ਨਵੀਂ ਦਿੱਲੀ - ਦਿੱਲੀ ਕਮੇਟੀ ਦੇ ਨੌਜੁਆਨ ਮੈਂਬਰ ਅਤੇ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦੇ ਕੋ ਚੇਅਰਮੈਨ ਇੰਦਰਪ੍ਰੀਤ ਸਿੰਘ ਮੌਂਟੀ ਕੌਛੜ ਜੋ ਕਿ ਬੀਤੇ ਕਈ ਵਰਿਆਂ ਤੋਂ ਸਮਾਜ ਸੇਵਾ ਦੇ ਨਾਲ ਬੱਚਿਆਂ ਨੂੰ ਸਿੱਖੀ ਅਤੇ ਬਾਣੀ ਨਾਲ ਜੋੜਨ ਲਈ ਕਈ ਉਪਰਾਲੇ ਕਰਦੇ ਰਹਿੰਦੇ ਹਨ, ਵਲੋਂ ਬੀਤੇ ਮਹੀਨੇ ਸਕੂਲਾਂ ਦੀਆਂ ਛੁਟੀਆਂ ਅੰਦਰ ਵੈਸਟ ਜੋਨ ਅੰਦਰ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦੇ ਸਹਿਯੋਗ ਨਾਲ ਵੱਖ ਵੱਖ ਗੁਰਦੁਆਰਾ ਸਾਹਿਬਾਨਾਂ ਵਿਚ ਗੁਰਮਤਿ ਪ੍ਰਚਾਰ ਦੇ ਕੈਂਪ ਲਗਾਏ ਗਏ ਸਨ । ਇਸ ਬਾਰੇ ਜਾਣਕਾਰੀ ਦੇਂਦਿਆ ਉਨ੍ਹਾਂ ਦਸਿਆ ਕਿ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸੱਤ ਬਲਾਕ, ਗੁਰੂਦੁਆਰਾ ਜੈਅ ਸਿੰਘ ਸੁਭਾਸ਼ ਨਗਰ ਅਤੇ ਗੁਰੂਦੁਆਰਾ ਬੜੂ ਸਾਹਿਬ ਐਫ ਬਲਾਕ ਰਾਜੌਰੀ ਗਾਰਡਨ ਵਿਖ਼ੇ ਬੱਚਿਆਂ ਨੂੰ ਗੁਰਮਤਿ ਅਤੇ ਗੁਰਸਿੱਖੀ ਨਾਲ ਜੋੜਨ ਲਈ ਕੈਂਪ ਲਗਾਏ ਗਏ ਸਨ ਜਿਨ੍ਹਾਂ ਅੰਦਰ ਵਡੀ ਗਿਣਤੀ ਵਿਚ ਬੱਚਿਆਂ ਨੇ ਹਿੱਸਾ ਲਿਆ ਸੀ । ਇੰਨ੍ਹਾ ਕੈਪਾਂ ਵਿਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਣ ਲਈ ਬੀਤੇ ਦਿਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸੁਭਾਸ਼ ਨਗਰ ਵਿਖ਼ੇ ਇਕ ਵਿਸ਼ੇਸ਼ ਪ੍ਰੋਗਰਾਮ ਰੱਖਿਆ ਗਿਆ ਸੀ ਜਿਸ ਵਿਚ ਵੱਖ ਵੱਖ ਸ਼੍ਰੇਣੀਆਂ ਵਿਚ ਬੱਚਿਆਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦੀ ਹੌਸਲਾ ਅਫ਼ਜਾਈ ਕੀਤੀ ਗਈ ਸੀ । ਪ੍ਰੋਗਰਾਮ ਅੰਦਰ ਬੱਚਿਆਂ ਵਲੋਂ ਕੀਤੇ ਗਏ ਕੀਰਤਨ ਅਤੇ ਕਵਿਤਾਵਾਂ ਨਾਲ ਸੰਗਤਾਂ ਦਾ ਮਨ ਮੋਹ ਲਿਆ ਸੀ। ਇਸ ਮੌਕੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਅਤੇ ਕਥਾਵਾਚਕ ਡਾਕਟਰ ਮਨਪ੍ਰੀਤ ਸਿੰਘ ਨੇ ਵੀ ਵਿਸ਼ੇਸ਼ ਤੌਰ ਹਾਜ਼ਿਰੀ ਭਰੀ ਸੀ ਤੇ ਪ੍ਰਬੰਧਕ ਕਮੇਟੀ ਵਲੋਂ ਉਨ੍ਹਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਸੀ । ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਭੁਪਿੰਦਰ ਸਿੰਘ ਬੱਗਾ, ਮੋਹਨ ਸਿੰਘ ਰਾਜਵੰਸ਼ੀ ਅਤੇ ਪ੍ਰਿਤਪਾਲ ਸਿੰਘ ਦੇ ਨਾਲ ਸਮੂਹ ਕਮੇਟੀ ਮੈਂਬਰਾਂ ਨੇ ਭਰਪੂਰ ਸਹਿਯੋਗ ਦਿੱਤਾ ਸੀ ਜਿਸ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ ।