ਪੰਜਾਬ

ਢਕਾਨਸੂ ਕਲਾਂ ਦਾ ਸਰਕਾਰੀ ਪ੍ਰਾਇਮਰੀ ਸਕੂਲ ਜ਼ਿਲ੍ਹੇ ਦੇ ਸੋਹਣੇ ਸਕੂਲਾਂ ਵਿੱਚ ਸ਼ੁਮਾਰ

ਕੌਮੀ ਮਾਰਗ ਬਿਊਰੋ | May 17, 2021 03:57 PM

ਪਟਿਆਲਾ -  ਕਿਸੇ ਸਮੇਂ ਨਕਾਰਾਤਮਕ ਪੱਖੋਂ ਸੁਰਖੀਆਂ 'ਚ ਰਹੇ ਪਟਿਆਲਾ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਢਕਾਨਸੂ ਕਲਾਂ ਦੀ ਬਦਲੀ ਦਿੱਖ ਨੇ ਹਰੇਕ ਨੂੰ ਅਚੰਭਿਤ ਕਰ ਦਿੱਤਾ ਹੈ। ਯਕੀਨ ਹੀ ਨਹੀਂ ਆਉਂਦਾ ਕਿ ਬੁਨਿਆਦੀ ਸਹੂਲਤਾਂ ਨੂੰ ਵੀ ਤਰਸਦਾ ਇਹ ਉਹੀ ਸਕੂਲ ਹੈ। ਖਸਤਾ ਹਾਲਤ ਇਮਾਰਤ ਜਿਸ ਹੇਠ ਬੈਠਣਾ ਵੀ ਜਾਨ ਦਾ ਖੌਅ ਸੀ , ਦੀ ਜਗ੍ਹਾ ਅੱਜ ਸੋਹਣੇ ਸਮਾਰਟ ਕਲਾਸ ਰੂਮਜ ਨੇ ਮੱਲ ਲਈ ਹੈ। ਸਕੂਲ ਦਾ ਪ੍ਰਵੇਸ਼ ਦੁਆਰਾ ਪਹਿਲੀ ਨਜ਼ਰੇ ਹੀ ਸਕੂਲ ਦੀ ਖ਼ੂਬਸੂਰਤੀ ਆਪਮੁਹਾਰੇ ਬਿਆਨ ਕਰਦਾ ਹੈ। ਰੰਗਦਾਰ ਫਰਨੀਚਰ , ਗਿਆਨ ਦਾ ਭੰਡਾਰ ਬਾਲਾ ਦਾ ਕੰਮ, ਸਕੂਲ ਦੇ ਚਾਰ ਚੁਫ਼ੇਰੇ ਨੂੰ ਚਾਰ ਚੰਨ ਲਗਾਉਂਦੇ ਫੁੱਲਦਾਰ ਪੌਦੇ ਅਤੇ ਪਾਰਕ ਕਹਿੰਦੇ ਕਹਾਉਂਦੇ ਨਿੱਜੀ ਸਕੂਲਾਂ ਨੂੰ ਮਾਤ ਪਾਉਂਦੇ ਹਨ।
ਕਹਿੰਦੇ ਹਨ ਕਿ ਸਫ਼ਲਤਾ ਕਦੇ ਵੀ ਰਾਤੋ ਰਾਤ ਨਸੀਬ ਨਹੀਂ ਹੁੰਦੀ , ਇਸ ਪਿੱਛੇ ਲੰਮੇ ਸਮੇਂ ਦੀ ਘਾਲਣਾ ਦਾ ਹੱਥ ਹੁੰਦਾ ਹੈ। ਇਹੋ ਜਿਹੀ ਹੀ ਕਹਾਣੀ ਇਸ ਸਕੂਲ ਵਿੱਚ ਆਏ ਕ੍ਰਾਂਤੀਕਾਰੀ ਬਦਲਾਅ ਦੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰਨ ਦੀ ਪਹਿਲਕਦਮੀ ਨੇ ਵੀ ਸਮੂਹ ਸਿੱਖਿਆ ਅਮਲੇ ਨੂੰ ਸਕੂਲਾਂ ਦੀ ਨੁਹਾਰ ਬਦਲਣ ਲਈ ਪ੍ਰੇਰਿਤ ਕੀਤਾ ਹੈ।
ਇੰਜੀ: ਅਮਰਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਦਾ ਕਹਿਣਾ ਹੈ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਮਿਲੀ ਹੱਲਾਸ਼ੇਰੀ ਅਤੇ ਸਹਿਯੋਗ ਦਾ ਢਕਾਨਸੂ ਸਕੂਲ ਨੂੰ ਵਿਲੱਖਣ ਦਿੱਖ ਪ੍ਰਦਾਨ ਵਿੱਚ ਬਹੁਤ ਵੱਡਾ ਯੋਗਦਾਨ ਹੈ। ਜਿਸ ਸਦਕਾ ਇਹ ਸਕੂਲ ਜ਼ਿਲ੍ਹੇ ਦੇ ਸਮੂਹ ਸਕੂਲਾਂ ਲਈ ਵੀ ਇੱਕ ਮਿਸਾਲ ਬਣ ਰਿਹਾ ਹੈ।
ਬਲਵਿੰਦਰ ਕੁਮਾਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਰਾਜਪੁਰਾ-2 ਦਾ ਕਹਿਣਾ ਹੈ ਕਿ ਉਹਨਾਂ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਉਹਨਾਂ ਦੇ ਬਲਾਕ ਦਾ ਸਕੂਲ ਹਰ ਪੱਖੋਂ ਨਿਪੁੰਨ ਬਣਦਾ ਹੋਇਆ ਨਵੇਂ ਕੀਰਤੀਮਾਨ ਸਥਾਪਿਤ ਕਰ ਰਿਹਾ ਹੈ। ਹੁਣ ਉਹਨਾਂ ਦੇ ਬਲਾਕ ਦੇ ਬਹੁਗਿਣਤੀ ਸਕੂਲ ਇਸ ਸਕੂਲ ਦੇ ਨਕਸ਼ੇ ਕਦਮਾਂ 'ਤੇ ਚੱ ਪਏ ਹਨ।

