ਪੰਜਾਬ

ਸਿੱਖ ਸੰਸਥਾਵਾਂ, ਭਾਰਤ ਤੇ ਪੰਜਾਬ ਸਰਕਾਰਾਂ 23 ਜੁਲਾਈ ਨੂੰ ‘ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜੇ’ ਵਜੋਂ ਐਲਾਨਣ- ਜਥੇਦਾਰ ਗੜਗੱਜ

ਕੌਮੀ ਮਾਰਗ ਬਿਊਰੋ/ ਚਰਨਜੀਤ ਸਿੰਘ | July 23, 2025 09:20 PM


ਸ੍ਰੀ ਅੰਮ੍ਰਿਤਸਰ, - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ 23 ਜੁਲਾਈ 2025 ਨੂੰ ਕੈਨੇਡਾ ਦੀ ਧਰਤੀ ਤੋਂ ਜਬਰੀ ਵਾਪਸ ਮੋੜੇ ਗਏ ਗੁਰੂ ਨਾਨਕ ਜਹਾਜ਼ ਦੇ ਇਤਿਹਾਸ ਦੀ 111ਵੀਂ ਵਰ੍ਹੇਗੰਢ ਮੌਕੇ ਵਿਸ਼ੇਸ਼ ਸਨੇਹਾ ਜਾਰੀ ਕਰਕੇ ਸਮੂਹ ਸਿੱਖ ਸੰਸਥਾਵਾਂ, ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਆਖਿਆ ਕਿ 23 ਜੁਲਾਈ ਨੂੰ ‘ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜੇ’ ਵਜੋਂ ਐਲਾਨਿਆ ਜਾਵੇ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ 23 ਜੁਲਾਈ 1914 ਨੂੰ ਕੈਨੇਡਾ ਦੀ ਧਰਤੀ ਉੱਤੇ ਚੰਗੇ ਭਵਿੱਖ ਦੀ ਭਾਲ ਵਿੱਚ ਗ਼ਦਰੀ ਬਾਬੇ ਬਾਬਾ ਗੁਰਦਿੱਤ ਸਿੰਘ ਦੀ ਅਗਵਾਈ ਵਿੱਚ ਪਹੁੰਚੇ ਪੰਜਾਬੀਆਂ ਜਿਨ੍ਹਾਂ ਵਿੱਚ ਬਹੁ-ਗਿਣਤੀ ਸਿੱਖਾਂ ਦੀ ਸੀ, ਨੂੰ ਜਬਰੀ ਵਾਪਸ ਮੋੜ ਦਿੱਤਾ ਗਿਆ ਸੀ, ਜੋ ਕਿ ਮਨੁੱਖੀ ਅਧਿਕਾਰਾਂ ਦੀ ਵੱਡੀ ਉਲੰਘਣਾ ਸੀ।
ਉਨ੍ਹਾਂ ਕਿਹਾ ਕਿ ਕੈਨੇਡਾ ਦੀ ਧਰਤੀ ਉੱਤੇ ਸਰੀ ਅਤੇ ਵੈਨਕੂਵਰ ਵਿਖੇ ਇਸ ਘਟਨਾ ਨੂੰ ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜਾ ਵਜੋਂ ਸਰਕਾਰੀ ਤੌਰ ਉੱਤੇ ਮਾਨਤਾ ਦਿੱਤੀ ਗਈ ਹੈ ਜੋ ਕਿ ਇਤਿਹਾਸਕ ਸੱਚਾਈ ਨੂੰ ਸਵੀਕਾਰਨ ਵੱਲ ਇੱਕ ਵੱਡਾ ਕਦਮ ਹੈ। ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਮੌਕੇ 'ਤੇ ਸਰੀ ਸਿਟੀ ਕੌਂਸਲ ਕੈਨੇਡਾ ਵੱਲੋਂ 23 ਜੁਲਾਈ ਨੂੰ "ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜਾ" ਵਜੋਂ ਐਲਾਨ ਕਰਨਾ ਸਿੱਖ ਕੌਮ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਦਿਨ ਨਸਲਵਾਦ ਵਿਰੁੱਧ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਹੋਏ ਇੱਕ ਵਿਸ਼ਾਲ ਸੰਘਰਸ਼ ਦੀ ਯਾਦ ਤਾਜ਼ਾ ਕਰਦਾ ਹੈ, ਜਿਸ ਦੀ ਅਗਵਾਈ ਬਾਬਾ ਗੁਰਦਿੱਤ ਸਿੰਘ ਨੇ ਕੀਤੀ। ਬਾਬਾ ਗੁਰਦਿੱਤ ਸਿੰਘ ਨੇ 1914 ਵਿੱਚ ਗੁਰੂ ਨਾਨਕ ਸਟੀਮਸ਼ਿਪ ਕੰਪਨੀ ਦੀ ਸਥਾਪਨਾ ਕਰਕੇ, ਕਾਮਾਗਾਟਾ ਮਾਰੂ ਨਾਮਕ ਜਪਾਨੀ ਕੰਪਨੀ ਤੋਂ ਸਮੁੰਦਰੀ ਜਹਾਜ਼ ਕਿਰਾਏ ਉੱਤੇ ਲਿਆ, ਇਸ ਦਾ ਨਾਮ ਗੁਰੂ ਨਾਨਕ ਜਹਾਜ਼ ਰੱਖਿਆ ਅਤੇ ਕੈਨੇਡਾ ਦੇ ਉਸ ਸਮੇਂ ਦੇ ਨਸਲਵਾਦੀ ਕਾਨੂੰਨਾਂ ਨੂੰ ਚੁਣੌਤੀ ਦਿੱਤੀ।
ਜਥੇਦਾਰ ਗੜਗੱਜ ਨੇ ਕਿਹਾ ਕਿ ਇਤਿਹਾਸਕ ਸਰੋਤਾਂ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਹਾਂਗਕਾਂਗ ਤੋਂ ਕੈਨੇਡਾ ਤੱਕ ਦੀ ਇਸ ਯਾਤਰਾ ਦੌਰਾਨ ਜਹਾਜ਼ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼, ਸ੍ਰੀ ਅਖੰਡ ਪਾਠ ਸਾਹਿਬ, ਨਿਸ਼ਾਨ ਸਾਹਿਬ ਦੀ ਰੂਹਾਨੀ ਪ੍ਰੇਰਣਾ ਦੇ ਨਾਲ ਗੁਰੂ ਨਾਨਕ ਦੇ ਸਿਧਾਂਤਾਂ ਦੀ ਜੀਵੰਤ ਝਲਕ ਮਿਲਦੀ ਸੀ। ਇਸ ਜਹਾਜ਼ ਦੇ 377 ਮੁਸਾਫਰਾਂ ਵਿਚੋਂ 341 ਸਿੱਖ ਸਨ। ਉਨ੍ਹਾਂ ਕਿਹਾ ਕਿ ਦੁਖ ਦੀ ਗੱਲ ਇਹ ਹੈ ਕਿ ਭਾਰਤ ਵਿੱਚ ਅਜੇ ਵੀ ਇਤਿਹਾਸ ਦੀਆਂ ਕਿਤਾਬਾਂ ਵਿਚ ਇਸ ਜਹਾਜ਼ ਦੇ ਨਾਮ ਲਈ "ਕਾਮਾਗਾਟਾ ਮਾਰੂ" ਸ਼ਬਦ ਵਰਤਿਆ ਜਾਂਦਾ ਹੈ, ਜਦਕਿ ਸਿੱਖਾਂ ਵੱਲੋਂ ਜਹਾਜ਼ ਨੂੰ ਕਿਰਾਏ 'ਤੇ ਲੈ ਕੇ ਇਸ ਦਾ ਨਾਮ "ਗੁਰੂ ਨਾਨਕ ਜਹਾਜ਼" ਰੱਖਿਆ ਗਿਆ ਸੀ, ਜਿਸ ਦੀ ਪੁਸ਼ਟੀ ਬਾਬਾ ਗੁਰਦਿੱਤ ਸਿੰਘ ਦੀ ਪੁਸਤਕ 'ਗੁਰੂ ਨਾਨਕ ਜਹਾਜ਼' ਵਿੱਚ ਸਵੈ-ਲਿਖਤ ਰੂਪ ਵਿੱਚ ਮਿਲਦੀ ਹੈ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅਪੀਲ ਕੀਤੀ ਕਿ ਭਾਰਤ ਦੀਆਂ ਸਮੂਹ ਯੂਨੀਵਰਸਿਟੀਆਂ, ਵਿਦਿਅਕ ਅਦਾਰੇ ਅਤੇ ਗੁਰਦੁਆਰਾ ਪ੍ਰਬੰਧਕ ਸੰਸਥਾਵਾਂ ਇਸ ਘਟਨਾ ਨਾਲ ਜੁੜੇ ਇਤਿਹਾਸ ਨਾਲ ਨਿਆਂ ਕਰਦਿਆਂ ਗੁਰੂ ਨਾਨਕ ਜਹਾਜ਼ ਦੇ ਸਹੀ ਨਾਮ ਨੂੰ ਮਨਜ਼ੂਰੀ ਦੇਣ। ਉਨ੍ਹਾਂ ਕਿਹਾ ਕਿ ਅੱਜ ਜਿੱਥੇ ਕਿਤੇ ਵੀ ਪਾਠ ਪੁਸਤਕਾਂ ਅਤੇ ਸਿਲੇਬਸਾਂ ਦੇ ਵਿੱਚ ਇਸ ਜਹਾਜ਼ ਦਾ ਨਾਮ ਕਾਮਾਗਾਟਾ ਮਾਰੂ ਪੜ੍ਹਾਇਆ ਜਾਂਦਾ ਹੈ, ਉਸ ਦੀ ਥਾਂ ਗੁਰੂ ਨਾਨਕ ਜਹਾਜ਼ ਪੜ੍ਹਾਇਆ ਜਾਣਾ ਚਾਹੀਦਾ ਹੈ, ਜੋ ਕਿ ਇਤਿਹਾਸਕ ਪੱਖੋਂ ਸੱਚ ਅਤੇ ਨਿਆਂਪੂਰਨ ਹੋਵੇਗਾ। ਉਨ੍ਹਾਂ ਕਿਹਾ ਕਿ ਅਜਿਹੀ ਕੋਸ਼ਿਸ਼ ਸਾਡੇ ਇਤਿਹਾਸ ਦੀ ਸਹੀ ਪੇਸ਼ਕਸ਼ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਰੂਹਾਨੀ ਪ੍ਰੇਰਣਾ ਦਾ ਸਰੋਤ ਬਣੇਗੀ।
ਜਥੇਦਾਰ ਗੜਗੱਜ ਨੇ ਸਮੂਹ ਸਿੱਖ ਸੰਸਥਾਵਾਂ, ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਆਖਿਆ ਕਿ 23 ਜੁਲਾਈ ਨੂੰ ‘ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜੇ’ ਵਜੋਂ ਮਾਨਤਾ ਦੇ ਕੇ ਇਸ ਦਾ ਐਲਾਨ ਕਰਨਾ ਚਾਹੀਦਾ ਹੈ ਕਿਉਂਕਿ 20ਵੀਂ ਸਦੀ ਦੇ ਆਰੰਭ ਦੇ ਵਿੱਚ ਹੋਈ ਇਸ ਜਹਾਜ਼ ਨਾਲ ਸਬੰਧਤ ਘਟਨਾ ਨੇ ਦੇਸ਼ ਦੀ ਅਜ਼ਾਦੀ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਅਤੇ ਦੇਸ਼ ਦੇ ਲੋਕਾਂ ਨੂੰ ਜਾਗਰੂਕ ਕਰਕੇ ਅਜ਼ਾਦੀ ਦੀ ਲਹਿਰ ਨੂੰ ਹੋਰ ਤੇਜ਼ ਕੀਤਾ ਸੀ। ਉਨ੍ਹਾਂ ਕਿਹਾ ਕਿ ਅਜ਼ਾਦੀ ਦਿਵਾਉਣ ਵਾਲੇ ਮਹਾਨ ਨਾਇਕਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਣਾ ਚਾਹੀਦਾ ਹੈ ਅਤੇ ਇਸ ਵਿੱਚ ਬਾਬਾ ਗੁਰਦਿੱਤ ਸਿੰਘ ਨੇ ਵੀ ਵੱਡਾ ਯੋਗਦਾਨ ਪਾਇਆ। ਜਥੇਦਾਰ ਗੜਗੱਜ ਨੇ ਵੈਨਕੂਵਰ ਅਤੇ ਸਰੀ ਦੀਆਂ ਸਿਟੀ ਕੌਂਸਲਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਕਾਮਾਗਾਟਾ ਮਾਰੂ ਦੀ ਜਗ੍ਹਾ ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜੇ ਵਜੋਂ 23 ਜੁਲਾਈ ਨੂੰ ਮਾਨਤਾ ਦਿੱਤੀ ਹੈ। ਜਥੇਦਾਰ ਗੜਗੱਜ ਨੇ ਉਨ੍ਹਾਂ ਸਾਰੀਆਂ ਜਥੇਬੰਦੀਆਂ ਅਤੇ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਇਤਿਹਾਸ ਨੂੰ ਸਹੀ ਪੱਖੋਂ ਦਰਜ ਕਰਨ ਵਿੱਚ ਸੰਜੀਦਾ ਯਤਨ ਕੀਤੇ।

