ਨਵੀਂ ਦਿੱਲੀ - ਪਟੇਲ ਨਗਰ ਦੇ ਸਰਦਾਰ ਵੱਲਭ ਭਾਈ ਪਟੇਲ ਹਸਪਤਾਲ ਵਿੱਚ ਹਸਪਤਾਲ ਸਟਾਫ਼ ਡਾਕਟਰਾਂ, ਹਾਊਸਕੀਪਿੰਗ ਅਤੇ ਸੁਰੱਖਿਆ ਗਾਰਡਾਂ ਵੱਲੋਂ ਕੀਤੇ ਹਮਲੇ ਦਾ ਮਾਮਲਾ ਤੇਜ਼ ਹੁੰਦਾ ਜਾ ਰਿਹਾ ਹੈ। ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਣ ਤੇ ਤਿੰਨ ਨੌਜਵਾਨਾਂ ਰੂਪ ਸਿੰਘ ਗੁਸਾਈਂ, ਸ਼ੇਖਰ, ਦੀਪਕ ਖੱਤਰੀ 'ਤੇ ਹੋਏ ਬੇਰਹਿਮੀ ਭਰੇ ਹਮਲੇ ਦੇ ਮਾਮਲੇ ਬਾਰੇ ਨੈਸ਼ਨਲ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਕਿਹਾ, "ਇਹ ਬਹੁਤ ਦੁੱਖ ਦੀ ਗੱਲ ਹੈ ਕਿ 22 ਮਈ ਦੀ ਘਟਨਾ ਨੂੰ ਇੱਕ ਹਫ਼ਤੇ ਤੋਂ ਵੱਧ ਸਮਾਂ ਬੀਤ ਗਿਆ ਹੈ, ਪਰ ਪਟੇਲ ਨਗਰ ਪੁਲਿਸ ਸਟੇਸ਼ਨ ਵੱਲੋਂ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਕੋਈ ਐਫਆਈਆਰ ਦਰਜ ਕੀਤੀ ਗਈ ਹੈ"। ਇੰਝ ਲੱਗਦਾ ਹੈ ਕਿ ਪੁਲਿਸ ਅਤੇ ਹਸਪਤਾਲ ਦੀ ਮਿਲੀਭੁਗਤ ਨਾਲ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਮਾ ਨੇ ਕਿਹਾ ਕਿ ਨੈਸ਼ਨਲ ਅਕਾਲੀ ਦਲ ਅਤੇ ਵੱਖ-ਵੱਖ ਸਮਾਜਿਕ ਸੰਗਠਨ ਜੰਤਰ ਮੰਤਰ 'ਤੇ ਸਰਦਾਰ ਵੱਲਭ ਭਾਈ ਹਸਪਤਾਲ ਅਤੇ ਪਟੇਲ ਨਗਰ ਪੁਲਿਸ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਨਗੇ। ਇਸ ਮੌਕੇ ਰੂਪ ਸਿੰਘ ਗੁਸਾਈਂ ਨੇ ਦੱਸਿਆ ਕਿ ਉਹ ਕਿਸੇ ਦਾ ਇਲਾਜ ਕਰਵਾਉਣ ਲਈ ਹਸਪਤਾਲ ਗਿਆ ਸੀ ਅਤੇ ਝਗੜੇ ਤੋਂ ਬਾਅਦ ਹਸਪਤਾਲ ਦੇ ਸਟਾਫ਼ ਅਤੇ ਡਾਕਟਰਾਂ ਨੇ ਉਸਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਬੈਲਟਾਂ, ਲੱਤਾਂ, ਮੁੱਕਿਆਂ ਅਤੇ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ, ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਤਿੰਨੋਂ ਨੌਜਵਾਨਾਂ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਹਨ ਪਰ ਪੁਲਿਸ ਦੋਸ਼ੀ ਹਸਪਤਾਲ ਕਰਮਚਾਰੀਆਂ ਵਿਰੁੱਧ ਕੋਈ ਕਾਰਵਾਈ ਕਰਨ ਲਈ ਤਿਆਰ ਨਹੀਂ ਹੈ।