਦੀ ਨਹੀਂ, ਸਗੋਂ ਅਸੀਂ ਬੱਚਿਆਂ ਲਈ ਮਿਆਰੀ ਸਿੱਖਿਆ, ਬਿਹਤਰ ਸਿਹਤ ਸਹੂਲਤਾਂ, ਖੇਤੀ ਲਈ ਦਿਨ ਵੇਲੇ ਬਿਜਲੀ, ਨਹਿਰੀ ਪਾਣੀ ਅਤੇ ਪਿੰਡਾਂ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਪੰਜਾਬ ਦੀ ਤਰੱਕੀ ਅਤੇ ਖ਼ੁਸ਼ਹਾਲੀ ਦਾ ਇਹ ਸਫ਼ਰ ਇਸੇ ਵਚਨਬੱਧਤਾ ਅਤੇ ਦ੍ਰਿੜ੍ਹਤਾ ਨਾਲ ਜਾਰੀ ਰਹੇਗਾ।’’
ਲੋਕ ਮਿਲਣੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, ‘‘ਭਾਜਪਾ ਨੇ ਹੁਣ ਤੱਕ ਜਿਸ ਵੀ ਖੇਤਰੀ ਪਾਰਟੀ ਨਾਲ ਹੱਥ ਮਿਲਾਇਆ, ਉਸ ਨੂੰ ਨਿਗਲ ਲਿਆ ਹੈ ਅਤੇ ਹੁਣ ਇਸ ਦੇ ਨਵੇਂ ਭਾਈਵਾਲ ਅਕਾਲੀ ਦਲ ਦੀ ਉਲਟੀ ਗਿਣਤੀ ਵੀ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ, ਹਰਿਆਣਾ, ਬਿਹਾਰ ਅਤੇ ਹੋਰ ਸੂਬਿਆਂ ਵਿੱਚ ਭਾਜਪਾ ਦੀਆਂ ਭਾਈਵਾਲ ਪਾਰਟੀਆਂ ਜਿਵੇਂ ਸ਼ਿਵ ਸੈਨਾ, ਇੰਡੀਅਨ ਨੈਸ਼ਨਲ ਲੋਕ ਦਲ ਅਤੇ ਜਨਤਾ ਦਲ ਯੂਨਾਈਟਿਡ ਦਾ ਭਗਵਾਂ ਪਾਰਟੀ ਵੱਲੋਂ ਸਫ਼ਾਇਆ ਕਰ ਦਿੱਤਾ ਗਿਆ ਹੈ ਅਤੇ ਹੁਣ ਅਕਾਲੀ ਦਲ ਦੀ ਵਾਰੀ ਹੈ, ਜਿਸ ਨੇ ਪੰਜਾਬੀਆਂ ਦੇ ਹਿੱਤਾਂ ਨੂੰ ਅੱਖੋਂ ਪਰੋਖੇ ਕਰਕੇ ਸੂਬੇ ਵਿੱਚ ਸੱਤਾ ਹਾਸਲ ਕਰਨ ਦੀ ਲਾਲਸਾ ਤਹਿਤ ਹਾਲ ਹੀ ਵਿੱਚ ਭਾਜਪਾ ਨਾਲ ਹੱਥ ਮਿਲਾਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਨੇ ਜਿੱਥੇ ਵੀ ਆਪਣਾ ਪ੍ਰਭਾਵ ਵਧਾਉਣਾ ਚਾਹਿਆ ਹੈ, ਉੱਥੇ ਇਸ ਨੇ ਖੇਤਰੀ ਆਗੂਆਂ ਅਤੇ ਸਿਆਸੀ ਜਥੇਬੰਦੀਆਂ ਨੂੰ ਕਮਜ਼ੋਰ ਕੀਤਾ ਹੈ।’’
