ਨਵੀਂ ਦਿੱਲੀ -ਕੈਨੇਡਾ ਦੇ ਸਰੀ ਖੇਤਰ ਵਿੱਚ ਦਿਨ-ਬ-ਦਿਨ ਵਿਗੜਦੀ ਅਮਨ ਕਾਨੂੰਨ ਦੀ ਹਾਲਤ ਵਿਚ ਉਦੋਂ ਇੱਕ ਹੋਰ ਅਧਿਆਇ ਜੁੜ ਗਿਆ ਜਦੋਂ ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ, ਸਕਾਟ ਰੋਡ ਦੇ ਸਾਬਕਾ ਪ੍ਰਧਾਨ ਰਘਬੀਰ ਸਿੰਘ ਨਿਝਰ ਦੇ ਟਰੱਕਿੰਗ ਕਾਰੋਬਾਰੀ ਦਫ਼ਤਰ ਅਤੇ ਵਾਹਨਾਂ 'ਤੇ ਅਣਪਛਾਤੇ ਅਨਸਰਾਂ ਨੇ ਗੋਲੀਬਾਰੀ ਕਰ ਦਿੱਤੀ। ਮਿਲੀਆਂ ਰਿਪੋਰਟਾਂ ਅਨੁਸਾਰ ਇਸ ਗੋਲੀਬਾਰੀ ਵਿੱਚ ਕਿਸੇ ਵੱਡੇ ਨੁਕਸਾਨ ਤੋਂ ਬਚਾਅ ਰਿਹਾ ਹੈ। ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਜਿਕਰਯੋਗ ਹੈ ਕਿ ਕੈਨੇਡਾ ਦੀ ਖੁਫੀਆ ਏਜੰਸੀਆਂ ਵਲੋਂ ਜਾਰੀ ਕੀਤੀ ਗਈ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੈਨੇਡਾ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਅਤੇ ਜਾਸੂਸੀ ਗਤੀਵਿਧੀਆਂ ਵਿਆਪਕ, ਸੂਝਵਾਨ ਅਤੇ ਨਿਰੰਤਰ ਜਾਰੀ ਹਨ। ਰਘਬੀਰ ਸਿੰਘ ਨਿਝਰ ਨੇ ਜਾਂਚ ਅਧਿਕਾਰੀਆਂ ਕੋਲ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਪਾਸੋਂ ਕੁਝ ਸਮੇਂ ਤੋਂ ਭਾਰਤੀ ਗੈਂਗਸਟਰ ਦੇ ਨਾਮ ਤੇ 5 ਲੱਖ ਡਾਲਰ ਦੀ ਫਰੌਤੀ ਮੰਗੀ ਜਾ ਰਹੀ ਸੀ ਤੇ ਨਾ ਦੇਣ ਤੇ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਜਿਕਰਯੋਗ ਹੈ ਕਿ ਸ. ਰਘਬੀਰ ਸਿੰਘ ਨਿਝਰ, ਮਰਹੂਮ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿਝਰ ਦੇ ਚਚੇਰੇ ਭਰਾ ਹਨ ਤੇ ਸਥਾਨਕ ਸਿੱਖ ਸਿਆਸਤ ਵਿਚ ਸਰਗਰਮ ਹਨ, ਕੁਝ ਅਰਸਾ ਪਹਿਲਾਂ ਇਨ੍ਹਾਂ ਦੀ ਰਿਹਾਇਸ਼ 'ਤੇ ਵੀ ਗੋਲੀਬਾਰੀ ਹੋ ਚੁੱਕੀ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਹਰਦੀਪ ਸਿੰਘ ਨਿਝਰ ਦਾ ਗੁਰਦੁਆਰੇ ਦੇ ਪ੍ਰਧਾਨ ਹੁੰਦਿਆਂ 2 ਵਰ੍ਹੇ ਪਹਿਲਾਂ 18 ਜੂਨ 2023 ਨੂੰ ਗੁਰਦੁਆਰੇ ਦੀ ਪਾਰਕਿੰਗ ਵਿਚ ਹੀ ਗੋਲੀਆਂ ਮਾਰਕੇ ਸ਼ਹੀਦ ਕਰ ਦਿੱਤਾ ਗਿਆ ਸੀ।