ਨਵੀ ਦਿੱਲੀ- ਯੂਕੇ ਗੁਰਦੁਆਰਾ ਅਲਾਇੰਸ ਨੇ ਬ੍ਰਿਟੇਨ ਦੇ ਸਾਰੇ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਬਿਜਲੀ ਕੱਟ, ਪਾਣੀ ਦੀ ਸਪਲਾਈ ਬੰਦ ਹੋਣ ਅਤੇ ਖ਼ਰਾਬ ਮੌਸਮ ਵਰਗੀਆਂ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਲਿਖਤੀ ਯੋਜਨਾ ਤਿਆਰ ਕਰਨ ਦੀ ਅਪੀਲ ਕੀਤੀ ਹੈ। 26 ਨਵੰਬਰ ਨੂੰ ਜਾਰੀ ਸਲਾਹ ਵਿੱਚ ਕਿਹਾ ਗਿਆ ਹੈ ਕਿ ਅਜਿਹੀ ਯੋਜਨਾ ਛਾਪ ਕੇ ਗੁਰਦੁਆਰੇ ਵਿੱਚ ਰੱਖੀ ਜਾਵੇ, ਤਾਂ ਜੋ ਬਿਜਲੀ, ਫ਼ੋਨ ਜਾਂ ਇੰਟਰਨੈੱਟ ਬੰਦ ਹੋਣ ’ਤੇ ਵੀ ਸੇਵਾਦਾਰ ਉਸ ਮੁਤਾਬਕ ਕਾਰਵਾਈ ਕਰ ਸਕਣ। ਅਲਾਇੰਸ ਨੇ ਪੰਜ ਮੁੱਖ ਪ੍ਰਬੰਧਾਂ ’ਤੇ ਜ਼ੋਰ ਦਿੱਤਾ ਹੈ: ਮੁੱਖ ਤੇ ਬਦਲਵੇਂ ਸੇਵਾਦਾਰ ਦੀਆਂ ਜ਼ਿੰਮੇਵਾਰੀਆਂ ਤੈਅ ਕਰਨਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਤੇ ਸੁਰੱਖਿਆ ਨੂੰ ਯਕੀਨੀ ਬਣਾਉਣਾ; ਐਮਰਜੈਂਸੀ ਲਾਈਟਾਂ, ਬਾਹਰ ਨਿਕਲਣ ਦੇ ਰਸਤਿਆਂ ਅਤੇ ਬੈਟਰੀ ਵਾਲੀਆਂ ਟਾਰਚਾਂ ਦਾ ਪ੍ਰਬੰਧ; ਬੱਚਿਆਂ ਦੀ ਹਾਜ਼ਰੀ, ਮਾਪਿਆਂ ਨਾਲ ਸੰਪਰਕ ਅਤੇ ਬਜ਼ੁਰਗਾਂ ਦੀ ਸੁਰੱਖਿਆ; ਬਿਜਲੀ ਜਾਂ ਪਾਣੀ ਬੰਦ ਹੋਣ ’ਤੇ ਅਸੁਰੱਖਿਅਤ ਲੰਗਰ ਤਿਆਰੀ ਤੇ ਸੇਵਾ ਰੋਕਣਾ ਅਤੇ ਭੋਜਨ ਦੀ ਸੁਰੱਖਿਆ ਜਾਂਚਣਾ; ਬਰਫ਼ਬਾਰੀ, ਹੜ੍ਹ ਤੇ ਤੇਜ਼ ਹਵਾਵਾਂ ਦੌਰਾਨ ਸੰਗਤ ਨੂੰ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਸਮੇਂ ਸਿਰ ਸੂਚਨਾ ਦੇਣਾ ਅਤੇ ਲੋੜ ਅਨੁਸਾਰ ਸੁਰੱਖਿਅਤ ਥਾਂ ’ਤੇ ਰਹਿਣ ਜਾਂ ਇਮਾਰਤ ਖਾਲੀ ਕਰਨ ਦੇ ਪ੍ਰਬੰਧ ਕਰਨਾ। ਐਮਰਜੈਂਸੀ ਸੰਪਰਕ ਲਈ 999, ਬਿਜਲੀ ਕੱਟ ਦੀ ਸ਼ਿਕਾਇਤ ਲਈ ਇੰਗਲੈਂਡ, ਸਕਾਟਲੈਂਡ ਤੇ ਵੇਲਜ਼ ਵਿੱਚ 105 ਜਾਂ 0800 6783 105 ਅਤੇ ਉੱਤਰੀ ਆਇਰਲੈਂਡ ਵਿੱਚ 03457 643 643 ਨੰਬਰ ਦਿੱਤੇ ਗਏ ਹਨ। ਗੈਸ ਐਮਰਜੈਂਸੀ ਲਈ 0800 111 999 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਅਲਾਇੰਸ ਨੇ ਇਨ੍ਹਾਂ ਨੰਬਰਾਂ ਦੇ ਨਾਲ ਗੁਰਦੁਆਰੇ ਦਾ ਪੂਰਾ ਪਤਾ ਅਤੇ ਪੋਸਟਕੋਡ ਵੀ ਪ੍ਰਦਰਸ਼ਿਤ ਕਰਨ ਲਈ ਕਿਹਾ ਹੈ। ਅਲਾਇੰਸ ਨੇ ਪ੍ਰਬੰਧਕ ਕਮੇਟੀਆਂ ਨੂੰ ਅਗਲੀ ਮੀਟਿੰਗ ਵਿੱਚ ਇਸ ਮੁੱਦੇ ’ਤੇ ਵਿਚਾਰ ਕਰਨ, ਗ੍ਰੰਥੀ ਸਿੰਘਾਂ, ਲੰਗਰ ਸੇਵਾਦਾਰਾਂ ਅਤੇ ਕਲਾਸ ਇੰਚਾਰਜਾਂ ਨਾਲ ਦਸ ਮਿੰਟ ਦੀ ਬੈਠਕ ਕਰਕੇ ਇੱਕ ਪੰਨੇ ਦੀ ਐਮਰਜੈਂਸੀ ਯੋਜਨਾ ਤਿਆਰ ਕਰਨ ਅਤੇ ਸਾਰੇ ਸੇਵਾਦਾਰਾਂ ਨੂੰ ਇਸ ਬਾਰੇ ਜਾਣੂ ਕਰਵਾਉਣ ਦੀ ਅਪੀਲ ਕੀਤੀ ਹੈ।