ਪੰਜਾਬ

ਖੇਡਾਂ ਵਤਨ ਪੰਜਾਬ ਦੀਆਂ’ ਦਾ ਚੌਥਾ ਸੀਜ਼ਨ ਸਮਾਪਤ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜੇਤੂ ਟੀਮ ਦਾ ਸਨਮਾਨ

ਕੌਮੀ ਮਾਰਗ ਬਿਊਰੋ | November 29, 2026 11:05 PM

ਹੁਸ਼ਿਆਰਪੁਰ-ਖੇਡਾਂ ਵਤਨ ਪੰਜਾਬ ਦੀਆਂ’ ਦਾ ਚੌਥਾ ਸੀਜ਼ਨ ਅੱਜ 7 ਲੱਖ ਤੋਂ ਵੱਧ ਖਿਡਾਰੀਆਂ ਦੀ ਰਿਕਾਰਡ ਸ਼ਮੂਲੀਅਤ ਨਾਲ ਸਮਾਪਤ ਹੋ ਗਿਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੇਤੂ ਟੀਮ ਨੂੰ ਟਰਾਫੀ ਨਾਲ ਸਨਮਾਨਿਤ ਕੀਤਾ ਅਤੇ ਪੂਰੇ ਪੰਜਾਬ ਵਿੱਚ ਖੇਡਾਂ ਨੂੰ ਲੋਕ ਲਹਿਰ ਬਣਾਉਣ ਪ੍ਰਤੀ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ।

‘ਯੁੱਧ ਨਸ਼ਿਆਂ ਵਿਰੁੱਧ’ ਦੇ ਵੱਡੇ ਉਦੇਸ਼ ਨਾਲ ਇਸ ਖੇਡ ਮਹਾਂਕੁੰਭ ਦੀ ਭੂਮਿਕਾ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਪਹਿਲਕਦਮੀ ਸਿਰਫ਼ ਮੁਕਾਬਲਿਆਂ ਅਤੇ ਤਗ਼ਮਿਆਂ ਤੱਕ ਸੀਮਤ ਨਹੀਂ ਹੈ, ਸਗੋਂ ਇਸ ਦਾ ਮਕਸਦ ਜ਼ਮੀਨੀ ਪੱਧਰ ਦੀ ਪ੍ਰਤਿਭਾ ਦੀ ਪਛਾਣ ਕਰਨਾ, ਵੱਖ-ਵੱਖ ਪੀੜ੍ਹੀਆਂ ਨੂੰ ਇੱਕੋ ਖੇਡ ਮੈਦਾਨ ਵਿੱਚ ਇਕੱਠਾ ਕਰਨਾ ਅਤੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਰਾਹੀਂ ਪੰਜਾਬ ਦੀ ਜਵਾਨੀ ਨੂੰ ਖੇਡਾਂ ਵੱਲ ਮੋੜਨਾ ਹੈ।

ਚਾਰ ਸੀਜ਼ਨਾਂ ਦੌਰਾਨ 38.01 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੰਡਣ, 1, 750 ਪੇਂਡੂ ਖੇਡ ਮੈਦਾਨ ਲੋਕਾਂ ਨੂੰ ਸਮਰਪਿਤ ਕਰਨ ਅਤੇ ਪੰਜਾਬ ਵੱਲੋਂ ਐੱਫ.ਆਈ.ਐੱਚ. ਜੂਨੀਅਰ ਪੁਰਸ਼ ਹਾਕੀ ਵਿਸ਼ਵ ਕੱਪ-2027 ਦੀ ਮੇਜ਼ਬਾਨੀ ਦੀਆਂ ਤਿਆਰੀਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡ ਨਕਸ਼ੇ 'ਤੇ ਲਿਆਉਣ ਦੇ ਆਪਣੇ ਦ੍ਰਿੜ ਇਰਾਦੇ ਨੂੰ ਮੁੜ ਦੁਹਰਾਇਆ।

ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਖੇਡਾਂ ਵਤਨ ਪੰਜਾਬ ਦੀਆਂ ਦਾ ਚੌਥਾ ਸੀਜ਼ਨ ਅੱਜ ਸਮਾਪਤ ਹੋ ਰਿਹਾ ਹੈ। ਇਨ੍ਹਾਂ ਖੇਡਾਂ ਦਾ ਉਦਘਾਟਨ 5 ਸਤੰਬਰ ਨੂੰ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਕੀਤਾ ਗਿਆ ਸੀ। ਇਹ ਬਹੁਤ ਹੀ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਇਸ ਸਾਲ ਦੇ ਸੀਜ਼ਨ ਵਿੱਚ 7 ਲੱਖ ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ। ਇਹ ਇੱਕ ਰਿਕਾਰਡ ਹੈ ਕਿ ਖੇਡਾਂ ਵਤਨ ਪੰਜਾਬ ਦੀਆਂ ਦੇ ਚਾਰੋਂ ਸੀਜ਼ਨ ਦੌਰਾਨ ਕੁੱਲ 38.01 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੰਡੀ ਗਈ ਹੈ।”

ਮੁੱਖ ਮੰਤਰੀ ਨੇ ਦੱਸਿਆ, “ਇਸ ਸੀਜ਼ਨ ਵਿੱਚ 7 ਲੱਖ ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ ਅਤੇ ਉਨ੍ਹਾਂ ਨੂੰ 12.50 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੰਡੀ ਜਾ ਰਹੀ ਹੈ। ਸੀਜ਼ਨ-3 ਵਿੱਚ ਲਗਭਗ 4.35 ਲੱਖ ਖਿਡਾਰੀਆਂ ਨੇ ਭਾਗ ਲਿਆ ਸੀ, ਜਿਨ੍ਹਾਂ ਵਿੱਚੋਂ 14, 500 ਖਿਡਾਰੀਆਂ ਨੇ ਤਗ਼ਮੇ ਜਿੱਤੇ ਅਤੇ ਉਨ੍ਹਾਂ ਨੂੰ 9.76 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੰਡੀ ਗਈ ਸੀ। ਇਸੇ ਤਰ੍ਹਾਂ ਸੀਜ਼ਨ-2 ਵਿੱਚ 4 ਲੱਖ ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ, 12, 500 ਖਿਡਾਰੀਆਂ ਨੇ ਤਗ਼ਮੇ ਜਿੱਤੇ ਅਤੇ 8.87 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੰਡੀ ਗਈ ਸੀ।”

ਉਨ੍ਹਾਂ ਅੱਗੇ ਕਿਹਾ, “ਪਹਿਲੇ ਸੀਜ਼ਨ ਵਿੱਚ ਲਗਭਗ 3.50 ਲੱਖ ਖਿਡਾਰੀਆਂ ਨੇ ਹਿੱਸਾ ਲਿਆ ਸੀ। ਉਸ ਸਮੇਂ 9, 688 ਖਿਡਾਰੀਆਂ ਨੇ ਤਗ਼ਮੇ ਜਿੱਤੇ ਸਨ ਅਤੇ ਉਨ੍ਹਾਂ ਨੂੰ 6.88 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੰਡੀ ਗਈ ਸੀ। ਹੜ੍ਹਾਂ ਕਾਰਨ 2025 ਵਿੱਚ 'ਖੇਡਾਂ ਵਤਨ ਪੰਜਾਬ ਦੀਆਂ' ਨਹੀਂ ਕਰਵਾਈਆਂ ਜਾ ਸਕੀਆਂ। ਇਹ ਖੇਡਾਂ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਹਰ ਕੋਨੇ ਵਿੱਚੋਂ ਛੁਪੀ ਹੋਈ ਖੇਡ ਪ੍ਰਤਿਭਾ ਦੀ ਪਛਾਣ ਕਰਨ, ਉਸ ਨੂੰ ਉਤਸ਼ਾਹਿਤ ਕਰਨ ਅਤੇ ਨਿਖਾਰਨ ਲਈ ਸਭ ਤੋਂ ਵਧੀਆ ਮੰਚ ਹਨ। ਖੇਡਾਂ ਰਾਹੀਂ ਸਾਡਾ ਟੀਚਾ ਆਪਣੇ ਬੱਚਿਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਲਈ ਤਿਆਰ ਕਰਨਾ ਹੈ। ਇਨ੍ਹਾਂ ਖੇਡਾਂ ਦੀ ਇੱਕ ਵਿਲੱਖਣ ਵਿਸ਼ੇਸ਼ਤਾ ਇਹ ਹੈ ਕਿ ਇਹ ਵੱਖ-ਵੱਖ ਪੀੜ੍ਹੀਆਂ ਨੂੰ ਇੱਕ ਥਾਂ ਇਕੱਠਾ ਕਰਦੀਆਂ ਹਨ।”