ਮੁੱਖ ਮੰਤਰੀ ਨੇ ਕਿਹਾ, ‘‘ਅਕਾਲੀ ਲੀਡਰਸ਼ਿਪ ਨੇ ਪਹਿਲਾਂ ਕਿਸਾਨਾਂ, ਸਿੱਖ ਸੰਸਥਾਵਾਂ ਅਤੇ ਪੰਜਾਬ ਦੇ ਹਿੱਤਾਂ ਨਾਲ ਜੁੜੇ ਮੁੱਦਿਆਂ ’ਤੇ ਭਾਜਪਾ ਦੀ ਆਲੋਚਨਾ ਕੀਤੀ ਸੀ। ਅਕਾਲੀਆਂ ਨੇ ਕਿਸਾਨ ਅੰਦੋਲਨ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬ ਯੂਨੀਵਰਸਿਟੀ ਅਤੇ ਹੋਰ ਮੁੱਦਿਆਂ ’ਤੇ ਭਾਜਪਾ ਨੂੰ ਘੇਰਿਆ ਸੀ, ਪਰ ਹੁਣ ਸਿਆਸੀ ਲਾਹੇ ਲਈ ਉਸੇ ਪਾਰਟੀ ਨਾਲ ਹੱਥ ਮਿਲਾ ਲਿਆ ਹੈ। ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਦੌਰਾਨ ਕਿਸਾਨਾਂ ਦੀਆਂ ਮੌਤਾਂ ਲਈ ਭਾਜਪਾ ਪਾਰਟੀ ਹੀ ਜ਼ਿੰਮੇਵਾਰ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਤਿੰਨ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਦੌਰਾਨ ਦਿੱਤੀਆਂ ਕੁਰਬਾਨੀਆਂ ਨੂੰ ਕਦੇ ਨਹੀਂ ਭੁੱਲਣਗੇ।’’
ਉਨ੍ਹਾਂ ਕਿਹਾ, ‘‘ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਮੁੜ ਹੋਇਆ ਗੱਠਜੋੜ ਕਿਸਾਨਾਂ ਦੇ ਹਿੱਤਾਂ ਲਈ ਖ਼ਤਰਾ ਬਣ ਸਕਦਾ ਹੈ। ਇਹ ਪਾਰਟੀਆਂ ਖੇਤੀਬਾੜੀ ਨੂੰ ਪ੍ਰਭਾਵਿਤ ਕਰਨ ਵਾਲੀਆਂ ਨੀਤੀਆਂ ਵਿਰੁੱਧ ਕਦੇ ਵੀ ਡਟ ਕੇ ਨਹੀਂ ਖੜ੍ਹਨਗੀਆਂ।’’
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, ‘‘ਅਕਾਲੀ ਲੀਡਰਸ਼ਿਪ 2007 ਤੋਂ 2017 ਤੱਕ ਆਪਣੇ ਕਾਰਜਕਾਲ ਦੌਰਾਨ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਰਾਖੀ ਕਰਨ ਵਿੱਚ ਨਾਕਾਮ ਰਹੀ ਅਤੇ ਹੁਣ ਸਿਆਸੀ ਹਿੱਤਾਂ ਦੀ ਪੂਰਤੀ ਲਈ ਧਰਮ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅਕਾਲੀ ਆਗੂ ਸਿਆਸੀ ਲਾਹੇ ਲਈ ਧਾਰਮਿਕ ਚਿੰਨ੍ਹਾਂ ਦੀ ਵਰਤੋਂ ਕਰ ਰਹੇ ਹਨ ਅਤੇ ਸਿਰਫ਼ ਸੱਤਾ ਦੀ ਲਾਲਸਾ ਖ਼ਾਤਰ ਇਨ੍ਹਾਂ ਨੇ ਗੋਡਿਆਂ ਭਾਰ ਹੋ ਕੇ ਭਾਜਪਾ ਨਾਲ ਹੱਥ ਮਿਲਾਇਆ ਹੈ।’’