ਸਕੂਲ ਦੇ ਮੌਜ਼ੂਦਾ ਇੰਚਾਰਜ ਮੈਡਮ ਅਨੁਰਾਧਾ ਕਟਾਰੀਆ ਅਨੁਸਾਰ ਸਕੂਲ ਨੂੰ ਸੋਹਣੇ ਸਮਾਰਟ ਸਕੂਲ ਵਿੱਚ ਤਬਦੀਲ ਕਰਨ ਵਿੱਚ ਸਕੂਲ ਦੇ ਮੁਖੀ ਰਹਿ ਚੁੱਕੇ ਮੈਡਮ ਇਕਬਾਲ ਦੁਆਰਾ ਕੀਤੇ ਗਏ ਯਤਨਾਂ ਦੀ ਵੀ ਸ਼ਲਾਘਾ ਕਰਨੀ ਬਣਦੀ ਹੈ। ਜਿਹਨਾਂ ਦੀ ਅਗਵਾਈ ਸਦਕਾ ਸਕੂਲ ਦੀ ਮਿਹਨਤੀ ਟੀਮ ਨੇ ਸਕੂਲ ਨੂੰ ਮੂਹਰਲੀਆਂ ਕਤਾਰਾਂ ਵਿੱਚ ਲਿਆ ਖੜ੍ਹਾ ਕਰ ਦਿੱਤਾ ਹੈ। ਬੁਨਿਆਦੀ ਸਹੂਲਤਾਂ ਤੋਂ ਸੱਖਣੇ ਸਕੂਲ ਦੀ ਮਿਆਰੀ ਸਿੱਖਿਆ ਦੇ ਉੱਚ ਪੱਧਰ ਨੇ ਵਿਭਾਗ ਅਤੇ ਦਾਨੀ ਸੱਜਣਾਂ ਨੂੰ ਵੀ ਇਸ ਕਦਰ ਪ੍ਰਭਾਵਿਤ ਕੀਤਾ ਕਿ ਥੋੜ੍ਹੇ ਹੀ ਸਮੇਂ ਵਿੱਚ ਸਕੂਲ ਦਾ ਨਕਸ਼ਾ ਬਦਲਣ ਦੀਆਂ ਯੋਜਨਾਵਾਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ।