ਇਸ ਖੇਡ ਮਹਾਂਕੁੰਭ ਦੀ ਵਿਲੱਖਣਤਾ 'ਤੇ ਚਾਨਣਾ ਪਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸਾਰੇ ਸੀਜ਼ਨਾਂ ਵਿੱਚ ਇੱਕੋ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ-ਦਾਦਾ, ਪੁੱਤਰ ਅਤੇ ਪੋਤਰੇ-ਨੇ ਖੇਡਾਂ ਵਿੱਚ ਹਿੱਸਾ ਲਿਆ। 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਵਿੱਚ ਖੇਡਾਂ ਸਾਡਾ ਸਭ ਤੋਂ ਮਜ਼ਬੂਤ ਹਥਿਆਰ ਹਨ, ਕਿਉਂਕਿ ਇਹ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਰਹੀਆਂ ਹਨ। ਇਸ ਸਾਲ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਲੈ ਕੇ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਖਿਡਾਰੀਆਂ ਨੇ ਇਨ੍ਹਾਂ ਖੇਡਾਂ ਵਿੱਚ ਭਾਗ ਲਿਆ ਅਤੇ 38 ਖੇਡ ਵੰਨਗੀਆਂ ਵਿੱਚ ਮੁਕਾਬਲੇ ਕਰਵਾਏ ਗਏ।”

ਮੁੱਖ ਮੰਤਰੀ ਨੇ ਦੱਸਿਆ, “ਇਸ ਵਾਰ ਪੈਰਾ-ਐਥਲੈਟਿਕਸ, ਪੈਰਾ-ਪਾਵਰਲਿਫਟਿੰਗ, ਪੈਰਾ-ਬੈਡਮਿੰਟਨ ਅਤੇ ਵ੍ਹੀਲਚੇਅਰ ਬਾਸਕਟਬਾਲ ਸਮੇਤ ਚਾਰ ਪੈਰਾ-ਸਪੋਰਟਸ ਖੇਡਾਂ ਨੂੰ ਸ਼ਾਮਲ ਕੀਤਾ ਗਿਆ। ਪਹਿਲੀ ਵਾਰ ਡੈੱਫ ਖਿਡਾਰੀਆਂ ਲਈ ਜੂਡੋ ਅਤੇ ਸ਼ੂਟਿੰਗ ਸਮੇਤ ਤਿੰਨ ਮੁਕਾਬਲੇ ਕਰਵਾਏ ਗਏ। ਖਿਡਾਰੀਆਂ ਦੀ ਮੰਗ 'ਤੇ ਲੜਕਿਆਂ ਅਤੇ ਲੜਕੀਆਂ, ਦੋਵਾਂ ਲਈ ਟੈਨਿਸ ਬਾਲ ਕ੍ਰਿਕਟ ਦੇ ਪ੍ਰਦਰਸ਼ਨੀ ਮੈਚ ਵੀ ਕਰਵਾਏ ਗਏ।”

ਬੱਚਿਆਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨ ਲਈ ਮਾਪਿਆਂ ਨੂੰ ਅਪੀਲ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਮੈਂ ਪੰਜਾਬ ਦੇ ਸਾਰੇ ਮਾਪਿਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੇ ਬੱਚਿਆਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਨ। ਇਹ ਜ਼ਰੂਰੀ ਨਹੀਂ ਕਿ ਹਰ ਬੱਚਾ ਤਗ਼ਮਾ ਜਿੱਤੇ, ਪਰ ਖੇਡਾਂ ਯਕੀਨੀ ਤੌਰ 'ਤੇ ਸਰੀਰਕ ਤੰਦਰੁਸਤੀ, ਅਨੁਸ਼ਾਸਨ, ਆਤਮ-ਵਿਸ਼ਵਾਸ, ਟੀਮ ਭਾਵਨਾ ਅਤੇ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਹੌਸਲਾ ਪੈਦਾ ਕਰਦੀਆਂ ਹਨ।”