ਉਨ੍ਹਾਂ ਕਿਹਾ, ‘‘ਕਾਂਗਰਸ ਵੀ ਅੰਦਰੂਨੀ ਕਾਟੋ-ਕਲੇਸ਼ ਵਿੱਚ ਉਲਝੀ ਹੋਈ ਹੈ। ਇਸ ਦੇ ਆਗੂ ਪੰਜਾਬ ਅਤੇ ਇੱਥੋਂ ਦੇ ਲੋਕਾਂ ਦੇ ਮੁੱਦੇ ਚੁੱਕਣ ਦੀ ਬਜਾਏ ਧੜੇਬੰਦੀ ਦੀ ਸਿਆਸਤ ਵਿੱਚ ਜ਼ਿਆਦਾ ਰੁੱਝੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਸੱਤਾ ਸੰਭਾਲਣ ਤੋਂ ਤੁਰੰਤ ਬਾਅਦ ‘ਆਪ’ ਸਰਕਾਰ ਨੇ ਆਪਣੇ ਕੀਤੇ ਵਾਅਦੇ ਪੂਰੇ ਕਰਨੇ ਸ਼ੁਰੂ ਕਰ ਦਿੱਤੇ, ਉਸ ਤੋਂ ਬਾਅਦ ਹੀ ਇਨ੍ਹਾਂ ਵਿਰੋਧੀ ਪਾਰਟੀਆਂ ਨੂੰ ਜ਼ਮੀਨੀ ਪੱਧਰ ’ਤੇ ਲੋਕਾਂ ਵਿਚਕਾਰ ਜਾਣ ਲਈ ਮਜਬੂਰ ਹੋਣਾ ਪਿਆ। ਇਹ ਸਿਆਸੀ ਆਗੂ ਅਕਸਰ ਚੋਣਾਂ ਤੋਂ ਪਹਿਲਾਂ ਪੈਸੇ ਅਤੇ ਹੋਰ ਲਾਲਚ ਦੇ ਕੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਆਏ ਸਨ, ਪਰ ਲੋਕ ਹੁਣ ਕੰਮ ਦੇ ਆਧਾਰ ’ਤੇ ਆਗੂ ਚੁਣਨ ਦੀ ਅਹਿਮੀਅਤ ਨੂੰ ਸਮਝ ਚੁੱਕੇ ਹਨ।’’
ਮੁੱਖ ਮੰਤਰੀ ਨੇ ਕਿਹਾ, ‘‘ਲੋਕਾਂ ਨੂੰ ਅਜਿਹੀਆਂ ਚਾਲਾਂ ਤੋਂ ਗੁੰਮਰਾਹ ਨਹੀਂ ਹੋਣਾ ਚਾਹੀਦਾ, ਸਗੋਂ ਸਿਆਸੀ ਪਾਰਟੀਆਂ ਦਾ ਮੁਲਾਂਕਣ ਉਨ੍ਹਾਂ ਦੀ ਕਾਰਗੁਜ਼ਾਰੀ ਅਤੇ ਲੋਕ ਭਲਾਈ ਪ੍ਰਤੀ ਵਚਨਬੱਧਤਾ ਦੇ ਆਧਾਰ ’ਤੇ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਪੰਜਾਬ ਦੇ ਲੋਕਾਂ ਦੀਆਂ ਇੱਛਾਵਾਂ ਨੂੰ ਸਮਝਣ ਵਿੱਚ ਵਾਰ-ਵਾਰ ਨਾਕਾਮ ਰਹੀਆਂ ਹਨ, ਜੋ ਸਿਰਫ਼ ਆਪਸੀ ਖਿੱਚੋਤਾਣ ਤੇ ਮੌਕਾਪ੍ਰਸਤ ਗੱਠਜੋੜਾਂ ਤੱਕ ਸਿਮਟ ਕੇ ਰਹਿ ਗਈਆਂ ਹਨ। ਉਨ੍ਹਾਂ ਅੱਗੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਨੇ ਕਈ ਵੱਡੇ ਸਿਆਸੀ ਆਗੂਆਂ ਨੂੰ ਨਕਾਰਦਿਆਂ ਸੂਬੇ ਵਿੱਚ ਬਦਲਾਅ ਲਿਆਉਣ ਲਈ ‘ਆਪ’ ਸਰਕਾਰ ਨੂੰ ਇਤਿਹਾਸਕ ਫ਼ਤਵਾ ਦਿੱਤਾ ਸੀ।’’

