ਨਵੀਂ ਦਿੱਲੀ - “ਸ. ਭਗਵੰਤ ਸਿੰਘ ਮਾਨ ਦੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਹੋਦ ਵਿਚ ਆਇਆ ਢਾਈ ਸਾਲ ਦਾ ਸਮਾਂ ਬੀਤ ਚੁੱਕਿਆ ਹੈ । ਲੇਕਿਨ ਪੰਜਾਬੀਆਂ ਦੇ ਅਹਿਮ ਗੰਭੀਰ ਮਸਲੇ ਜਿਊ ਦੇ ਤਿਊ ਖੜ੍ਹੇ ਹਨ । ਕਿਸੇ ਵੀ ਮਸਲੇ ਨੂੰ ਸੰਜ਼ੀਦਗੀ ਨਾਲ ਹੱਲ ਕਰਨ ਅਤੇ ਪੰਜਾਬੀਆਂ ਦੇ ਮਨ ਵਿਚ ਉੱਠੇ ਰੋਹ ਨੂੰ ਸ਼ਾਂਤ ਕਰਨ ਲਈ ਅਜੇ ਤੱਕ ਨਾ ਤਾਂ ਕੋਈ ਅਮਲ ਹੋਇਆ ਹੈ, ਨਾ ਬੇਰੁਜਗਾਰੀ ਦੂਰ ਕਰਨ ਵਿਚ ਕੋਈ ਪਾਲਸੀ ਬਣਾਈ ਗਈ ਹੈ, ਨਾ ਮੁਲਾਜਮਾਂ, ਖੇਤ ਮਜਦੂਰਾਂ, ਕਿਸਾਨਾਂ, ਦਿਹਾੜੀਦਾਰਾਂ, ਵਿਦਿਆਰਥੀਆਂ ਦੀਆਂ ਦਰਪੇਸ ਮੁਸ਼ਕਿਲਾਂ ਦੇ ਹੱਲ ਲਈ ਕੋਈ ਅਸਰਦਾਇਕ ਯੋਜਨਾ ਬਣਾਈ ਗਈ ਹੈ । ਜਿਸ ਕਾਰਨ ਪੰਜਾਬੀਆਂ ਤੇ ਸਿੱਖ ਕੌਮ ਵਿਚ ਪੰਜਾਬ ਸਰਕਾਰ ਵਿਰੁੱਧ ਇਕ ਵੱਡਾ ਰੋਹ ਹੈ । ਹੁਣ ਜਦੋ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਆਪਣੇ ਸਰੀਰਕ ਇਲਾਜ ਉਪਰੰਤ ਸਿਹਤਯਾਬ ਹੋ ਕੇ ਆਏ ਹਨ । ਹੁਣ ਉਨ੍ਹਾਂ ਨੂੰ ਆਪਣੀ ਸਥਿਤੀ ਨੂੰ ਪੰਜਾਬੀਆਂ ਵਿਚ ਸਹੀ ਕਰਨ ਹਿੱਤ ਸਭ ਤੋ ਪਹਿਲੇ ਲੁਧਿਆਣੇ ਦੇ ਬੁੱਢੇ ਨਾਲੇ ਵਿਚ ਫੈਕਟਰੀਆਂ ਵੱਲੋ ਸੁੱਟੇ ਜਾ ਰਹੇ ਗੰਦੇ ਪਾਣੀ ਦੀ ਬਦੌਲਤ ਫੈਲ ਰਹੀਆ ਖ਼ਤਰਨਾਕ ਬਿਮਾਰੀਆਂ ਦੀ ਰੋਕਥਾਮ ਲਈ ਇਨ੍ਹਾਂ ਫੈਕਟਰੀਆਂ ਵਿਚ ਟਰੀਟਮੈਟ ਪਲਾਟ ਲਗਵਾਕੇ ਫਿਰ ਪਾਣੀ ਦੀ ਸਪਲਾਈ ਜਾਰੀ ਕਰਨੀ ਚਾਹੀਦੀ ਹੈ । ਦੂਸਰਾ ਜੋ ਚੱਪੜ ਚਿੱੜੀ ਦੇ ਮਹਾਨ ਇਤਿਹਾਸਿਕ ਸਥਾਂਨ ਵਿਖੇ ਅੰਤਰਰਾਸਟਰੀ ਹਵਾਈ ਅੱਡਾ ਬਣਿਆ ਹੈ, ਜਿਸਦਾ ਨਾਮ ਸ. ਭਗਤ ਸਿੰਘ ਦੇ ਨਾਮ ਤੇ ਰੱਖਵਾਇਆ ਗਿਆ ਹੈ, ਇਹ ਉਸ ਸਥਾਂਨ ਦੇ ਇਤਿਹਾਸ ਨੂੰ ਨਜਰਅੰਦਾਜ ਕਰਨ ਦੀ ਕਾਰਵਾਈ ਕੀਤੀ ਗਈ ਹੈ । ਇਸ ਲਈ ਜੇਕਰ ਇਸ ਹਵਾਈ ਅੱਡੇ ਦਾ ਨਾਮ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਤਬਦੀਲ ਕਰਨ ਦੀ ਜਿੰਮੇਵਾਰੀ ਨਿਭਾਈ ਜਾਵੇ ਤਾਂ ਪੰਜਾਬ ਸਰਕਾਰ ਤੇ ਸ. ਭਗਵੰਤ ਸਿੰਘ ਮਾਨ ਦੀ ਸਖਸ਼ੀਅਤ ਉਤੇ ਉੱਠਣ ਵਾਲੇ ਪ੍ਰਸ਼ਨਾਂ ਨੂੰ ਰੋਕਿਆ ਜਾ ਸਕਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਭਗਵੰਤ ਸਿੰਘ ਮਾਨ ਨੂੰ ਆਪਣੇ ਵੱਲੋ ਲਿਖੇ ਇਕ ਪੱਤਰ ਵਿਚ ਦੋਵੇ ਮੁੱਦਿਆ ਉਤੇ ਸਹੀ ਦਿਸ਼ਾ ਵੱਲ ਅਮਲ ਕਰਨ ਦੀ ਜੋਰਦਾਰ ਗੁਜਾਰਿਸ ਕਰਦੇ ਹੋਏ ਅਤੇ ਪੰਜਾਬ ਦੇ ਮਹਾਨ ਇਤਿਹਾਸ ਨੂੰ ਉਜਾਗਰ ਕਰਨ ਦੀ ਜਿੰਮੇਵਾਰੀ ਪੂਰਨ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਸ. ਭਗਵੰਤ ਸਿੰਘ ਮਾਨ ਆਪਣੀ ਪੰਜਾਬ ਸਰਕਾਰ ਅਤੇ ਆਪਣੀ ਸਥਿਤੀ ਪੰਜਾਬੀਆਂ ਵਿਚ ਡਾਵਾਡੋਲ ਹੁੰਦੀ ਨੂੰ ਸਹੀ ਕਰਨ ਲਈ ਉਪਰੋਕਤ ਦੋਵੇ ਮੁੱਦੇ ਪਹਿਲੇ ਦੇ ਆਧਾਰ ਤੇ ਹੱਲ ਕਰਨਗੇ ।