ਮੁੱਖ ਮੰਤਰੀ ਨੇ ਕਿਹਾ, “ਜਦੋਂ ਸਾਡੇ ਨੌਜਵਾਨਾਂ ਦੇ ਹੱਥਾਂ ਵਿੱਚ ਹਾਕੀਆਂ, ਕ੍ਰਿਕਟ ਬੈਟ ਅਤੇ ਫੁੱਟਬਾਲ ਹੋਣਗੇ ਤਾਂ ਨਸ਼ਿਆਂ ਦੀ ਅਲਾਮਤ ਆਪਣੇ ਆਪ ਖ਼ਤਮ ਹੋ ਜਾਵੇਗੀ। ਸੂਬਾ ਸਰਕਾਰ ਪੰਜਾਬ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਅਤੇ ਨਸ਼ਿਆਂ ਦੇ ਕੋਹੜ ਨੂੰ ਜੜ੍ਹੋਂ ਖ਼ਤਮ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।”

ਸਮਾਪਤੀ ਸਮਾਰੋਹ ਪੰਜਾਬ ਦੀਆਂ ਮਹਾਨ ਖੇਡ ਪ੍ਰਾਪਤੀਆਂ, ਅਮੀਰ ਸੱਭਿਆਚਾਰ ਅਤੇ ਸ਼ਾਨਦਾਰ ਰਵਾਇਤਾਂ ਦੇ ਜਸ਼ਨ ਨਾਲ ਲਬਰੇਜ਼ ਹੋ ਗਿਆ, ਜਿੱਥੇ ਪ੍ਰਸਿੱਧ ਪੰਜਾਬੀ ਗਾਇਕ ਮੀਕਾ ਸਿੰਘ ਨੇ ਆਪਣੀ ਦਮਦਾਰ ਪੇਸ਼ਕਾਰੀ ਨਾਲ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ। ਸ਼ਾਮ ਵੇਲੇ ਪੰਜਾਬ ਦੇ ਲੋਕ ਵਿਰਸੇ ਨੂੰ ਦਰਸਾਉਂਦੀਆਂ ਰੰਗਾਰੰਗ ਸੱਭਿਆਚਾਰਕ ਪੇਸ਼ਕਾਰੀਆਂ ਨੇ ਸਮਾਂ ਬੰਨ੍ਹ ਦਿੱਤਾ, ਜਿੱਥੇ ਕਲਾਕਾਰਾਂ ਨੇ ਰਵਾਇਤੀ ਗਿੱਧਾ ਅਤੇ ਭੰਗੜਾ ਪਾ ਕੇ ਪੂਰੇ ਮਾਹੌਲ ਨੂੰ ਪੰਜਾਬੀ ਸੰਗੀਤ, ਨਾਚ ਅਤੇ ਜੋਸ਼ ਨਾਲ ਭਰ ਦਿੱਤਾ।

ਇਸ ਮੌਕੇ ਦੀ ਮਹੱਤਤਾ ਨੂੰ ਵਧਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨੌਜਵਾਨ ਖਿਡਾਰੀਆਂ ਨੂੰ ਉਨ੍ਹਾਂ ਦੀਆਂ ਖੇਡ ਪ੍ਰਾਪਤੀਆਂ ਲਈ ਖੁਦ ਇਨਾਮ ਵੰਡੇ ਅਤੇ ਉਨ੍ਹਾਂ ਨੂੰ ਸੂਬੇ ਦਾ ਨਾਮ ਰੌਸ਼ਨ ਕਰਦੇ ਰਹਿਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਚਾਰੋਂ ਸੀਜ਼ਨਾਂ ਦੀ ਸਫ਼ਲਤਾ ਲਈ ਖੇਡ ਵਿਭਾਗ ਦੇ ਅਧਿਕਾਰੀਆਂ ਦਾ ਵੀ ਸਨਮਾਨ ਕੀਤਾ। ਇਸ ਸਮਾਰੋਹ ਨੇ ਖਿਡਾਰੀਆਂ, ਕਲਾਕਾਰਾਂ, ਅਧਿਕਾਰੀਆਂ ਅਤੇ ਦਰਸ਼ਕਾਂ ਨੂੰ ਪੰਜਾਬ ਦੀ ਖੇਡ ਭਾਵਨਾ, ਸੱਭਿਆਚਾਰਕ ਵਿਲੱਖਣਤਾ ਅਤੇ ਮਾਣਮੱਤੀ ਸਾਂਝ ਦੇ ਮੰਚ 'ਤੇ ਇਕੱਠਾ ਕੀਤਾ।

Have something to say? Post your comment

 
 