ਸਕੂਲ ਮੁਖੀ ਅਨੁਸਾਰ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਹੋਰ ਸਿੱਖਿਆ ਅਧਿਕਾਰੀਆਂ ਦੇ ਯਤਨਾਂ ਅਤੇ ਸਮੇਂ-ਸਮੇਂ ਮਿਲੇ ਸਹਿਯੋਗ ਨੇ ਸਕੂਲ ਦੀ ਇਮਾਰਤ ਦਾ ਸੁੰਦਰੀਕਰਨ ਹੋਇਆ ਹੈ। ਬੁੰਗੇ ਇੰਡੀਆ ਕੰਪਨੀ ਰਾਜਪੁਰਾ ਵੱਲੋਂ ਉਚੇਚੇ ਤੌਰ ਤੇ ਭਵਿੱਖ ਵਿੱਚ ਆਰਥਿਕ ਪੱਖੋਂ ਸਕੂਲ ਦੀ ਜ਼ਿੰਮੇਵਾਰੀ ਉਠਾਉਣ ਦਾ ਸ਼ਲਾਘਾਯੋਗ ਕਦਮ ਪੁੱਟਿਆ ਗਿਆ ਹੈ।
ਸਿੱਖਿਆ ਵਿਭਾਗ ਦੀ ਯੋਗ ਰਹਿਨੁਮਾਈ, ਸਕੂਲ ਅਧਿਆਪਕਾਂ ਦੀ ਮਿਹਨਤੀ ਟੀਮ, ਪਿੰਡ ਦੀ ਪੰਚਾਇਤ ਅਤੇ ਕੰਪਨੀ ਦੇ ਸਾਂਝੇ ਯਤਨਾਂ ਦਾ ਨਤੀਜਾ ਅੱਜ ਸਾਡੇ ਸਾਹਮਣੇ ਹੈ। ਸਕੂਲ ਮੁਖੀ ਅਨੁਸਾਰ ਅੱਜ ਉਹਨਾਂ ਦੇ ਸਕੂਲ ਦੀ ਗੁਣਾਤਮਿਕ ਸਿੱਖਿਆ ਦੀਆਂ ਚਾਰ ਚੁਫੇਰੇ ਪੈ ਰਹੀਆਂ ਧੁੰਮਾਂ ਕਰਕੇ ਇਲਾਕੇ ਦੇ ਨਾਮੀ ਨਿੱਜੀ ਸਕੂਲਾਂ ਤੋਂ ਹਟ ਕੇ ਸਾਡੇ ਸਕੂਲ ਵਿੱਚ ਦਾਖ਼ਲੇ ਲਈ ਵਿਦਿਆਰਥੀਆਂ ਦੀਆਂ ਕਤਾਰਾਂ ਲੱਗ ਰਹੀਆਂ ਹਨ।
ਸਕੂਲ ਨੂੰ ਫਰਸ਼ ਤੋਂ ਅਰਸ਼ ਤੱਕ ਪਹੁੰਚਾਉਣ ਵਾਲਾ ਹਰ ਸ਼ਖ਼ਸ ਅੱਜ ਵਧਾਈ ਦਾ ਪਾਤਰ ਹੈ। ਸਮਾਰਟ ਸਕੂਲ ਕੋਆਰਡੀਨੇਟਰ ਲੱਖਵਿੰਦਰ ਸਿੰਘ ਅਤੇ ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਢਕਾਨਸੂ ਕਲਾਂ ਨੂੰ ਸਿੱਖਿਆ ਵਿਭਾਗ ਦੇ ਫੇਸਬੁੱਕ ਐਕਟੀਵਿਟੀ ਪੇਜ਼ ਤੇ ਸਾਂਝਾ ਕੀਤਾ ਗਿਆ ਹੈ ਅਤੇ ਸਕੂਲ ਦੇ ਅਧਿਆਪਕ ਅਤੇ ਹੋਰ ਸਹਾਇਕ ਸਟਾਫ ਨੂੰ ਸਕੱਤਰ ਸਕੂਲ ਸਿੱਖਿਆ ਵਲੋਂ ਵਧੀਆ ਕਾਰਜ ਲਈ ਹੌਂਸਲਾ ਅਫਜ਼ਾਈ ਕੀਤੀ ਹੈ। ਇਸ ਤੋਂ ਇਲਾਵਾ ਸਕੂਲ ਦੀ ਬਿਹਤਰੀ ਲਈ ਸ਼ਾਲਾਘਾ ਯੋਗ ਕਾਰਜ ਕਰਨ ਵਿੱਚ ਸਕੂਲ ਅਧਿਆਪਕ ਅਨੁਰਾਧਾ ਕਟਾਰੀਆ, ਪਰਮਿੰਦਰ ਕੌਰ, ਅਮਿਤਾ ਬਾਵਾ, ਪ੍ਰੇਮ ਕੁਮਾਰ, ਬਲਜਿੰਦਰ ਸਿੰਘ, ਇੰਦਰਜੀਤ, ਮਨਦੀਪ ਕੌਰ, ਮਿਡ ਡੇ ਮੀਲ ਵਰਕਰ ਸੁਨੀਤਾ, ਸੁਰਿੰਦਰ ਕੌਰ ਅਤੇ ਸ਼ਿਆਮ ਕੌਰ ਦੇ ਨਾਲ ਨਾਲ ਇਕਬਾਲ ਕੌਰ, ਬਲਾਕ ਮਾਸਟਰ ਟ੍ਰੇਨਰ ਪਰਵੀਨ ਕੁਮਾਰ, ਸਰਪੰਚ ਮਨਿੰਦਰ ਕੌਰ, ਸੈਂਟਰ ਹੈਡ ਟੀਚਰ ਜੋਤੀ ਪੁਰੀ ਅਤੇ ਸੰਦੀਪ ਕੁਮਾਰ ਸ਼ਾਮਿਲ ਹਨ।

