ਨਵੀਂ ਦਿੱਲੀ -ਗੁਰਦੁਆਰਾ ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਫਤਹਿ ਨਗਰ ਵਿਖ਼ੇ ਪੰਚਮ ਪਾਤਸ਼ਾਹ ਦਾ ਸ਼ਹੀਦੀ ਪੁਰਬ ਬੜੇ ਸਤਿਕਾਰ ਅਤੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਸਵੇਰ ਅਤੇ ਸ਼ਾਮ ਦੇ ਵਿਸ਼ੇਸ਼ ਕੀਰਤਨੀ ਦੀਵਾਨ ਸਜਾਏ ਗਏ ਸਨ ਜਿਨ੍ਹਾਂ ਵਿਚ ਹਜੂਰੀ ਰਾਗੀ ਸਾਹਿਬਾਨਾਂ ਦੇ ਨਾਲ ਭਾਈ ਸੁਖਜੀਤ ਸਿੰਘ ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਭਾਈ ਬਲਬੀਰ ਸਿੰਘ ਚੰਡੀਗੜ੍ਹ ਵਾਲਿਆਂ ਨੇ ਉਚੇਚੇ ਤੌਰ ਤੇ ਹਾਜ਼ਿਰੀ ਭਰਦਿਆਂ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਜੋੜਿਆ ਸੀ । ਭਾਈ ਸੁਖਜੀਤ ਸਿੰਘ ਵਲੋਂ ਕੀਰਤਨ ਦੀ ਸਮਾਪਤੀ ਤੇ ਬੁਲਾਈ ਗਈ ਗੁਰਫ਼ਤਹਿ ਨੂੰ ਸੰਗਤਾਂ ਵਲੋਂ ਢਿੱਲਾ ਹੁੰਗਾਰਾ ਮਿਲਣ ਤੇ ਉਨ੍ਹਾਂ ਨੇ ਹਾਜ਼ਰੀਨ ਸੰਗਤਾਂ ਨੂੰ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਦਾ ਇਤਿਹਾਸ ਚੇਤੇ ਕਰਵਾਉਦਿਆਂ ਸੰਗਤਾਂ ਨੂੰ ਫਤਹਿ ਦਾ ਜੁਆਬ ਗਜ ਵੱਜ ਕੇ ਦੇਣ ਲਈ ਪ੍ਰੇਰਿਤ ਕੀਤਾ ਸੀ । ਇਥੇ ਦਸਣਯੋਗ ਹੈ ਕਿ ਗੁਰਦੁਆਰਾ ਸਾਹਿਬ ਵਿਖ਼ੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਿੱਥੇ ਸਹਿਜ ਪਾਠ ਚਲ ਰਹੇ ਹਨ ਓਥੇ ਨਾਲ ਹੀ ਬੱਚਿਆਂ ਅਤੇ ਵਡਿਆ ਨੂੰ ਗੁਰਬਾਣੀ ਨਾਲ ਜੋੜਨ ਲਈ ਹਰ ਐਤਵਾਰ ਨੂੰ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਵੀਂ ਜਾ ਰਹੇ ਹਨ । ਇੰਨ੍ਹਾ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੀਆਂ ਸੰਗਤਾਂ ਕੋਲੋਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਪ੍ਰੀਤਮ ਸਿੰਘ ਚੱਕਪਖੀ, ਭਾਈ ਅਮਨਦੀਪ ਸਿੰਘ, ਭਾਈ ਜਗਦੇਵ ਸਿੰਘ, ਭਾਈ ਕਰਤਾਰ ਸਿੰਘ ਅਤੇ ਭਾਈ ਇਕਬਾਲ ਸਿੰਘ ਗੁਰਬਾਣੀ ਨੂੰ ਸੁਣ ਕੇ ਉਨ੍ਹਾਂ ਨੂੰ ਮਿਲਣ ਵਾਲੇ ਵੱਖ ਵੱਖ ਇਨਾਮਾਂ ਦੀ ਲੜੀ ਮੁਤਾਬਿਕ ਉਨ੍ਹਾਂ ਦੀ ਚੋਣ ਕਰ ਰਹੇ ਹਨ । ਭਾਈ ਪ੍ਰੀਤਮ ਸਿੰਘ ਚੱਕਪਖੀ ਨੇ ਦਸਿਆ ਕਿ ਸਾਡੀ ਕੋਸ਼ਿਸ਼ ਹੈ ਕਿ ਪੰਥ ਨੂੰ ਵੱਧ ਤੋਂ ਵੱਧ ਗੁਰਬਾਣੀ ਅਤੇ ਸਿੱਖੀ ਨਾਲ ਜੋੜਨ ਲਈ ਇਹ ਪ੍ਰੋਗਰਾਮ ਜਦੋ ਤਕ ਗੁਰੂ ਸਾਹਿਬ ਸੇਵਾ ਲੈਂਦੇ ਰਹਿਣਗੇ ਜਾਰੀ ਰੱਖੇ ਜਾਣਗੇ ।