ਉਨ੍ਹਾਂ ਅੱਗੇ ਕਿਹਾ, "ਪੰਜਾਬ ਵਿੱਚ ਕਈ ਸਾਲਾਂ ਤੱਕ ਕਾਂਗਰਸ ਅਤੇ ਅਕਾਲੀ ਦਲ ਵਾਰੋ-ਵਾਰੀ ਸੂਬਾ ਦੀ ਸੱਤਾ 'ਤੇ ਕਾਬਜ਼ ਰਹੀਆਂ, ਪਰ ਸਹੀ ਵਿਕਾਸ ਨਾ ਹੋਣ ਕਾਰਨ ਲੋਕ ਲਗਾਤਾਰ ਮੁਸ਼ਕਲਾਂ ਝੱਲਦੇ ਰਹੇ। ਸਾਡੀ ਸਰਕਾਰ ਨੇ ਘਰਾਂ ਲਈ ਮੁਫ਼ਤ ਬਿਜਲੀ ਯਕੀਨੀ ਬਣਾਈ ਹੈ ਅਤੇ ਕਿਸਾਨਾਂ ਲਈ ਬਿਜਲੀ ਸਪਲਾਈ ਵਿੱਚ ਸੁਧਾਰ ਕੀਤਾ ਹੈ, ਜਿਸ ਨਾਲ ਉਹ ਦਿਨ ਵੇਲੇ ਖੇਤੀਬਾੜੀ ਦੇ ਕੰਮ ਕਰ ਸਕਦੇ ਹਨ। ਸਰਕਾਰ ਨੇ ਸਿੰਚਾਈ ਦੀ ਸਹੂਲਤ ਦੇਣ ਅਤੇ ਖੇਤਾਂ ਲਈ ਪਾਣੀ ਦੀ ਉਪਲਬਧਤਾ ਬਿਹਤਰ ਬਣਾਉਣ ਵਾਸਤੇ ਲਗਭਗ 14, 000 ਕਿਲੋਮੀਟਰ ਲੰਬੀਆਂ ਜ਼ਮੀਨਦੋਜ਼ ਪਾਈਪਲਾਈਨਾਂ ਵਿਛਾਈਆਂ ਹਨ।"