Have something to say? Post your comment

 

ਪੰਜਾਬ

ਭਾਜਪਾ ਦੇ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਕਰਨ ਦਾ ਮੌਲਿਕ ਹੱਕ‌ ਨਾ ਮਿਲਣਾ ਚੋਣ ਅਮਲ ਉੱਤੇ ਸਵਾਲੀਆ ਨਿਸ਼ਾਨ : ਸੁਨੀਲ ਜਾਖੜ

ਕਿਸਾਨ ਹਤੈਸੀ ਕਹਾਉਣ ਵਾਲੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਖਿਲਾਫ ਲਿਆਂਦੇ ਕਾਲੇ ਕਾਨੂੰਨ ਚ ਸਭ ਤੋਂ ਪਹਿਲਾਂ ਹਾਮੀ ਭਰੀ :ਭਗਵੰਤ ਮਾਨ

ਖ਼ਾਲਸਾ ਕਾਲਜ ਐਜੂਕੇਸ਼ਨ, ਰਣਜੀਤ ਐਵੀਨਿਊ ਨੂੰ ਤਜ਼ਰਬੇਕਾਰ ਸੈਂਟਰ ਐਲਾਨਿਆ

ਜਨਤਕ ਜਮਹੂਰੀ ਜਥੇਬੰਦੀਆਂ ਵਲੋਂ ਮੋਦੀ ਦੇ ਫਿਰਕੂ ਬਿਆਨਾਂ ਅਤੇ ਭਾਜਪਾ ਦੇ ਫਾਸ਼ੀਵਾਦੀ ਏਜੰਡੇ ਖਿਲਾਫ਼ ਰੋਸ਼ ਮੁਜਾਹਰਾ

ਮੁੱਖ ਮੰਤਰੀ ਭਗਵੰਤ ਮਾਨ ਨੇ ਸੁਨਾਮ 'ਚ ਮੀਤ ਹੇਅਰ ਲਈ ਕੀਤਾ ਚੋਣ ਪ੍ਰਚਾਰ, ਭਾਰੀ ਵੋਟਾਂ ਨਾਲ ਜਿਤਾਉਣ ਲਈ ਲੋਕਾਂ ਨੂੰ ਕੀਤੀ ਅਪੀਲ

ਚੰਨੀ ਤੇ ਟਰੂਡੋ ਦੀ ਬੋਲੀ ਤੇ ਸ਼ਬਦ ਇੱਕੋ ਸੁਰ ਵਾਲੇ: ਜਾਖੜ

ਪ੍ਰਿੰਟਿੰਗ ਪ੍ਰੈੱਸ ਮਾਲਕਾਂ ਨੂੰ ਆਦਰਸ਼ ਚੋਣ ਜ਼ਾਬਤੇ ਦੀ ਸਖਤੀ ਨਾਲ ਪਾਲਣਾ ਕਰਨ ਦੀ ਅਪੀਲ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਲੋਕ ਸਭਾ ਚੋਣਾਂ ਲਈ ਚੋਣ ਪ੍ਰੋਗਰਾਮ ਦਾ ਐਲਾਨ

ਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋਤਿ ਦਿਵਸ ਸ਼ਤਾਬਦੀ ਸਬੰਧੀ ਵੱਖ-ਵੱਖ ਜਥੇਬੰਦੀਆਂ ਨਾਲ ਇਕੱਤਰਤਾ

ਨਰਾਇਣਗੜ੍ਹ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਕਾਰੀ ਦਸਤੇ ਵੱਲੋਂ ਲਈ ਤਲਾਸ਼ੀ ਬਰਦਾਸ਼ਤ ਤੋਂ ਬਾਹਰ : ਬਾਬਾ ਬਲਬੀਰ ਸਿੰਘ ਅਕਾਲੀ