ਪੰਜਾਬ

ਮਾਨ ਸਰਕਾਰ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਸਿੱਖਿਆਵਾਂ ਅਤੇ ਫਲਸਫੇ ਦਾ ਸੰਦੇਸ਼ ਫੈਲਾਉਣ ਲਈ ਕੀਤੇ ਵਿਆਪਕ ਪ੍ਰਬੰਧ

ਆਮ ਆਦਮੀ ਪਾਰਟੀ ਛੱਡਣ 'ਤੇ ਚਰਨਜੀਤ ਸਿੰਘ ਨੇ ਕਿਹਾ, "12 ਸਾਲ ਦੀ ਸਖ਼ਤ ਮਿਹਨਤ ਦੇ ਬਾਵਜੂਦ ਸਤਿਕਾਰ ਨਹੀਂ ਮਿਲਿਆ

ਭਾਜਪਾ ਲੋਕਤੰਤਰੀ ਢਾਂਚੇ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ- ਪੰਜਾਬ ਕਾਂਗਰਸ

ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ: ਨਗਰ ਕੀਰਤਨ ਲਈ ਸ਼੍ਰੋਮਣੀ ਕਮੇਟੀ ਵਫ਼ਦ ਨੇ ਅਲਾਹਬਾਦ ਵਿਖੇ ਸਥਾਨਕ ਸਿੱਖ ਆਗੂਆਂ ਨਾਲ ਕੀਤੀ ਮੀਟਿੰਗ

ਡਾ. ਰਜਿੰਦਰ ਰੇਣੂ ਦੀ ਕਾਵਿ ਪੁਸਤਕ “ਸੁੱਚੇ ਮੋਤੀ” ਪ੍ਹੋ. ਗੁਰਭਜਨ ਸਿੰਘ ਗਿੱਲ ਵੱਲੋਂ ਪੰਜਾਬੀ ਭਵਨ ਲੁਧਿਆਣਾ ਵਿਖੇ ਲੋਕ ਅਰਪਣ

ਪੰਜਾਬ ਦੀ ਤਰੱਕੀ ਤੇ ਖ਼ੁਸ਼ਹਾਲੀ ਲਈ ਲੋਕ ਮੁੜ ‘ਆਪ’ ਸਰਕਾਰ ਨੂੰ ਚੁਣਨਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

9 ਦਸੰਬਰ ਨੂੰ ਪਿੰਡ ਮਾੜੀ ਮੇਘਾ ਵਿਖੇ ਮੁੱਖ ਮੰਤਰੀ ਦੀ ਲੋਕ ਮਿਲਣੀ ਦੀਆਂ ਤਿਆਰੀਆਂ :ਵਿਧਾਇਕ ਸਰਵਨ ਸਿੰਘ ਧੁੰਨ

ਭਾਈ ਘਨਈਆ ਸਾਹਿਬ ਦੇ ਮਿਸ਼ਨ ਨੂੰ ਮਿੱਠੇ ਟਿਵਾਣੇ ਵਾਲੇ ਪੂਰੀ ਲਗਨ ਦੇ ਨਾਲ ਅੱਗੇ ਵਧਾ ਰਹੇ ਹਨ- ਹਰਪਾਲ ਸਿੰਘ ਬਲੇਰ

ਭਗਤ ਰਵਿਦਾਸ ਜੀ ਦੀ ਜਨਮ ਭੂਮੀ ਵਾਰਾਨਸੀ ਤੋਂ ਸਜਾਏ ਜਾਣ ਵਾਲੇ ਨਗਰ ਕੀਰਤਨ ਸਬੰਧੀ ਸ਼੍ਰੋਮਣੀ ਕਮੇਟੀ ਨੇ ਸਥਾਨਕ ਆਗੂਆਂ ਨਾਲ ਕੀਤੀ ਇਕੱਤਰਤਾ

ਪਟਿਆਲਾ ਨਗਰ ਨਿਗਮ ਚੋਣਾਂ ਵਿੱਚ 43 ਫੀਸਦੀ ਅਤੇ ਬਾਘਾ ਪੁਰਾਣਾ ਤੇ ਧਰਮਕੋਟ ਨਗਰ ਕੌਂਸਲ ਚੋਣਾਂ ਵਿੱਚ 64 ਫੀਸਦੀ ਵੋਟਿੰਗ ਹੋਈ