Have something to say? Post your comment

 
 
 

ਪੰਜਾਬ

ਮਾਨ ਸਰਕਾਰ ਦੇ ਜੀਵਨਜੋਤ 2.0 ਨੇ ਸਿਰਫ਼ ਇੱਕ ਹਫ਼ਤੇ ਵਿੱਚ 168 ਬਾਲ ਭਿਖਾਰੀਆਂ ਨੂੰ ਬਚਾਇਆ: ਡਾ. ਬਲਜੀਤ ਕੌਰ

ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿੱਚ ਬਾਬਾ ਸਾਹਿਬ ਸਿੰਘ ਕਲਾਧਾਰੀ ਦੀ 83ਵੀਂ ਬਰਸੀ 30 ਜੁਲਾਈ ਨੂੰ ਤਲਵੰਡੀ ਸਾਬੋ ਵਿਖੇ ਮਨਾਈ ਜਾਵੇਗੀ

ਭਗਵੰਤ ਸਿੰਘ ਮਾਨ ਵੱਲੋਂ ਬਠਿੰਡਾ ਵਿੱਚ 11 ਅਨਮੋਲ ਜ਼ਿੰਦਗੀਆਂ ਬਚਾਉਣ ਵਾਲੇ ਚਾਰ ਪੁਲਿਸ ਜਵਾਨਾਂ ਲਈ ‘ਮੁੱਖ ਮੰਤਰੀ ਰਕਸ਼ਕ ਪਦਕ’ ਦਾ ਐਲਾਨ

ਸ੍ਰੀ ਦਰਬਾਰ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਮਕੀ ਭਰੀਆਂ ਈ ਮੇਲ ਤੋ ਬਾਅਦ ਵੀ ਪੁਲੀਸ ਪ੍ਰਸ਼ਾਸ਼ਨ ਅਵੇਸਲਾ

ਮੁੱਖ ਮੰਤਰੀ ਨੇ ਵਾਤਾਵਰਨ ਮਾਹਿਰਾਂ ਦੀ ਕਮੇਟੀ ਨੂੰ ਬੱਗਾ ਕਲਾਂ ਤੇ ਅਖਾੜਾ ਸੀ.ਬੀ.ਜੀ. ਪਲਾਂਟਾਂ ਦੀ ਘੋਖ ਕਰਨ ਲਈ ਕਿਹਾ

ਪੰਜਾਬੀ ਗਾਇਕ ਬੀਰ ਸਿੰਘ ਨੇ ਗਲਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੀਤੀ ਖਿਮਾ ਜਾਚਨਾ

ਸ਼੍ਰੀਨਗਰ ਵਿਖੇ ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਦੇ 350 ਸਾਲਾ ਸ਼ਹੀਦੀ ਦਿਹਾੜੇ ਸਬੰਧੀ ਕਰਵਾਏ ਪ੍ਰੋਗਰਾਮ ਦਾ ਜਥੇਦਾਰ ਗੜਗੱਜ ਨੇ ਲਿਆ ਨੋਟਿਸ

ਗ਼ੈਰ-ਕਾਨੂੰਨੀ ਕਲੋਨੀਆਂ ਕੱਟ ਕੇ ਕਿਸਾਨਾਂ ਨੂੰ ਲੁੱਟਣ ਵਾਲਿਆਂ ਦੇ ਨਾਲ ਮਿਲੇ ਹਨ ਸੁਖਬੀਰ ਬਾਦਲ: ਅਮਨ ਅਰੋੜਾ

ਭਾਜਪਾ ਦਾ ਹਰ ਵਾਅਦਾ ਇਕ ਜੁਮਲਾ ਹੈ, ਦੇਸ਼ ਨੂੰ ਬਰਬਾਦੀ ਵੱਲ ਲੈ ਕੇ ਜਾ ਰਹੀ ਹੈ – ਭਗਵੰਤ ਮਾਨ

ਜਸਵੀਰ ਸਿੰਘ ਗੜ੍ਹੀ ਵੱਲੋਂ ਭਾਰਤੀ ਸਫ਼ੀਰ ਡਾ. ਮਦਨ ਮੋਹਨ ਸੇਠੀ ਨਾਲ ਮੁਲਾਕਾਤ