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਮੈਂ ਲੋਕਾਂ ਦੇ ਸਹਿਯੋਗ ਦੀ ਮੰਗ ਕਰਦਾ ਹਾਂ ਅਤੇ ਉਨ੍ਹਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਪੰਜਾਬ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਿਣ। ਸੂਬਾ ਸਰਕਾਰ ਇਮਾਨਦਾਰੀ, ਪਾਰਦਰਸ਼ਤਾ ਅਤੇ ਸਮਰਪਣ ਭਾਵਨਾ ਨਾਲ ਲੋਕਾਂ ਦੀ ਸੇਵਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਅਸੀਂ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਦ੍ਰਿੜ ਹਾਂ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ।"

Have something to say? Post your comment

 
 

ਪੰਜਾਬ

ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ: ਨਗਰ ਕੀਰਤਨ ਲਈ ਸ਼੍ਰੋਮਣੀ ਕਮੇਟੀ ਵਫ਼ਦ ਨੇ ਅਲਾਹਬਾਦ ਵਿਖੇ ਸਥਾਨਕ ਸਿੱਖ ਆਗੂਆਂ ਨਾਲ ਕੀਤੀ ਮੀਟਿੰਗ

ਡਾ. ਰਜਿੰਦਰ ਰੇਣੂ ਦੀ ਕਾਵਿ ਪੁਸਤਕ “ਸੁੱਚੇ ਮੋਤੀ” ਪ੍ਹੋ. ਗੁਰਭਜਨ ਸਿੰਘ ਗਿੱਲ ਵੱਲੋਂ ਪੰਜਾਬੀ ਭਵਨ ਲੁਧਿਆਣਾ ਵਿਖੇ ਲੋਕ ਅਰਪਣ

9 ਦਸੰਬਰ ਨੂੰ ਪਿੰਡ ਮਾੜੀ ਮੇਘਾ ਵਿਖੇ ਮੁੱਖ ਮੰਤਰੀ ਦੀ ਲੋਕ ਮਿਲਣੀ ਦੀਆਂ ਤਿਆਰੀਆਂ :ਵਿਧਾਇਕ ਸਰਵਨ ਸਿੰਘ ਧੁੰਨ

ਭਾਈ ਘਨਈਆ ਸਾਹਿਬ ਦੇ ਮਿਸ਼ਨ ਨੂੰ ਮਿੱਠੇ ਟਿਵਾਣੇ ਵਾਲੇ ਪੂਰੀ ਲਗਨ ਦੇ ਨਾਲ ਅੱਗੇ ਵਧਾ ਰਹੇ ਹਨ- ਹਰਪਾਲ ਸਿੰਘ ਬਲੇਰ

ਭਗਤ ਰਵਿਦਾਸ ਜੀ ਦੀ ਜਨਮ ਭੂਮੀ ਵਾਰਾਨਸੀ ਤੋਂ ਸਜਾਏ ਜਾਣ ਵਾਲੇ ਨਗਰ ਕੀਰਤਨ ਸਬੰਧੀ ਸ਼੍ਰੋਮਣੀ ਕਮੇਟੀ ਨੇ ਸਥਾਨਕ ਆਗੂਆਂ ਨਾਲ ਕੀਤੀ ਇਕੱਤਰਤਾ

ਪਟਿਆਲਾ ਨਗਰ ਨਿਗਮ ਚੋਣਾਂ ਵਿੱਚ 43 ਫੀਸਦੀ ਅਤੇ ਬਾਘਾ ਪੁਰਾਣਾ ਤੇ ਧਰਮਕੋਟ ਨਗਰ ਕੌਂਸਲ ਚੋਣਾਂ ਵਿੱਚ 64 ਫੀਸਦੀ ਵੋਟਿੰਗ ਹੋਈ

ਹਿਮਾਚਲ ਪ੍ਰਦੇਸ਼ ’ਚ ਅੰਮ੍ਰਿਤਧਾਰੀ ਵਿਦਿਆਰਥੀ ਨੂੰ ਪ੍ਰੀਖਿਆ ’ਚ ਰੋਕਣਾ ਵਿਤਕਰੇ ਪੂਰਨ ਹੈ: ਬਾਬਾ ਬਲਬੀਰ ਸਿੰਘ

ਪੰਜਾਬ ਕਲੋਨੀ ਰੈਗੂਲਰਾਈਜ਼ੇਸ਼ਨ ਘੁਟਾਲੇ ਵਿੱਚ ਈਡੀ ਨੇ ਕੀਤੀ ਕਾਰਵਾਈ , ਕਰੋੜਾਂ ਦੀ ਜਾਇਦਾਦ ਦੀ ਚੱਲ ਰਹੀ ਹੈ ਜਾਂਚ 

ਐਨ.ਐਚ.ਆਰ.ਸੀ ਨੇ ਗੁਰਦਾਸਪੁਰ ਨਿਸ਼ਾਨ ਸਾਹਿਬ ਹਟਾਉਣ ਦੇ ਮਾਮਲੇ ਵਿੱਚ ਨੋਟਿਸ ਕੀਤਾ ਜਾਰੀ - ਮੰਗੀ ਰਿਪੋਰਟ

ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 312ਵਾਂ ਦਿਨ: ਪੰਜਾਬ ਪੁਲਿਸ ਵੱਲੋਂ 511 ਥਾਈਂ ਛਾਪੇਮਾਰੀ; 152 ਕਾਬੂ