ਚੰਡੀਗੜ੍ਹ- ਪੰਜਾਬ ਦੇ ਰਾਜਪਾਲ ਅਤੇ ਯੂਟੀ, ਚੰਡੀਗੜ੍ਹ ਦੇ ਪ੍ਰਸ਼ਾਸਕ, ਸ੍ਰੀ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਗਾਂਧੀ ਜਯੰਤੀ ਦੀ ਵਧਾਈ ਦਿੱਤੀ ਹੈ।
ਇੱਥੇ ਜਾਰੀ ਇੱਕ ਸੰਦੇਸ਼ ਵਿੱਚ ਰਾਜਪਾਲ ਨੇ ਕਿਹਾ ਕਿ ਇਹ ਦਿਵਸ ਸਾਡੇ ਸਾਰਿਆਂ ਲਈ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ ਸ਼ਾਂਤੀ, ਸਮਾਨਤਾ ਅਤੇ ਫਿਰਕੂ ਸਦਭਾਵਨਾ ‘ਤੇ ਅਧਾਰਤ ਪ੍ਰੇਰਨਾਦਾਇਕ ਜੀਵਨ ਪ੍ਰਤੀ ਆਪਣੇ ਆਪ ਨੂੰ ਸਮਰਪਿਤ ਕਰਨ ਦਾ ਮੌਕਾ ਹੈ। ਇਸ ਮੌਕੇ ਸਾਨੂੰ ਸਾਰਿਆਂ ਨੂੰ ਮਹਾਤਮਾ ਗਾਂਧੀ ਜੀ, ਜਿਨ੍ਹਾਂ ਨੇ ਸੰਘਰਸ਼ ਅਤੇ ਹਿੰਸਾ ਨਾਲ ਹਮੇਸ਼ਾ ਸ਼ਾਤੀਪੂਰਨ ਢੰਗ ਨਾਲ ਨਜਿੱਠਣ ਦੀ ਗੱਲ ਕੀਤੀ, ਦੇ ਸ਼ਾਂਤੀਵਾਦ ਦੇ ਫ਼ਲਸਫ਼ੇ ਅਤੇ ਵਿਚਾਰਧਾਰਾ ਨੂੰ ਵੱਧ ਤੋਂ ਵੱਧ ਫੈਲਾਉਣਾ ਚਾਹੀਦਾ ਹੈ।
ਇਹ ਗੱਲ ਕਰਦਿਆਂ ਕਿ ਮਹਾਤਮਾ ਗਾਂਧੀ ਜੀ ਨੇ ਕਿਸੇ ਵੀ ਸਮੱਸਿਆ ਜਾਂ ਮਸਲੇ ਦੇ ਹੱਲ ਲਈ ਹਮੇਸ਼ਾ ਸ਼ਾਂਤਮਈ ਰਾਹ ਲੱਭਣ ਦੀ ਕੋਸ਼ਿਸ਼ ਕੀਤੀ, ਰਾਜਪਾਲ ਨੇ ਕਿਹਾ ਕਿ ਸਦੀ ਪਹਿਲਾਂ ਗਾਂਧੀ ਜੀ ਨੇ ਸਵਦੇਸ਼ੀ ਅਤੇ ਸਵਰਾਜ ਦੇ ਆਪਣੇ ਸੱਦੇ ਨਾਲ ਲੱਖਾਂ ਲੋਕਾਂ ਨੂੰ ਪ੍ਰੇਰਿਤ ਕੀਤਾ ਅਤੇ ਹਮੇਸ਼ਾ ਸੱਚ ਤੇ ਅਹਿੰਸਾ ਦੇ ਮਾਰਗ ਦੀ ਵਕਾਲਤ ਕੀਤੀ, ਜਿਸਦਾ ਸਾਰਥਿਕਤਾ ਅੱਜ ਦੇ ਚੁਣੌਤੀਆਂ ਭਰੇ ਸਮੇਂ ਵਿੱਚ ਹੋਰ ਵੀ ਵੱਧ ਗਈ ਹੈ। ਉਨ੍ਹਾਂ ਦਾ ਪ੍ਰੇਰਣਾਦਾਇਕ ਜੀਵਨ ਸਮੁੱਚੇ ਸੰਸਾਰ ਲਈ ਇੱਕ ਚਾਨਣ-ਮੁਨਾਰਾ ਹੈ, ਜੋ ਸਾਨੂੰ ਅਸ਼ਾਂਤ ਮਾਹੌਲ ਦੇ ਵਿਚਕਾਰ ਸ਼ਾਂਤੀ ਦਾ ਮਾਰਗ ਤਲਾਸ਼ਣ ਲਈ ਹਮੇਸ਼ਾ ਪ੍ਰੇਰਿਤ ਕਰਦਾ ਰਹੇਗਾ।
ਉਨ੍ਹਾਂ ਨੇ ਹਮੇਸ਼ਾ ਸਵੱਛ ਅਤੇ ਸਿਹਤਮੰਦ ਭਾਰਤ ਦੀ ਕਲਪਨਾ ਕੀਤੀ ਅਤੇ ਕਿਹਾ ਕਿ ਸਾਡੀਆਂ ਸਰਕਾਰਾਂ ਵੱਲੋਂ ਇਸ ਸਬੰਧ ਵਿੱਚ ਕੀਤੀਆਂ ਪਹਿਲਕਦਮੀਆਂ ਨੂੰ ਬੂਰ ਪੈਣ ਲੱਗ ਗਿਆ ਹੈ। ਮਹਾਤਮਾ ਗਾਂਧੀ ਜੀ ਦੇ ਸਵੱਛ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ 2 ਅਕਤੂਬਰ 2014 ਨੂੰ ਸਵੱਛ ਭਾਰਤ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ। ਇਹ ਮੁਹਿੰਮ ਹੁਣ ਦੇਸ਼ ਭਰ ਵਿੱਚ 'ਜਨ ਅੰਦੋਲਨ' ਬਣ ਗਈ ਹੈ।
ਰਾਜਪਾਲ ਨੇ ਕਿਹਾ ਕਿ ਆਓ ਗਾਂਧੀ ਜਯੰਤੀ ਦੇ ਇਸ ਮੌਕੇ 'ਤੇ ਅਸੀਂ ਆਪਣੇ ਆਪ ਨੂੰ ਇਸ ਮਹਾਨ ਰੂਹ ਦੇ ਆਦਰਸ਼ਾਂ ਪ੍ਰਤੀ ਸਮਰਪਿਤ ਕਰੀਏ।